ਅੰਮ੍ਰਿਤਸਰ 'ਚ 14 ਸਾਲਾ ਲੜਕੀ ਨਾਲ ਬਲਾਤਕਾਰ, ਦੋਸ਼ੀ ਗ੍ਰਿਫਤਾਰ

11/02/2018 9:00:10 AM

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ 'ਚ 14 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਨੇ ਦਬਾਅ ਦੇ ਚੱਲਦਿਆਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਖੂਹ ਦੇ ਇਲਾਕੇ ਦੀ ਹੈ। ਇਕ 14 ਸਾਲਾ ਲੜਕੀ ਆਪਣੀ ਨਾਨੀ ਦੇ ਘਰ ਜਾ ਰਹੀ ਸੀ ਤਾਂ ਇਕ ਲੜਕਾ ਉਸ ਨੂੰ ਜ਼ਬਰਦਸਤੀ ਇਕ ਕਮਰੇ 'ਚ ਖਿੱਚ ਕੇ ਲੈ ਗਿਆ ਅਤੇ ਉਸ ਦੀ ਇੱਜ਼ਤ ਤਾਰ-ਤਾਰ ਕਰ ਛੱਡੀ। ਇਸ ਤੋਂ ਬਾਅਦ ਲੜਕੇ ਨੇ ਲੜਕੀ ਨੂੰ ਧਮਕਾਇਆ ਵੀ ਪਰ ਇਸ ਦੇ ਬਾਵਜੂਦ ਲੜਕੀ ਨੇ ਸਭ ਕੁਝ ਆਪਣੀ ਨਾਨੀ ਨੂੰ ਦੱਸ ਦਿੱਤਾ।

ਬਲਾਤਕਾਰ ਕਰਨ ਵਾਲਾ ਲੜਕਾ ਇਲਾਕੇ ਦੇ ਨਾਮੀ ਹਲਵਾਈ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਪੁਲਸ ਨੇ ਪੀੜਤਾ ਦੀ ਨਾਨੀ ਵਲੋਂ ਸ਼ਿਕਾਇਤ ਮਿਲਣ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਇਲਾਕੇ ਦੇ ਲੋਕ ਅੱਗੇ ਆਏ। ਇਸ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ 'ਚ ਆਵਾਜ਼ ਬੁਲੰਦ ਕੀਤੀ, ਜਿਸ ਤੋਂ ਬਾਅਦ ਲੜਕੀ ਦਾ ਮੈਡੀਕਲ ਕਰਾਇਆ ਗਿਆ ਅਤੇ ਪੁਲਸ ਨੂੰ ਦਬਾਅ ਦੇ ਚੱਲਦਿਆਂ ਮਾਮਲੇ ਸਬੰਧੀ ਕਾਰਵਾਈ ਕਰਨੀ ਪਈ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ 2 ਨੌਜਵਾਨ ਸ਼ੱਕ ਦੇ ਘੇਰੇ 'ਚ ਹਨ, ਜਿਨ੍ਹਾਂ ਸੰਬਧੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਨੇ ਇਕ ਦੋਸ਼ੀ 'ਤੇ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਮਿਸ਼ਨ ਪੁਲਸ ਦੀ ਜਾਂਚ ਤੋਂ ਖੁਸ਼ ਨਹੀਂ ਹੈ ਪਰ ਇਸ ਮਾਮਲੇ 'ਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਭਾਵੇਂ ਜਿੰਨੀ ਮਰਜ਼ੀ ਉੱਚੀ ਪਹੁੰਚ ਰੱਖਦਾ ਹੋਵੇ, ਉਸ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ।


Related News