ਅਯੁੱਧਿਆ ''ਚ ਭਗਵਾਨ ਰਾਮ ਦਾ ਮੰਦਰ ਬਣਨਾ ਹੀ ਚਾਹੀਦੈ : ਸੁਨੀਲ ਸ਼ਾਸਤਰੀ

11/14/2017 6:54:50 AM

ਹੁਸ਼ਿਆਰਪੁਰ  (ਘੁੰਮਣ) - ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦਾ ਮੁੱਦਾ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ, ਇਸ ਲਈ ਉੱਥੇ ਭਗਵਾਨ ਰਾਮ ਦਾ ਮੰਦਰ ਬਣਨਾ ਹੀ ਚਾਹੀਦਾ ਹੈ। ਉਕਤ ਵਿਚਾਰ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਸਵ. ਲਾਲ ਬਹਾਦਰ ਸ਼ਾਸਤਰੀ ਦੇ ਬੇਟੇ ਸੁਨੀਲ ਸ਼ਾਸਤਰੀ ਨੇ ਸਾਬਕਾ ਸੰਸਦ ਮੈਂਬਰ ਕਮਲ ਚੌਧਰੀ ਦੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਨਿਕਲਣਾ ਚਾਹੀਦਾ ਹੈ। ਜੇਕਰ ਕਿਸੇ ਕਾਰਨ ਇਸ ਮਸਲੇ ਦਾ ਹੱਲ ਨਿਕਲ ਜਾਂਦਾ ਹੈ ਅਤੇ ਸਾਰੇ ਪੱਖ ਸਹਿਮਤ ਹੋ ਜਾਂਦੇ ਹਨ ਤਾਂ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਇਕ ਪ੍ਰਸ਼ਨ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਧਾਰਾ 370 ਸਮਾਪਤ ਹੋਣੀ ਚਾਹੀਦੀ ਹੈ। ਕਸ਼ਮੀਰ 'ਚੋਂ ਹਿਜਰਤ ਕਰ ਗਏ ਪੰਡਿਤਾਂ ਨੂੰ ਫਿਰ ਤੋਂ ਉੱਥੇ ਵਸਾਉਣ ਲਈ ਉਚਿਤ ਕਦਮ ਚੁੱਕਣੇ ਚਾਹੀਦੇ ਹਨ।
ਸ਼ਾਸਤਰੀ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਇਕ ਅੰਗ ਹੈ ਅਤੇ ਇਸ ਨੂੰ ਕੋਈ ਵੀ ਭਾਰਤ ਤੋਂ ਵੱਖ ਨਹੀਂ ਕਰ ਸਕਦਾ। ਜੋ ਲੋਕ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦੇ ਹਨ, ਉਹ ਸਿਰਫ ਦੇਸ਼ ਨੂੰ ਭੁਲੇਖੇ 'ਚ ਪਾ ਕੇ ਆਪਣੀ ਰਾਜਨੀਤੀ ਚਮਕਾਉਣ ਦਾ ਯਤਨ ਕਰ ਰਹੇ ਹਨ। ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਬਣਾਈ ਰੱਖਣ ਲਈ ਆਪਣਾ ਬਲੀਦਾਨ ਦਿੱਤਾ, ਸਾਨੂੰ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਤੋਂ ਚੱਲ ਕੇ ਹੁਸ਼ਿਆਰਪੁਰ ਇਸ ਲਈ ਆਏ ਤਾਂ ਕਿ ਉਹ ਦੇਸ਼ ਦੇ ਮਹਾਨ ਸਪੂਤ ਚੌਧਰੀ ਬਲਬੀਰ ਸਿੰਘ ਨੂੰ ਉਨ੍ਹਾਂ ਦੇ 100ਵੇਂ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਟ ਕਰ ਸਕਣ।  ਇਸ ਮੌਕੇ ਡਿਫੈਂਸ ਕਮੇਟੀ ਦੇ ਸਾਬਕਾ ਚੇਅਰਮੈਨ ਕਮਲ ਚੌਧਰੀ, ਰਵੀ ਚੌਧਰੀ, ਕੁਸਮ ਚੌਧਰੀ, ਰਜਨੀ ਚੌਧਰੀ, ਐੱਲ. ਆਰ. ਨਈਅਰ, ਬਿਕਰਮ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।


Related News