ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ

Tuesday, Feb 06, 2024 - 02:10 PM (IST)

ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਚੰਡੀਗੜ੍ਹ ਰੋਡ ਨਿਵਾਸੀ ਰਾਜਪਾਲ ਨੂੰ ਪੋਕਸੋ ਐਕਟ ਦੀ ਧਾਰਾ-6 ਤਹਿਤ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਨੂੰ ਅਜਿਹੇ ਘਿਨੌਣੇ ਅਪਰਾਧ ਲਈ 1 ਲੱਖ ਰੁਪਏ ਭਰਨ ਦਾ ਵੀ ਹੁਕਮ ਦਿੱਤਾ। ਵਸੂਲੀ ਗਈ ਜੁਰਮਾਨਾ ਰਾਸ਼ੀ ਪੀੜਤ ਲੜਕੀ ਨੂੰ ਮੁਆਵਜ਼ੇ ਵਜੋਂ ਭੁਗਤਾਨ ਕੀਤੀ ਜਾਵੇਗੀ। ਇਲਜ਼ਾਮਾਤ ਧਿਰ ਮੁਤਾਬਕ 14 ਨਵੰਬਰ 2022 ਨੂੰ ਮੁਲਜ਼ਮ ਰਾਜਪਾਲ ਨਿਵਾਸੀ ਚੰਡੀਗੜ੍ਹ ਰੋਡ, ਲੁਧਿਆਣਾ ਖਿਲਾਫ ਆਈ. ਪੀ. ਸੀ. ਦੀ ਧਾਰਾ 376 ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਥਾਣਾ ਡਵੀਜ਼ਨ ਨੰਬਰ-7 ’ਚ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਸਮਰਾਲਾ ਚੌਂਕ ਕੋਲ ਹਰਚਰਨ ਨਗਰ ’ਚ ਹੈਲਪਿੰਗ ਹੈਂਡ ਫਾਊਂਡੇਸ਼ਨ ਤੋਂ ਇਕ ਸੰਸਥਾ ਚਲਾ ਰਿਹਾ ਹੈ।

ਇਸ ਸੰਸਥਾ ਦਾ ਕੰਮ ਬੇਰੁਜ਼ਗਾਰਾਂ ਅਤੇ ਬੇਸਹਾਰਾ ਬੱਚਿਆਂ ਦੀ ਭਲਾਈ ਕਰਨਾ ਹੈ। ਇਹ ਔਰਤਾਂ ਨੂੰ ਇਲਾਜ ਅਤੇ ਕੱਪੜੇ ਆਦਿ ਵੰਡਣ ਲਈ ਹੈ। ਘਟਨਾ ਵਾਲੇ ਦਿਨ ਜਦੋਂ ਉਹ ਲੁਧਿਆਣਾ ’ਚ ਚੰਡੀਗੜ੍ਹ ਰੋਡ ’ਤੇ ਵਿਸ਼ਾਲ ਮੈਗਾਮਾਰਟ ਕੋਲ ਫੁੱਟਪਾਥ ’ਤੇ ਰਹਿਣ ਵਾਲੇ ਇੱਥੇ ਗਰੀਬ ਪਰਿਵਾਰ ਨੂੰ ਦਵਾਈਆਂ ਅਤੇ ਕੱਪੜੇ ਵੰਡਣ ਗਏ ਸਨ। ਕਰੀਬ 2.30 ਵਜੇ ਦਾ ਸਮਾਂ ਸੀ। ਵਿਸ਼ਾਲ ਮੈਗਾਮਾਰਟ ਕੋਲ ਝੁੱਗੀ ਬਸਤੀ ਨਿਵਾਸੀ ਕਰੀਬ 11 ਸਾਲ ਦੀ ਕੁੜੀ ਨੇ ਦੱਸਿਆ ਕਿ ਮੁਲਜ਼ਮ ਇਕ-ਦੋ ਦਿਨ ਬਾਅਦ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ ਹੈ ਅਤੇ ਬਹੁਤ ਪਰੇਸ਼ਾਨ ਕਰਦਾ ਹੈ। ਕੁੱਝ ਦਿਨ ਪਹਿਲਾਂ ਉਸ ਨੇ ਉਸ ਨੂੰ ਜ਼ਬਰਦਸਤੀ ਨਸ਼ੀਲੀ ਗੋਲੀ ਖੁਆ ਦਿੱਤੀ ਅਤੇ ਰਾਤ ਨੂੰ ਉਸ ਨਾਲ ਸਰੀਰਕ ਸਬੰਧ ਬਣਾਏ।

ਉਹ ਦਰਦ ਨਾਲ ਤੜਫਦੀ ਰਹੀ ਪਰ ਮੁਲਜ਼ਮ ਨੇ ਉਸ ਨੂੰ ਨਹੀਂ ਛੱਡਿਆ। ਇਹ ਸੁਣਨ ਤੋਂ ਬਾਅਦ ਸ਼ਿਕਾਇਤਕਰਤਾ ਆਪਣੀ ਟੀਮ ਦੇ ਮੈਂਬਰਾਂ ਨਾਲ ਪੀੜਤ ਕੁੜੀ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਸ ਥਾਣੇ ਗਿਆ। ਉਕਤ ਬਿਆਨ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਬਾਅਦ ’ਚ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਦਾਲਤ ਨੇ ਮੁਲਜ਼ਮ ਵੱਲੋਂ ਕੀਤੀ ਗਈ ਨਰਮੀ ਦੀ ਦਲੀਲ ਨੂੰ ਰੱਦ ਕਰ ਦਿੱਤਾ ਅਤੇ 20 ਸਾਲ ਜੇਲ ਦੀ ਸਜ਼ਾ ਅਤੇ ਜੁਰਮਾਨਾ ਵੀ ਲਗਾਇਆ।


author

Babita

Content Editor

Related News