ਨਾਬਾਲਿਗ ਨਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਬਰੀ

01/18/2018 12:00:36 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਦੀ ਅਦਾਲਤ ਨੇ ਨਾਬਾਲਿਗ ਨਾਲ ਬਲਾਤਕਾਰ ਦੇ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋਸ਼ੀ ਨੂੰ ਸਬੂਤਾਂ ਅਤੇ ਗਵਾਹਾਂ ਦੀ ਕਮੀ 'ਚ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ। ਥਾਨਾ ਲੰਬੀ ਪੁਲਸ ਨੇ ਉਕਤ ਮਾਮਲਾ 18 ਜਨਵਰੀ 2016 ਨੂੰ ਦਰਜ ਕੀਤਾ ਸੀ। ਪੁਲਸ ਕੋਲ ਦਰਜ ਮਾਮਲੇ ਦੇ ਅਨੁਸਾਰ ਪਿੰਡ ਮਾਨ ਨਿਵਾਸੀ ਪੀੜਤ ਦੇ ਪਿਤਾ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸਦੇ ਅਨੁਸਾਰ ਉਸਦੀ ਪੰਜਵੀਂ ਪਾਸ ਲੜਕੀ ਸਿਲਾਈ ਕਢਾਈ ਦਾ ਕੰਮ ਸਿੱਖ ਰਹੀ ਸੀ। ਉਨ੍ਹਾਂ ਦੇ ਰਿਸ਼ਤੇਦਾਰ ਪੱਪੂ ਦੇ ਨਾਲ ਬਠਿੰਡਾ ਨਿਵਾਸੀ ਸ਼ੰਭੂ ਊਰਫ਼ ਅਮਨ ਦਾ ਉਨ੍ਹਾਂ ਦੇ ਘਰ 'ਤੇ ਆਉਣਾ ਜਾਣਾ ਸੀ। ਉਸਨੇ ਦੋਸ਼ ਲਗਾਇਆ ਕਿ 16 ਜਨਵਰੀ ਨੂੰ ਉਹ ਕਿਸੇ ਕੰਮ ਤੋਂ ਕਾਲਝਰਾਨੀ ਗਿਆ ਹੋਇਆ ਸੀ ਅਤੇ ਸਵੇਰੇ ਕਰੀਬ ਸਾਢੇ 10 ਵਜੇ ਜਦ ਉਹ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਦੀ ਫਿਰਨੀ ਵਾਲੇ ਮੋੜ 'ਤੇ ਉਸਨੇ ਦੇਖਿਆ ਕਿ ਸ਼ੰਭੂ ਉਸਦੀ ਲੜਕੀ ਨੂੰ ਮੋਟਰਸਾਇਕਲ 'ਤੇ ਕਿਤੇ ਲਿਜਾ ਰਿਹਾ ਸੀ। ਉਸਦੇ ਅਨੁਸਾਰ ਉਹਨਾਂ ਨੇ ਕਾਫ਼ੀ ਤਲਾਸ਼ ਕੀਤੀ ਪਰ ਉਕਤ ਦੋਨਾਂ ਦਾ ਕਿਤੇ ਪਤਾ ਨਹੀਂ ਚੱਲ ਸਕਿਆ ਅਤੇ ਸ਼ੰਭੂ ਉਸਦੀ ਪੁੱਤਰੀ ਨੂੰ ਵਿਆਹ ਦਾ ਝਾਂਸਾ ਦੇ ਕੇ ਕਿਤੇ ਭਜਾ ਲੈ ਗਿਆ ਹੈ। ਪੁਲਸ ਨੇ ਬਲਾਤਕਾਰ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਐਡਵੋਕੇਟ ਕੁਲਜਿੰਦਰ ਬਰਾੜ ਤੇ ਮਨਪ੍ਰੀਤ ਰੰਧਾਵਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਸਬੂਤਾਂ ਅਤੇ ਗਵਾਹਾਂ ਦੀ ਕਮੀ ਦੇ ਚਲਦਿਆ ਬਰੀ ਕਰਨ ਦਾ ਆਦੇਸ਼ ਦਿੱਤਾ ਹੈ।


Related News