ਰੈਲੀਆਂ 'ਚ ਪਹੁੰਚ ਕੇ ਲੋਕਾਂ ਨੇ ਦਿੱਤਾ ਪੂਰਾ ਸਮਰਥਨ: ਹਰਸਿਮਰਤ ਕੌਰ ਬਾਦਲ

Friday, Oct 12, 2018 - 03:15 PM (IST)

ਬਠਿੰਡਾ(ਅਮਿਤ)— ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੇ ਗਰਲਜ਼ ਸਕੂਲ ਪਹੁੰਚੇ। ਇੱਥੇ ਉਨ੍ਹਾਂ ਨੇ ਸਕੂਲ ਵਿਚ ਆਰ. ਓ. ਲਈ ਡੇਢ ਲੱਖ ਦੀ ਗ੍ਰਾਂਟ ਦਿੱਤੀ ਅਤੇ ਬਠਿੰਡਾ ਦੇ ਖੇਤੀਬਾੜੀ ਵਿਗਿਆਨ ਕੇਂਦਰ ਦਾ ਦੌਰਾ ਵੀ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਚ ਕਿਸੇ ਤਰ੍ਹਾਂ ਦੀ ਕੋਈ ਵੀ ਗੜਬੜੀ ਨਹੀਂ ਹੈ। ਅਕਾਲੀ ਦਲ ਨੂੰ ਰੈਲੀਆਂ ਵਿਚ ਭਰਪੂਰ ਸਮਰਥਨ ਮਿਲਿਆ ਹੈ। ਲੋਕਾਂ ਵਿਚ ਉਨ੍ਹਾਂ ਪ੍ਰਤੀ ਕੋਈ ਗੁੱਸਾ ਨਹੀਂ ਹੈ, ਕਿਉਂਕਿ ਅਕਾਲੀ ਦਲ ਦੀਆਂ ਜਿੰਨੀਆਂ ਵੀ ਰੈਲੀਆਂ ਹੋਈਆਂ ਹਨ, ਉਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ ਹੈ। ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਰਿਪੋਰਟ ਫਰਜ਼ੀ ਹੈ, ਇਸ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਿਰੋਧੀ ਐਸ.ਜੀ.ਪੀ.ਸੀ. 'ਤੇ ਕਬਜ਼ਾ ਕਰਨ ਦੀ ਫਿਰਾਕ ਵਿਚ ਹਨ ਅਤੇ ਇਸ ਲਈ ਇਸ ਤਰ੍ਹਾਂ ਦਾ ਮਾਹੌਲ ਅਕਾਲੀ ਦਲ ਵਿਰੁੱਧ ਬਣਾਇਆ ਜਾ ਰਿਹਾ ਹੈ ਪਰ ਪੰਜਾਬ ਵਿਚ ਹੋਈਆਂ ਰੈਲੀਆਂ ਵਿਚ ਹੀ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਨਾਲ ਲੋਕ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। ਅਕਾਲੀ ਦਲ ਦੇ ਫੈਸਲਿਆਂ 'ਤੇ ਕੋਰ ਕਮੇਟੀ ਹੀ ਮੋਹਰ ਲਗਾਉਂਦੀ ਹੈ। ਕੋਈ ਵੀ ਪ੍ਰਧਾਨ ਆਪਣੇ ਪੱਧਰ 'ਤੇ ਫੈਸਲਾ ਨਹੀਂ ਲੈਂਦਾ।

ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੋ ਚੰਡੀਗੜ੍ਹ ਵਿਚ ਸਿੱਖ ਔਰਤਾਂ ਨੂੰ ਹੈਲਮੈੱਟ ਪਹਿਨਣ 'ਤੇ ਛੋਟ ਦਿੱਤੀ ਗਈ ਹੈ ਉਹ ਅਕਾਲੀ ਦਲ ਵਲੋਂ ਮੁੱਦਾ ਚੁੱਕਿਆ ਗਿਆ ਸੀ। ਇਸ ਮੁੱਦੇ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿਮੰਤਰੀ ਨਾਲ ਵੀ ਮੁਲਾਕਾਤ ਕੀਤੀ ਸੀ ਕਿ ਜੋ ਸਿੱਖ ਔਰਤਾਂ ਹਨ ਉਨ੍ਹਾਂ ਨੂੰ ਹੈਲਮੈੱਟ ਪਹਿਨਣਾ ਜ਼ਰੂਰੀ ਨਹੀਂ ਕਰਨਾ ਚਾਹੀਦਾ, ਕਿਉਂਕਿ ਸਿੱਖਾਂ ਨੂੰ ਧਰਮ ਹੈਲਮੈੱਟ ਪਹਿਨਣ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਨਾ ਹੀ ਇਸ ਨੂੰ ਕਦੇ ਬਰਦਾਸ਼ਤ ਕਰਾਂਗੇ। ਇਸ ਤੋਂ ਬਾਅਦ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਸਿੱਖਾਂ ਦੇ ਮੁੱਦਿਆਂ ਨੂੰ ਚੁੱਕਦਾ ਰਿਹਾ ਹੈ ਅਤੇ ਅੱਗੇ ਵੀ ਚੁੱਕਦਾ ਰਹੇਗਾ।

ਅਧਿਆਪਕਾਂ ਦੀ ਤਨਖਾਹ ਦੀ ਕਟੌਤੀ ਦੇ ਮਾਮਲੇ 'ਤੇ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਕਾਂਗਰਸ ਸਰਕਾਰ ਗਲਤ ਕਰ ਰਹੀ ਹੈ, ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜੋ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ 40,000 ਵਿਚ ਪੜ੍ਹਾ ਰਹੇ ਹਨ, ਉਹ 15,000 ਵਿਚ ਕਿਵੇਂ ਗੁਜ਼ਾਰਾ ਕਰਨਗੇ। ਇਸ ਲਈ ਕਾਂਗਰਸ ਦੀ ਇਹ ਨੀਤੀ ਲੋਕ ਮਾਰੂ ਨੀਤੀ ਹੈ। ਅਧਿਆਪਕਾਂ ਨਾਲ ਪੂਰਾ ਅਕਾਲੀ ਦਲ ਖੜ੍ਹਾ ਹੈ।


Related News