ਕੋਰੋਨਾ ਆਫ਼ਤ : ਪਰਦੇਸ ਬੈਠੇ ਵੀਰਾਂ ਨੂੰ ''ਰੱਖੜੀ'' ਭੇਜਣ ਲਈ ਭੈਣਾਂ ਦੀ ਜੱਦੋ-ਜਹਿਦ

Tuesday, Jul 21, 2020 - 12:53 PM (IST)

ਕੋਰੋਨਾ ਆਫ਼ਤ : ਪਰਦੇਸ ਬੈਠੇ ਵੀਰਾਂ ਨੂੰ ''ਰੱਖੜੀ'' ਭੇਜਣ ਲਈ ਭੈਣਾਂ ਦੀ ਜੱਦੋ-ਜਹਿਦ

ਲੁਧਿਆਣਾ (ਨਰਿੰਦਰ) : ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਪਰਦੇਸ ਬੈਠੇ ਆਪਣੇ ਵੀਰਾਂ ਨੂੰ ਰੱਖੜੀ ਭੇਜਣ ਲਈ ਭੈਣਾਂ ਵੱਲੋਂ ਪੂਰੀ ਜੱਦੋ-ਜਹਿਦ ਕੀਤੀ ਜਾ ਰਹੀ ਹੈ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਹੋ ਸਕਦਾ ਹੈ ਕਿ ਇਸ ਵਾਰ ਵਿਦੇਸ਼ 'ਚ ਭੇਜੀਆਂ ਜਾਣ ਵਾਲੀਆਂ ਰੱਖੜੀਆਂ ਲੇਟ ਪਹੁੰਚਣ। ਕੋਰੋਨਾ ਕਾਰਨ ਇਕ ਪਾਸੇ ਜਿੱਥੇ ਭੈਣਾਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਕੇ ਰੱਖੜੀਆਂ ਬੰਨ੍ਹਣ ਦੇ ਅਸਮਰੱਥ ਹਨ, ਉੱਥੇ ਹੀ ਕੌਮਾਂਤਰੀ ਫਲਾਈਟਾਂ ਅਜੇ ਵੀ ਕਈ ਦੇਸ਼ਾਂ 'ਚ ਬੰਦ ਹਨ।

ਇਸ ਦੇ ਬਾਵਜੂਦ ਕਈ ਡਾਕਖਾਨਿਆਂ ਵੱਲੋਂ ਇਸ ਲਈ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ। ਖਾਸ ਕਰਕੇ ਰੱਖੜੀਆਂ ਨੂੰ ਉਨ੍ਹਾਂ ਦੇ ਸਹੀ ਪਤੇ ਤੱਕ ਪਹੁੰਚਾਉਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ ਅਤੇ ਵਿਸ਼ੇਸ਼ ਲਿਫਾਫੇ ਤਿਆਰ ਕੀਤੇ ਗਏ ਹਨ, ਜਿਨ੍ਹਾਂ 'ਚ ਨਮੀ ਨਹੀਂ ਆ ਸਕਦੀ ਅਤੇ ਰੱਖੜੀਆਂ ਖਰਾਬ ਨਹੀਂ ਹੁੰਦੀਆਂ। ਲੁਧਿਆਣਾ ਡਾਕਖਾਨੇ ਦੇ ਸੁਪਰਡੈਂਟ ਨਰਿੰਦਰ ਸਿੰਘ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਉਨ੍ਹਾਂ ਵੱਲੋਂ ਹਮੇਸ਼ਾ ਹੀ ਵਿਸ਼ੇਸ਼ ਪ੍ਰਬੰਧ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰੱਖੜੀਆਂ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਤੇ ਤੱਕ ਪਹੁੰਚਾਉਣ ਦੀ ਤਰਜ਼ੀਹ ਦਿੱਤੀ ਜਾਂਦੀ ਹੈ।

ਇਸ ਤੋਂ ਇਲਾਵਾ ਵਿਸ਼ੇਸ਼ ਤਰ੍ਹਾਂ ਦੇ ਲਿਫਾਫੇ ਵੀ ਤਿਆਰ ਕਰਵਾਏ ਜਾਂਦੇ ਹਨ ਤਾਂ ਜੋ ਬਿਨਾਂ ਕਿਸੇ ਨੁਕਸਾਨ ਤੋਂ ਅਤੇ ਬਿਨਾਂ ਖਰਾਬ ਹੋਏ ਰੱਖੜੀਆਂ ਆਪਣੇ ਸਹੀ ਪਤੇ ਤੱਕ ਪਹੁੰਚ ਸਕਣ ਕਿਉਂਕਿ ਇਨ੍ਹਾਂ ਨਾਲ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਜ਼ਿਆਦਾਤਰ ਦੇਸ਼ਾਂ 'ਚ ਫਲਾਈਟਾਂ ਸ਼ੁਰੂ ਹੋ ਗਈਆਂ ਹਨ, ਇਸ ਕਰਕੇ ਜੋ ਦੇਸ਼ ਕੌਮਾਂਤਰੀ ਫਲਾਈਟਾਂ ਨੂੰ ਇਜਾਜ਼ਤ ਦੇ ਰਹੇ ਹਨ, ਉਨ੍ਹਾਂ 'ਚ ਉਹ ਰੱਖੜੀਆਂ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਵਾਬਾਜ਼ੀ ਮਹਿਕਮੇ  ਦਾ ਮੁੱਖ ਕੰਮ ਹੈ ਅਤੇ ਏਅਰ ਇੰਡੀਆ ਨਾਲ ਵੀ ਟਾਈਅਪ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੱਖੜੀਆਂ ਕੁਝ ਲੇਟ ਜ਼ਰੂਰ ਹੋ ਸਕਦੀਆਂ ਹਨ ਪਰ ਉਨ੍ਹਾਂ ਨੂੰ ਸਹੀ ਥਾਂ 'ਤੇ ਪਹੁੰਚਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। 
 


author

Babita

Content Editor

Related News