ਰਾਣਾ ਗੁਰਜੀਤ ਤੇ ਰਾਜਾ ਵੜਿੰਗ ਦੇ ਮਹਿਕਮੇ ਨੂੰ ਲੈ ਕੇ ਵਿਭਾਗਾਂ ਦੀ ਵੰਡ ’ਚ ਫਸਿਆ ਪੇਚ
Monday, Sep 27, 2021 - 10:07 PM (IST)
ਪਟਿਆਲਾ(ਰਾਜੇਸ਼ ਪੰਜੌਲਾ)- ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਵੀਂ ਬਣੀ ਪੰਜਾਬ ਸਰਕਾਰ ਲਗਾਤਾਰ ਉਲਝਦੀ ਦਿਖਾਈ ਦੇ ਰਹੀ ਹੈ। ਪਹਿਲਾਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਅਤੇ ਫਿਰ ਮੰਤਰੀਆਂ ਦੇ ਨਾਮ ਫਾਈਨਲ ਕਰਨ ਮੌਕੇ ਕਈ ਵਾਰ ਕਾਂਗਰਸ ਨੂੰ ਆਪਣੇ ਫੈਸਲੇ ਬਦਲਣੇ ਪਏ, ਜਿਸ ਕਰਕੇ ਕਾਂਗਰਸ ਦੀ ਕਿਰਕਿਰੀ ਵੀ ਹੋ ਰਹੀ ਹੈ। ਹੁਣ ਮੰਤਰੀਮੰਡਲ ਦਾ ਗਠਨ ਹੋ ਗਿਆ ਹੈ। ਆਮ ਤੌਰ ’ਤੇ ਸਹੁੰ ਚੁੱਕਣ ਤੋਂ ਕੁੱਝ ਘੰਟੇ ਬਾਅਦ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਜਾਂਦੀ ਹੈ। ਸਭ ਨੂੰ ਉਮੀਦ ਸੀ ਕਿ ਐਤਵਾਰ ਨੂੰ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਵਿਭਾਗਾਂ ਦੀ ਵੰਡ ਦੀ ਲਿਸਟ ਜਾਰੀ ਹੋ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ। ਸੂਤਰਾਂ ਅਨੁਸਾਰ ਕੈਬਨਿਟ ਵਿਚ ਸ਼ਾਮਲ ਕੀਤੇ ਗਏ ਰਾਣਾ ਗੁਰਜੀਤ ਸਿੰਘ ਦੇ ਵਿਭਾਗ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ।
ਇਹ ਵੀ ਪੜ੍ਹੋ- ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਦਿੱਲੀ ਜਾ ਰਹੇ ਕਿਸਾਨਾਂ ਨੇ ਰਸਤੇ ’ਚ ਦਿੱਤਾ ਜਾਮ
ਰਾਣਾ ਗੁਰਜੀਤ ਸਿੰਘ ਜਿਸ ਕਾਰੋਬਾਰ ਨਾਲ ਜੁੜੇ ਹੋਏ ਹਨ, ਉਸ ਨਾਲ ਸਬੰਧਤ ਵਿਭਾਗ ਉਨ੍ਹਾਂ ਨੂੰ ਨਹੀਂ ਦਿੱਤਾ ਜਾ ਸਕਦਾ। ਐਕਸਾਈਜ਼ ਐਂਡ ਟੈਕਸੇਸ਼ਨ, ਫੂਡ ਸਪਲਾਈ, ਸਿੰਚਾਈ ਅਤੇ ਮਾਈਨਿੰਗ ਵਿਭਾਗਾਂ ’ਤੇ ਉਨ੍ਹਾਂ ਦੀ ਅੱਖ ਹੈ ਪਰ ਉਨ੍ਹਾਂ ਨੂੰ ਇਹ ਵਿਭਾਗ ਦਿੱਤੇ ਜਾਂਦੇ ਹਨ ਤਾਂ 100 ਦਿਨਾਂ ਵਾਲੀ ਇਸ ਸਰਕਾਰ ਵਿਚ ਵੱਡਾ ਵਿਵਾਦ ਖੜ੍ਹਾ ਹੋ ਜਾਵੇਗਾ ਅਤੇ ਵਿਰੋਧੀ ਧਿਰ ਨੂੰ ਮੁੱਦਾ ਮਿਲ ਜਾਵੇਗਾ, ਜਿਸ ਕਰਕੇ ਉਨ੍ਹਾਂ ਨੂੰ ਕਿਹੜੇ ਵਿਭਾਗ ਦਿੱਤੇ ਜਾਣ, ਇਸ ਬਾਰੇ ਕਾਫੀ ਮੰਥਨ ਹੋ ਰਿਹਾ ਹੈ। ਇਸੇ ਤਰ੍ਹਾਂ ਟਰਾਂਸਪੋਰਟ ਵਿਭਾਗ ਨੂੰ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਪੇਚ ਫਸਿਆ ਹੋਇਆ ਹੈ। ਸੂਤਰਾਂ ਅਨੁਸਾਰ ਵੜਿੰਗ ਟਰਾਂਸਪੋਰਟ ਵਿਭਾਗ ਚਾਹੁੰਦੇ ਹਨ ਤਾਂ ਜੋ ਪੰਜਾਬ ਵਿਚ ਬਿਨਾਂ ਪਰਮਿਟਾਂ ਤੋਂ ਚੱਲ ਰਹੀਆਂ ਨਜਾਇਜ਼ ਬੱਸਾਂ ’ਤੇ ਉਹ ਕਾਰਵਾਈ ਕਰ ਸਕਣ। ਅਜਿਹਾ ਕਰਕੇ ਉਹ ਸਿੱਧਾ ਬਾਦਲ ਪਰਿਵਾਰ ’ਤੇ ਹਮਲਾ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ ਪ੍ਰਬੰਧਕੀ ਸਕੱਤਰਾਂ ਨੂੰ ਸੂਬੇ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ ਖਾਕਾ ਤਿਆਰ ਕਰਨ ਦੇ ਹੁਕਮ
ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਟਰਾਂਸਪੋਰਟ ਵਿਭਾਗ ਰਾਜਾ ਵੜਿੰਗ ਨੂੰ ਮਿਲੇ। ਜਿਹੜੇ ਪੁਰਾਣੇ ਮੰਤਰੀ ਕੈਬਨਿਟ ਵਿਚ ਆਏ ਹਨ, ਉਹ ਸਮੁੱਚੇ ਮੰਤਰੀ ਆਪਣੇ ਪੁਰਾਣੇ ਵਿਭਾਗ ਹੀ ਚਾਹੁੰਦੇ ਹਨ ਜਦੋਂ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਦੇ ਨਾਲ ਨਾਲ ਗ੍ਰਹਿ ਅਤੇ ਵਿਜੀਲੈਂਸ ਵਿਭਾਗ ਮੰਗ ਰਹੇ ਹਨ ਜਦੋਂ ਕਿ ਦੂਜੇ ਉਪ ਮੁੱਖ ਮੰਤਰੀ ਓ. ਪੀ. ਸੋਨੀ ਲੋਕਲ ਬਾਡੀਜ਼ ਵਿਭਾਗ ਦੀ ਮੰਗ ਕਰ ਰਹੇ ਹਨ। ਮੁੱਖ ਮੰਤਰੀ ਦੀ ਰਿਸ਼ਤੇਦਾਰ ਅਤੇ ਕੈਬਨਿਟ ਮੰਤਰੀ ਅਰੁਨਾ ਚੌਧਰੀ ਦੀ ਵੀ ਅੱਖ ਲੋਕਲ ਬਾਡੀਜ਼ ਵਿਭਾਗ ’ਤੇ ਹੈ। ਉਨ੍ਹਾਂ ਦੇ ਪਤੀ ਅਸ਼ੋਕ ਚੌਧਰੀ ਲੋਕਲ ਬਾਡੀਜ਼ ਵਿਭਾਗ ਤੋਂ ਰਿਟਾਇਰ ਹੋਏ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਦੇ ਭਰਾ ਮਨਮੋਹਨ ਸਿੰਘ ਲੋਕਲ ਬਾਡੀਜ਼ ਵਿਚੋਂ ਹੀ ਚੀਫ ਇੰਜੀਨੀਅਰ ਦੇ ਤੌਰ ’ਤੇ ਰਿਟਾਇਰ ਹੋਏ ਹਨ, ਜਿਸ ਕਰਕੇ ਮਨਮੋਹਨ ਸਿੰਘ ਅਤੇ ਅਰੁਨਾ ਚੌਧਰੀ ਚਾਹੁੰਦੇ ਹਨ ਕਿ ਲੋਕਲ ਬਾਡੀਜ਼ ਵਿਭਾਗ ਚੌਧਰੀ ਪਰਿਵਾਰ ਕੋਲ ਰਹੇ ਜਦੋਂ ਕਿ ਪੁਰਾਣੇ ਮੰਤਰੀ ਆਪਣੇ ਪੁਰਾਣੇ ਵਿਭਾਗ ਚਾਹੁੰਦੇ ਹਨ ਤਾਂ ਕਿ ਉਹ ਚੱਲ ਰਹੀਆਂ ਯੋਜਨਾਵਾਂ ਨੂੰ ਸਿਰੇ ਚੜ੍ਹਾ ਸਕਣ। ਕੁੱਲ ਮਿਲਾ ਕੇ ਕੈਬਨਿਟ ਮੰਤਰੀ ਦਾ ਨਾਂ ਫਾਈਨਲ ਕਰਨ ਵਾਂਗ ਹੁਣ ਮੁੱਖ ਮੰਤਰੀ ਚੰਨੀ ਲਈ ਵਿਭਾਗਾਂ ਦੀ ਵੰਡ ਦੀ ਪੇਚੀਦਾ ਬਣ ਚੁੱਕੀ ਹੈ। ਦਿੱਲੀ ਹਾਈਕਮਾਂਡ ਤੋਂ ਮੋਹਰ ਲਗਵਾਉਣ ਤੋਂ ਬਾਅਦ ਹੀ ਹੁਣ ਨਵੇਂ ਮੰਤਰੀ ਨੂੰ ਵਿਭਾਗਾਂ ਦੀ ਵੰਡ ਹੋ ਸਕੇਗੀ।