ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਅਕਾਲ ਤਖਤ ਦੇ ਜਥੇਦਾਰ ਨੂੰ ਬਹਿਸ ਦਾ ਸੱਦਾ

Monday, Feb 24, 2020 - 11:10 PM (IST)

ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਅਕਾਲ ਤਖਤ ਦੇ ਜਥੇਦਾਰ ਨੂੰ ਬਹਿਸ ਦਾ ਸੱਦਾ

ਜਲੰਧਰ,(ਕਮਲੇਸ਼)– ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੀ ਇਕ ਇੰਟਰਵਿਊ 'ਚ ਜਿਥੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਟੀ. ਵੀ. 'ਤੇ ਆਹਮੋ-ਸਾਹਮਣੇ ਦੀ ਬਹਿਸ ਦਾ ਸੱਦਾ ਦਿੱਤਾ ਹੈ। ਉਥੇ ਹੀ ਅਮਰੀਕ ਸਿੰਘ ਅਜਨਾਲਾ ਤੇ ਧੁੰਮਾ ਨੂੰ ਬਹਿਸ ਲਈ ਲਲਕਾਰਿਆ ਹੈ। ਢੱਡਰੀਆਂ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਇਸ ਬਹਿਸ 'ਚ ਕੋਈ ਵੀ ਜਿੰਨੇ ਮਰਜ਼ੀ ਸਵਾਲ ਪੁੱਛੇ, ਉਹ ਜਵਾਬ ਦੇਣਗੇ ਅਤੇ ਉਹ ਵੀ ਆਪਣੇ ਸਵਾਲਾਂ ਦਾ ਜਵਾਬ ਚਾਹੁੰਣਗੇ। ਉਨ੍ਹਾਂ ਨੇ ਕਿਹਾ ਕਿ ਜਗ੍ਹਾ ਵੀ ਉਹ ਲੋਕ ਹੀ ਤੈਅ ਕਰ ਲੈਣ ਅਤੇ ਭਾਵੇਂ ਆਪਣੇ ਹੋਰ ਸਹਿਯੋਗੀਆਂ ਨੂੰ ਵੀ ਇਸ ਬਹਿਸ 'ਚ ਸ਼ਾਮਲ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਅਕਾਲ ਤਖਤ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਭਾਰਤ ਅਤੇ ਵਿਦੇਸ਼ਾਂ 'ਚ ਰਹਿ ਰਹੇ ਸਿੱਖਾਂ ਦੀ ਸ਼ਿਕਾਇਤ ਆਈ ਸੀ ਕਿ ਢੱਡਰੀਆਂ ਵਾਲਾ ਆਪਣੇ ਧਾਰਮਿਕ ਪ੍ਰਵਚਨਾਂ 'ਚ ਗੁਰਮਤਿ ਵਿਚਾਰਧਾਰਾ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਇਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਕਮੇਟੀ ਦਾ ਗਠਨ ਕੀਤਾ ਸੀ ਪਰ ਢੱਡਰੀਆਂਵਾਲਾ ਇਸ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ। ਕਮੇਟੀ ਦੇ ਸਾਹਮਣੇ ਪੇਸ਼ ਨਾ ਹੋਣ ਨੂੰ ਲੈ ਕੇ ਢੱਡਰੀਆਂਵਾਲਾ ਨੇ ਕਿਹਾ ਕਿ ਇਸ ਸਾਰੇ ਮਾਮਲੇ 'ਚ ਜਥੇਦਾਰ ਅਤੇ ਕਮੇਟੀ ਦਾ ਰਵੱਈਆ ਨਿਰਪੱਖ ਨਹੀਂ ਲੱਗ ਰਿਹਾ ਹੈ ਅਤੇ ਇਹੀ ਕਾਰਣ ਹੈ ਕਿ 5 ਮੈਂਬਰੀ ਕਮੇਟੀ ਨਾਲ ਮਿਲਣ ਦੀ ਬਜਾਏ ਸਿੱਧੇ ਜਥੇਦਾਰ ਨਾਲ ਮਿਲਣਾ ਚਾਹੁੰਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਇਹ ਵੀ ਦੋਸ਼ ਲਾਏ ਗਏ ਸਨ ਕਿ ਉਹ ਬਹਿਸ ਤੋਂ ਭੱਜ ਰਹੇ ਹਨ ਪਰ ਅਜਿਹਾ ਕੁਝ ਵੀ ਨਹੀਂ ਹੈ, ਉਹ ਚਾਹੁੰਦੇ ਹਨ ਕਿ ਇਹ ਬਹਿਸ ਟੀ. ਵੀ. 'ਤੇ ਲਾਈਵ ਹੋਵੇ ਤਾਂ ਕਿ ਇਕ ਵਾਰ 'ਚ ਹੀ ਸਭ ਦੇ ਸਾਹਮਣੇ ਸੱਚ ਆ ਜਾਵੇ ਅਤੇ ਉਹ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ।


Related News