'ਪੰਜਾਬ' ਹੋਇਆ ਸ਼ਰਮਸਾਰ, 3 ਮਹੀਨਿਆਂ 'ਚ ਵਾਪਰੀਆਂ 'ਜਬਰ-ਜ਼ਿਨਾਹ' ਦੀਆਂ ਵਾਰਦਾਤਾਂ ਨੇ ਖੜ੍ਹੇ ਕੀਤੇ ਰੌਂਗਟੇ

Friday, Apr 02, 2021 - 11:30 AM (IST)

'ਪੰਜਾਬ' ਹੋਇਆ ਸ਼ਰਮਸਾਰ, 3 ਮਹੀਨਿਆਂ 'ਚ ਵਾਪਰੀਆਂ 'ਜਬਰ-ਜ਼ਿਨਾਹ' ਦੀਆਂ ਵਾਰਦਾਤਾਂ ਨੇ ਖੜ੍ਹੇ ਕੀਤੇ ਰੌਂਗਟੇ

ਚੰਡੀਗੜ੍ਹ (ਵੈੱਬ ਡੈਸਕ) : ਪੰਜਾਬ 'ਚ ਜਬਰ-ਜ਼ਿਨਾਹ ਜਿਹੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਭਾਵੇਂ ਹੀ ਸਖ਼ਤ ਕਾਨੂੰਨ ਬਣੇ ਹੋਏ ਹਨ ਪਰ ਕਿਤੇ ਨਾ ਕਿਤੇ ਇਨ੍ਹਾਂ ਕਾਨੂੰਨਾਂ ਦੀ ਸਹੀ ਪਾਲਣਾ ਨਹੀਂ ਹੋ ਰਹੀ, ਜਿਸ ਕਾਰਨ ਜਬਰ-ਜ਼ਿਨਾਹ ਦੇ ਮਾਮਲੇ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣੇ ਰਹਿੰਦੇ ਹਨ। ਕਲਯੁਗ ਦੇ ਅਜੋਕੇ ਸਮੇਂ ਦੌਰਾਨ ਨਿੱਤ ਦਿਨ ਅਜਿਹੀਆਂ ਕਈ ਘਟਨਾਵਾਂ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ। ਪੰਜਾਬ 'ਚ ਬੀਤੇ 3 ਮਹੀਨਿਆਂ ਦੌਰਾਨ ਜਬਰ-ਜ਼ਿਨਾਹ ਦੀਆਂ ਵਾਰਦਾਤਾਂ ਵੱਡੀ ਗਿਣਤੀ 'ਚ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸੂਬੇ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਮਾਮਲਿਆਂ ਨੂੰ ਜਾਣ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਕਿਤੇ ਹਵਸ ਦੇ ਭੇੜੀਆਂ ਨੇ ਆਪਣੀ ਹਵਸ ਮਿਟਾਉਣ ਲਈ ਮਾਸੂਮ ਬੱਚੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਕਿਤੇ ਅਜਿਹੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇ ਕੇ ਪੀੜਤਾਂ ਦਾ ਕਤਲ ਹੀ ਕਰ ਦਿੱਤਾ ਗਿਆ। ਆਓ ਜਾਣਦੇ ਹਾਂ, ਬੀਤੇ 3 ਮਹੀਨਿਆਂ ਦੌਰਾਨ ਵਾਪਰੀਆਂ ਜਬਰ-ਜ਼ਿਨਾਹ ਦੀਆਂ ਘਟਨਾਵਾਂ ਬਾਰੇ-

ਇਹ ਵੀ ਪੜ੍ਹੋ : ਸਮਰਾਲਾ 'ਚ ਵਾਪਰੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਘਟਨਾ, ਚੱਲਦੀ ਟਰੇਨ 'ਚੋਂ ਬਾਹਰ ਡਿਗੀ ਮਾਸੂਮ ਬੱਚੀ (ਤਸਵੀਰਾਂ)
ਜਨਵਰੀ ਮਹੀਨੇ 'ਚ ਵਾਪਰੀਆਂ 'ਜਬਰ-ਜ਼ਿਨਾਹ' ਦੀਆਂ ਵਾਰਦਾਤਾਂ
ਵਿਆਹੁਤਾ ਬੱਚਿਆਂ ਦੇ ਪਿਓ ਨੇ ਨਾਬਾਲਗਾ ਨੂੰ ਬਣਾਇਆ ਸ਼ਿਕਾਰ (ਲੰਬੀ/ਮਲੋਟ) : ਲੰਬੀ ਥਾਣੇ ਦੀ ਚੌਂਕੀ ਭਾਈ ਕਾ ਕੇਰਾ ਅਧੀਨ ਆਉਂਦੇ ਇਕ ਪਿੰਡ 'ਚ ਤਿੰਨ ਵਿਆਹੁਤਾ ਬੱਚਿਆਂ ਦੇ 50 ਸਾਲਾ ਪਿਓ ਨੇ ਆਪਣੀ ਨਾਬਾਲਗ ਧੀ ਨਾਲ ਹਵਸ ਦੀ ਭੁੱਖ ਮਿਟਾਈ। ਮੁਲਜ਼ਮ ਦੀ ਪਤਨੀ ਕਈ ਸਾਲਾਂ ਤੋਂ ਉਸ ਨੂੰ ਛੱਡ ਕੇ ਚਲੀ ਗਈ ਸੀ, ਜਦੋਂ ਕਿ ਉਸ ਦੇ 2 ਪੁੱਤਰ ਤੇ ਇਕ ਧੀ ਵਿਆਹੇ ਹੋਏ ਹਨ। ਪੁਲਸ ਵੱਲੋਂ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ।
ਮਾਸੂਮ ਨਾਲ ਜਬਰ-ਜ਼ਿਨਾਹ ਮਗਰੋਂ ਕਤਲ (ਜਲੰਧਰ) : ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਇਕ ਪਿੰਡ 'ਚ ਰਹਿੰਦੇ 25 ਸਾਲਾ ਪਰਵਾਸੀ ਮਜ਼ਦੂਰ ਨੇ 6-7 ਸਾਲਾਂ ਦੀ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਕੀਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਮਾਸੂਮ ਬੱਚੀ ਦਾ ਗਲਾ ਘੁੱਟ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਗੰਨੇ ਦੇ ਖੇਤ 'ਚ ਸੁੱਟ ਕੇ ਫ਼ਰਾਰ ਹੋ ਗਿਆ।
ਚਚੇਰੀ ਭੈਣ ਨਾਲ ਤਾਏ ਦੇ ਮੁੰਡੇ ਨੇ ਮਿਟਾਈ ਹਵਸ (ਅੰਮ੍ਰਿਤਸਰ) : ਆਪਣੀ 7 ਸਾਲਾ ਚਚੇਰੀ ਭੈਣ ਨਾਲ ਤਾਏ ਦੇ ਮੁੰਡੇ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ। ਬੱਚੀ ਨੇ ਜਦੋਂ ਇਸ ਦਾ ਖ਼ੁਲਾਸਾ ਆਪਣੇ ਰਿਸ਼ਤੇਦਾਰ ਕੋਲ ਕੀਤਾ ਤਾਂ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਫ਼ੌਜੀ ਦੀ ਬਜ਼ੁਰਗ ਮਾਂ ਨਾਲ ਜਬਰ-ਜ਼ਿਨਾਹ (ਖੰਨਾ) : ਖੰਨਾ ਅਧੀਨ ਪੈਂਦੇ ਇਕ ਪਿੰਡ 'ਚ ਘਰ 'ਚ ਰਹਿੰਦੀ ਫ਼ੌਜੀ ਦੀ ਬਜ਼ੁਰਗ ਮਾਂ ਨਾਲ ਜਬਰ-ਜ਼ਿਨਾਹ ਵਰਗੀ ਸ਼ਰਮਾਨਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਕਥਿਤ ਦੋਸ਼ੀ ਵੱਲੋਂ ਉਸ ਵੇਲੇ ਇਹ ਕਾਰਾ ਕੀਤਾ ਗਿਆ, ਜਦੋਂ ਬਜ਼ੁਰਗ ਬੀਬੀ ਘਰ 'ਚ ਇਕੱਲੀ ਸੀ, ਜਿਸ ਮਗਰੋਂ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਨੌਕਰੀ ਦੇ ਬਹਾਨੇ ਕੁੜੀ ਦੀ ਇੱਜ਼ਤ ਕੀਤੀ ਤਾਰ-ਤਾਰ (ਦੀਨਾਨਗਰ) : ਦੀਨਾਨਗਰ ਵਿਖੇ ਨੌਕਰੀ ਦਾ ਝਾਂਸਾ ਦੇ ਕੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਪੀੜਤਾ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਘਰ 'ਚ ਆਮਦਨ ਦਾ ਕੋਈ ਸਾਧਨ ਨਹੀਂ ਸੀ, ਜਿਸ ਕਾਰਨ ਪੀੜਤ ਉਕਤ ਦੋਸ਼ੀ ਕੋਲ ਨੌਕਰੀ ਲਈ ਗਈ ਪਰ ਉਸ ਨੇ ਪੀੜਤਾ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ।

ਇਹ ਵੀ ਪੜ੍ਹੋ : ਸਰਕਾਰੀ ਬੱਸਾਂ 'ਚ ਮੁਫ਼ਤ ਸਫਰ ਮਗਰੋਂ ਕੈਪਟਨ ਦਾ 'ਬੀਬੀਆਂ' ਲਈ ਇਕ ਹੋਰ ਵੱਡਾ ਐਲਾਨ
ਫਰਵਰੀ 'ਚ ਸਾਹਮਣੇ ਆਏ 'ਜਬਰ-ਜ਼ਿਨਾਹ' ਦੇ ਮਾਮਲੇ
ਫੁੱਫੜ ਨੇ ਭਤੀਜੀ ਨਾਲ ਮਿਟਾਈ ਹਵਸ (ਲੁਧਿਆਣਾ) : ਇੱਥੇ 2 ਬੱਚਿਆਂ ਦੇ ਪਿਤਾ ਨੇ ਆਪਣੀ ਭਤੀਜੀ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਵਰਗਲਾ ਕੇ ਉਸ ਨੂੰ ਹਿਮਾਚਲ ਲੈ ਲਿਆ। ਇਸ ਮਗਰੋਂ ਉਸ ਨੇ ਭਤੀਜੀ ਨਾਲ ਜਬਰ-ਜ਼ਿਨਾਹ ਕਰਕੇ ਉਸ ਨੂੰ ਗਰਭਵਤੀ ਕਰ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਫ਼ਰਾਰ ਹੋ ਗਿਆ।
ਮਾਮੇ ਨੇ ਨਾਬਾਲਗ ਭਣੇਂਵੀ ਨਾਲ ਕੀਤਾ ਜਬਰ-ਜ਼ਿਨਾਹ (ਤਰਨਤਾਰਨ) : ਤਰਨਤਾਰਨ ਦੇ ਇਕ ਪਿੰਡ ਵਿਖੇ ਰਿਸ਼ਤੇਦਾਰੀ 'ਚ ਮਾਮਾ ਲੱਗਦੇ ਵਿਅਕਤੀ ਨੇ ਨਾਬਾਲਗ ਭਣੇਂਵੀ ਨਾਲ ਜਬਰ-ਜ਼ਿਨਾਹ ਕੀਤਾ। ਉਸ ਨੇ ਪਹਿਲਾਂ ਨਾਬਾਲਗ ਭਣੇਂਵੀ ਨੂੰ ਪ੍ਰੇਮ ਜਾਲ 'ਚ ਫਸਾਇਆ ਤੇ ਫਿਰ ਪਿੰਡ ਬ੍ਰਹਮਪੁਰਾ ਲਿਜਾ ਕੇ ਉਸ ਨਾਲ ਜ਼ਬਰਦਸਤੀ ਕੀਤੀ।
ਮੰਦਬੁੱਧੀ ਕੁੜੀ ਗੁਆਂਢੀ ਦੀ ਹਵਸ ਦਾ ਬਣੀ ਸ਼ਿਕਾਰ (ਅੰਮ੍ਰਿਤਸਰ) : ਇੱਥੇ ਅਜਨਾਲਾ ਵਿਖੇ ਇਕ ਮੰਦਬੁੱਧੀ ਕੁੜੀ ਨਾਲ ਗੁਆਂਢੀ ਨੌਜਵਾਨ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ। ਪੁਲਸ ਵੱਲੋਂ ਦੋਸ਼ੀ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ।
ਮਾਮੇ ਨੇ ਭਾਣਜੀ ਨਾਲ ਮਿਟਾਈ ਹਵਸ (ਮਾਛੀਵਾੜਾ ਸਾਹਿਬ) : ਮਾਛੀਵਾੜਾ ਦੇ ਨੇੜਲੇ ਪਿੰਡ ਵਿਖੇ ਕੁੜੀ ਨੂੰ ਰਿਸ਼ਤੇ 'ਚ ਲੱਗਦਾ ਮਾਮਾ ਭਜਾ ਕੇ ਲੈ ਗਿਆ ਅਤੇ ਕਰੀਬ 2 ਮਹੀਨਿਆਂ ਤੱਕ ਉਸ ਨਾਲ ਹਵਸ ਦੀ ਭੁੱਖ ਮਿਟਾਉਂਦਾ ਰਿਹਾ। ਕਿਸੇ ਤਰ੍ਹਾਂ ਕੁੜੀ ਉਸ ਦੇ ਚੁੰਗਲ 'ਚੋਂ ਛੁੱਟ ਕੇ ਆਪਣੇ ਘਰ ਪੁੱਜੀ ਅਤੇ ਸਾਰੀ ਹੱਡ-ਬੀਤੀ ਦੱਸੀ।
LKG 'ਚ ਪੜ੍ਹਦੀ ਬੱਚੀ ਨਾਲ ਸਕੇ ਭਰਾ ਵੱਲੋਂ ਜਬਰ-ਜ਼ਿਨਾਹ (ਲੁਧਿਆਣਾ) : ਇੱਥੋਂ ਦੇ ਇਕ ਨਿੱਜੀ ਸਕੂਲ 'ਚ ਐਲ. ਕੇ. ਜੀ. 'ਚ ਪੜ੍ਹਦੀ ਵਿਦਿਆਰਥਣ ਨਾਲ ਉਸ ਦੇ ਸਕੇ ਭਰਾ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ। ਇਸ ਮਗਰੋਂ ਪੁਲਸ ਵੱਲੋਂ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਦਿਓਰ ਦੀ ਹਵਸ ਦਾ ਸ਼ਿਕਾਰ ਬਣੀ ਭਰਜਾਈ (ਰਾਜਪੁਰਾ) : ਇੱਥੋਂ ਦੇ ਪਿੰਡ ਅਜਰੌਰ ਵਿਖੇ ਇਕ ਦਿਓਰ ਵੱਲੋਂ ਆਪਣੀ ਭਰਜਾਈ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ, ਜਿਸ ਤੋਂ ਬਾਅਦ ਥਾਣਾ ਖੇੜੀ ਗੰਡਿਆਂ ਦੀ ਪੁਲਸ ਨੇ ਦਿਓਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਜ਼ਰੂਰੀ ਖ਼ਬਰ, 'ਬਦਲੀਆਂ' ਸਬੰਧੀ ਵਾਇਰਲ ਪੱਤਰ ਦਾ ਇਹ ਹੈ ਅਸਲ ਸੱਚ

ਮਾਰਚ 'ਚ ਵਾਪਰੀਆਂ 'ਜਬਰ-ਜ਼ਿਨਾਹ' ਦੀਆਂ ਵਾਰਦਾਤਾਂ
ਪਿਤਾ ਨੇ ਨਾਬਾਲਗ ਧੀ ਨਾਲ ਕੀਤਾ ਮੂੰਹ ਕਾਲਾ (ਬਠਿੰਡਾ) : ਇੱਥੇ ਇਕ ਪਿਤਾ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਵਰਗੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਿਤਾ ਦੀ ਧੱਕੇਸ਼ਾਹੀ ਤੋਂ ਡਰਦੀ ਕੁੜੀ ਆਪਣੇ ਦੋਸਤ ਨਾਲ ਘਰੋਂ ਭੱਜ ਗਈ, ਜਿਸ ਦੀ ਬਰਾਮਦਗੀ 'ਤੇ ਇਹ ਸੱਚਾਈ ਸਾਹਮਣੇ ਆਈ ਤਾਂ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ।
ਆਸ਼ਰਮ 'ਚ ਬੁਲਾ ਕੇ ਜਬਰ-ਜ਼ਿਨਾਹ ਕਰਨ ਮਗਰੋਂ ਕੁੜੀ ਦਾ ਕਤਲ (ਲੁਧਿਆਣਾ) : ਇੱਥੇ 22 ਸਾਲਾਂ ਦੀ ਗ੍ਰੇਜੂਏਟ ਕੁੜੀ ਨੂੰ ਨੌਕਰੀ ਲੱਗਣ ਦੇ ਉਪਾਅ ਕਰਵਾਉਣ ਬਹਾਨੇ ਆਸ਼ਰਮ 'ਚ ਬੁਲਾ ਕੇ ਬਾਬੇ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫਿਰ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਮਗਰੋਂ ਬਾਬੇ ਨੇ ਕੁੜੀ ਦੀ ਲਾਸ਼ ਪਲਾਸਟਿਕ ਦੀ ਬੋਰੀ 'ਚ ਪਾ ਕੇ ਖੇਤਾਂ 'ਚ ਸੁੱਟ ਦਿੱਤੀ, ਜਿਸ ਮਗਰੋਂ ਪੁਲਸ ਵੱਲੋਂ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬਜ਼ੁਰਗ ਬੀਬੀ ਨਾਲ ਰਿਸ਼ਤੇਦਾਰ ਨੇ ਕੀਤਾ ਜਬਰ-ਜ਼ਿਨਾਹ (ਤਲਵੰਡੀ ਸਾਬੋ) : ਇੱਥੋਂ ਦੇ ਇਕ ਪਿੰਡ ਵਿਖੇ  72 ਸਾਲਾ ਬਜ਼ੁਰਗ ਬੀਬੀ ਨਾਲ ਰਿਸ਼ਤੇਦਾਰ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ। ਉਹ ਇਕ ਭੋਗ ਸਮਾਗਮ 'ਚ ਗਈ ਸੀ, ਜਿੱਥੇ ਉਸ ਨੂੰ ਇਕੱਲੀ ਦੇਖ ਕੇ ਦੋਸ਼ੀ ਨੇ ਮੌਕੇ ਦਾ ਫ਼ਾਇਦਾ ਚੁੱਕ ਲਿਆ।
ਸਕੇ ਭਰਾ ਨੇ ਨਾਬਾਲਗ ਭੈਣ ਨੂੰ ਕੀਤਾ ਗਰਭਵਤੀ (ਪਟਿਆਲਾ) : ਇੱਥੇ ਥਾਣਾ ਅਰਬਨ ਸਟੇਟ ਅਧੀਨ ਪੈਂਦੀ ਇਕ ਕਾਲੋਨੀ 'ਚ ਸਕੇ ਭਰਾ ਵੱਲੋਂ ਨਾਬਾਲਗ ਭੈਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਇਸ ਤੋਂ ਬਾਅਦ ਪੀੜਤਾ ਗਰਭਵਤੀ ਹੋ ਗਈ। ਇਸ ਘਟਨਾ ਬਾਰੇ ਜਾਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।
14 ਸਾਲਾ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ (ਮੋਹਾਲੀ) : ਇੱਥੇ ਮਟੌਰ ਪੁਲਸ ਨੇ 14 ਸਾਲਾਂ ਦੀ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੀੜਤ ਕੁੜੀ ਉੱਤਰਾਖੰਡ ਦੀ ਰਹਿਣ ਵਾਲੀ ਹੈ, ਜੋ ਮੋਹਾਲੀ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ।

ਇਹ ਵੀ ਪੜ੍ਹੋ : ਖਰੜ ਰਹਿੰਦੀ ਗਰਲਫਰੈਂਡ ਨੂੰ ਮਿਲਣ ਲਈ 16 ਸਾਲਾਂ ਦੇ ਮੁੰਡੇ ਨੇ ਜੋ ਕਾਰਾ ਕੀਤਾ, ਸੁਣ ਰਹਿ ਜਾਵੋਗੇ ਹੈਰਾਨ

7 ਸਾਲਾ ਮਾਸੂਮ ਨਾਲ ਜਬਰ-ਜ਼ਿਨਾਹ ਮਗਰੋਂ ਜ਼ਾਲਮਾਨਾ ਹਰਕਤ (ਸੁਲਤਾਨਪੁਰ ਲੋਧੀ) : ਇੱਥੇ ਪਿੰਡ ਹੁਸੈਨਪੁਰ ਦੇ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ 'ਚ ਰਹਿੰਦੀ ਇਕ 7 ਸਾਲਾਂ ਦੀ ਮਾਸੂਮ ਬੱਚੀ ਨਾਲ ਬਿਸਕੁਟ ਦੇਣ ਦੇ ਬਹਾਨੇ ਜਬਰ-ਜ਼ਿਨਾਹ ਕੀਤਾ ਗਿਆ। ਮੁਲਜ਼ਮ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਬੱਚੀ ਦੇ ਪ੍ਰਾਈਵੇਟ ਪਾਰਟ 'ਚ ਲੱਕੜ ਦਾ ਡੰਡਾ ਪਾ ਦਿੱਤਾ। ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
11 ਸਾਲਾਂ ਦੀ ਮਾਸੂਮ ਨਾਲ ਸਮੂਹਿਕ ਜਬਰ-ਜ਼ਿਨਾਹ (ਤਰਨਤਾਰਨ) : ਇੱਥੋਂ ਦੇ ਇਕ ਪਿੰਡ ਵਿਖੇ ਕਰਿਆਨੇ ਦੀ ਦੁਕਾਨ ਤੋਂ ਚੀਜ਼ ਲੈਣ ਗਈ 11 ਸਾਲਾਂ ਦੀ ਮਾਸੂਮ ਕੁੜੀ ਨਾਲ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਦੁਕਾਨਦਾਰ ਨਾਲ ਮਿਲ ਕੇ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ।

ਪਿਸਤੌਲ ਦੀ ਨੌਕ 'ਤੇ ਜਬਰ-ਜ਼ਿਨਾਹ (ਮੰਡੀ ਗੋਬਿੰਦਗੜ੍ਹ) : ਇੱਥੇ ਇਕ ਮੁਟਿਆਰ ਨਾਲ ਪਿਸਤੌਲ ਦੀ ਨੋਕ 'ਤੇ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਪੰਮਾ ਵਾਸੀ ਪਿੰਡ ਭਾਦਲਾ, ਖੰਨਾ, ਗੋਲਡੀ ਗੇਲ, ਅਸ਼ਵਨੀ ਵਰਮਾ, ਮੰਗਾ ਸਿੰਘ ਅਤੇ ਰਜਿੰਦਰ ਸਿੰਘ ਵਜੋਂ ਹੋਈ। ਦੋਸ਼ੀਆਂ ਨੇ ਪਿਸਤੌਲ ਦੀ ਨੋਕ 'ਤੇ ਪੀੜਤਾ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਹ ਕਾਂਡ ਕਰਨ ਮਗਰੋਂ ਦੋਸ਼ੀ ਫ਼ਰਾਰ ਹੋ ਗਏ।
ਦਰਗਾਹ ਦੇ ਸੇਵਾਦਾਰ ਵੱਲੋਂ ਨਾਬਾਲਗ ਨਾਲ ਦਰਿੰਦਗੀ (ਅੰਮ੍ਰਿਤਸਰ) : ਅੰਮ੍ਰਿਤਸਰ ਦੀ ਇਕ ਦਰਗਾਹ 'ਤੇ ਸੇਵਾ ਕਰਨ ਵਾਲੇ 40 ਸਾਲਾ ਬਾਬੇ ਵੱਲੋਂ ਇਕ 14 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਪੀੜਤਾ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ। ਦਰਗਾਹ 'ਤੇ ਸੇਵਾ ਕਰਨ ਵਲੇ ਬਾਬੇ ਨੇ ਚੰਗੀ ਪੜ੍ਹਾਈ ਕਰਵਾਉਣ ਦਾ ਲਾਲਚ ਦੇ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ। ਪੁਲਸ ਵੱਲੋਂ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬਾਬੇ ਨੇ ਡੇਰੇ 'ਚ ਨਾਬਾਲਗ ਨਾਲ ਮਿਟਾਈ ਹਵਸ (ਮਾਛੀਵਾੜਾ ਸਾਹਿਬ) : ਮਾਛੀਵਾੜਾ ਅਧੀਨ ਪੈਂਦੇ ਪਿੰਡ ਬਹਿਲੋਲਪੁਰ ਨੇੜੇ ਇਕ ਧਾਰਮਿਕ ਡੇਰੇ ਦੇ ਬਾਬੇ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕੀਤਾ। ਬਾਬਾ ਸੇਵਾ ਕਰਨ ਬਦਲੇ ਕੁੜੀ ਅਤੇ ਉਸ ਦੇ ਪਰਿਵਾਰ ਨੂੰ 10 ਰੁਪਏ ਦਿੰਦਾ ਸੀ। ਜਦੋਂ ਕੁੜੀ ਇਕ ਦਿਨ ਸੇਵਾ ਕਰਨ ਗਈ ਤਾਂ ਬਾਬੇ ਨੇ ਉਸ ਨੂੰ ਸ਼ਾਮ ਨੂੰ 10 ਰੁਪਏ ਲਿਜਾਣ ਲਈ ਕਿਹਾ। ਜਦੋਂ ਉਹ ਡੇਰੇ ਪੁੱਜੀ ਤਾਂ ਬਾਬੇ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ।
ਨੋਟ : ਪੰਜਾਬ 'ਚ ਲਗਾਤਾਰ ਵਾਪਰ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ


author

Babita

Content Editor

Related News