ਰਾਣਾ ਸਿੱਧੂ ਕਤਲ ਕਾਂਡ ''ਚ ਸੰਪਤ ਨਹਿਰਾ ਦਾ ਰਿਮਾਂਡ ਖ਼ਤਮ, 25 ਤੱਕ ਭੇਜਿਆ ਨਿਆਇਕ ਹਿਰਾਸਤ ''ਚ
Saturday, Dec 12, 2020 - 04:43 PM (IST)
ਮਲੋਟ (ਜੁਨੇਜਾ) : ਸਦਰ ਮਲੋਟ ਪੁਲਸ ਨੇ ਰਾਣਾ ਸਿੱਧੂ ਕਤਲ ਮਾਮਲੇ 'ਚ ਪੁੱਛਗਿੱਛ ਲਈ ਲਿਆਂਦੇ ਗੈਂਗਸਟਰ ਸੰਪਤ ਨਹਿਰਾ ਦਾ ਦੋ ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋ ਗਿਆ ਹੈ। ਅਦਾਲਤ ਨੇ ਸੰਪਤ ਨਹਿਰਾ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਲੋਟ ਨੇੜੇ ਪਿੰਡ ਔਲਖ ਵਿਖੇ 22 ਅਕਤੂਬਰ ਨੂੰ ਅੰਨੇਵਾਹ ਗੋਲੀਆਂ ਮਾਰ ਕੇ ਕਤਲ ਕੀਤੇ ਰਣਜੀਤ ਸਿੰਘ ਰਾਣਾ ਸਿੱਧੂ ਮਾਮਲੇ ਵਿਚ ਪੁਲਸ ਨੇ ਹੁਸ਼ਿਆਰਪੁਜ ਜੇਲ ਵਿਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਲਾਂਰੈਸ ਬਿਸ਼ਨੋਈ ਗਿਰੋਹ ਦੇ ਨਜ਼ਦੀਕੀ ਸੰਪਤ ਨਹਿਰਾ ਨੂੰ 10 ਦਸੰਬਰ ਨੂੰ ਮਾਨਯੋਗ ਜੱਜ ਸ਼ਿਵਾਨੀ ਸੰਗਰ ਦੀ ਅਦਾਲਤ ਵਿਚ ਪੇਸ਼ ਕੀਤਾ ਸੀ। ਜਿਥੇ ਅਦਾਲਤ ਨੇ ਪੁਲਸ ਨੂੰ ਦੋ ਦਿਨਾਂ ਦਾ ਰਿਮਾਂਡ ਦਿੱਤਾ ਸੀ । ਅੱਜ ਰਿਮਾਂਡ ਖ਼ਤਮ ਹੋਣ 'ਤੇ ਪੁਲਸ ਨੇ ਮੁਲਜ਼ਮ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਸੰਪਤ ਨੂੰ 25 ਦਸੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਮੁਲਜ਼ਮ ਦੇ ਵਕੀਲ ਸਤਨਾਮ ਸਿੰਘ ਧੀਮਾਨ ਦਾ ਕਹਿਣਾ ਹੈ ਅੱਜ ਪੁਲਸ ਨੇ ਰਿਮਾਂਡ ਦੀ ਮੰਗ ਹੀ ਨਹੀਂ ਕੀਤੀ ਜਿਸ ਤੋਂ ਬਾਅਦ ਅਦਾਲਤ ਨੇ ਉਸਦਾ ਪੁਲਸ ਰਿਮਾਂਡ ਖ਼ਤਮ ਕਰਕੇ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਇਸ ਸਬੰਧੀ ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਦਾ ਪੁਲਸ ਰਿਮਾਂਡ ਖ਼ਤਮ ਹੋ ਗਿਆ ਹੈ ਅਤੇ ਬਾਕੀ ਜਾਂਚ ਅਜੇ ਜਾਰੀ ਹੈ।
ਅੱਧੀ ਦਰਜਨ ਤੋਂ ਵੱਧ ਗਿਣਤੀ ਹੈ ਇਸ ਕਤਲ ਦੇ ਦੋਸ਼ੀਆਂ ਦੀ
ਇਸ ਮਾਮਲੇ ਸਬੰਧੀ ਪੁਲਸ ਨੇ ਭਾਵੇਂ ਅਧਿਕਾਰਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਇਸ ਮਾਮਲੇ ਨੂੰ ਹੱਲ ਕਰਨ ਦੇ ਨੇੜੇ ਹੈ। ਇਸ ਮਾਮਲੇ ਵਿਚ ਪੁਲਸ ਜਿਥੇ ਜੇਲ ਵਿਚ ਬੰਦ ਲਾਂਰੈਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਏਗੀ, ਉਥੇ ਹੀ ਕਤਲ ਦੀ ਵਾਰਦਾਤ ਵਾਲੇ ਦੋ ਸ਼ਾਰਪ ਸ਼ੂਟਰਾਂ ਸਮੇਤ ਚਾਰ ਮੁਲਜ਼ਮਾਂ ਦੀ ਸ਼ਨਾਖਤ ਕਰ ਚੁੱਕੀ ਹੈ। ਇਸ ਸਬੰਧੀ ਸੀ. ਆਈ. ਏ. ਦੇ ਇੰਚਾਰਜ ਇੰਸਪੈਕਟਰ ਸੁਖਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਜਲਦੀ ਇਸ ਮਾਮਲੇ ਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੱਤਰਕਾਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦੇਵੇਗੀ।