ਅੰਮ੍ਰਿਤਸਰ ਪਹੁੰਚ ਬੋਲੇ ਰਾਕੇਸ਼ ਟਿਕੈਤ, ਕਿਹਾ-MSP ’ਤੇ ਜਲਦ ਕਾਨੂੰਨ ਬਣਾਏ ਕੇਂਦਰ ਸਰਕਾਰ (ਵੀਡੀਓ)

Saturday, Nov 27, 2021 - 07:43 PM (IST)

ਅੰਮ੍ਰਿਤਸਰ ਪਹੁੰਚ ਬੋਲੇ ਰਾਕੇਸ਼ ਟਿਕੈਤ, ਕਿਹਾ-MSP ’ਤੇ ਜਲਦ ਕਾਨੂੰਨ ਬਣਾਏ ਕੇਂਦਰ ਸਰਕਾਰ (ਵੀਡੀਓ)

ਅੰਮ੍ਰਿਤਸਰ (ਸੁਮਿਤ ਖੰਨਾ)-ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਅੱਜ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਪੱਤਰਕਾਰ ਸੰਮੇਲਨ ’ਚ ਉਨ੍ਹਾਂ ਕਿਹਾ ਕਿ  ਐੱਮ. ਐੱਸ. ਪੀ. ’ਤੇ ਕੇਂਦਰ ਸਰਕਾਰ ਲੀਗਲ ਗਾਰੰਟੀ ਦੇਵੇ ਤੇ ਇਸ ਸਬੰਧੀ ਜਲਦ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਐੱਮ. ਐੱਸ. ਪੀ. ਨੂੰ ਲੈ ਕੇ ਗੱਲ ਕਰਦੀ ਸੀ। ਐੱਮ. ਐੱਸ. ਪੀ. ’ਚ ਹੀ ਕਿਸਾਨ ਦੀ ਸਭ ਤੋਂ ਜ਼ਿਆਦਾ ਲੁੱਟ ਹੁੰਦੀ ਹੈ ਤੇ ਹੁਣ ਸਾਰੇ ਦੇਸ਼ ਦੀਆਂ ਨਜ਼ਰਾਂ ਇਸ ’ਤੇ ਹਨ। ਐੱਮ. ਐੱਸ. ਪੀ. ਹੀ ਸਾਡਾ ਮੁੱਖ ਮੁੱਦਾ ਹੈ। ਇਸ ਨੂੰ ਲੈ ਕੇ ਇਕ ਕਮੇਟੀ ਬਣੇਗੀ, ਜੋ ਪੈਸਟੀਸਾਈਡਜ਼, ਡੇਅਰੀ ਸਮੇਤ ਹੋਰ ਮੁੱਦਿਆਂ ਨੂੰ ਦੇਖੇਗੀ। ਭਾਰਤ ਸਰਕਾਰ ਜਿੰਨੀ ਜਲਦੀ ਫ਼ੈਸਲਾ ਲਵੇਗੀ, ਓਨਾ ਹੀ ਚੰਗਾ ਹੋਵੇਗਾ, ਨਹੀਂ ਤਾਂ ਸਾਡਾ ਬਾਕੀ ਪ੍ਰੋਗਰਾਮ ਪਹਿਲਾਂ ਵਾਂਗ ਜਾਰੀ ਰਹੇਗਾ। ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਹਨ, ਜਿਸ ’ਤੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਵਿਚਾਰ ਕੀਤਾ ਕਿ ਭਾਰਤ ਸਰਕਾਰ ਹੁਣ ਗੱਲਬਾਤ ਦੀ ਲਾਈਨ ’ਤੇ ਆਈ ਹੈ। ਉਨ੍ਹਾਂ ਕਿਹਾ ਕਿ 29 ਤਾਰੀਖ਼ ਦਾ ਸੰਸਦ ਮਾਰਚ ਵੀ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਜਦੋਂ ਤਕ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤਕ ਪੰਜਾਬ ਦੀ ਧਰਤੀ ’ਤੇ ਨਹੀਂ ਜਾਣਗੇ, ਹੁਣ ਜਿੱਤ ਮਿਲੀ ਹੈ ਤਾਂ ਹੀ ਇਥੇ ਆਏ ਹਨ। ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਖੇਤੀ ਕਾਨੂੰਨ ਰੱਦ ਹੋਣ ’ਤੇ ਵਾਹਿਗੁਰੁੂ ਦਾ ਸ਼ੁਕਰਾਨਾ ਅਦਾ ਕੀਤਾ।

ਇਹ ਵੀ ਪੜ੍ਹੋ : ਕੇਜਰੀਵਾਲ ਨੇ CM ਚੰਨੀ ਨੂੰ ਕੀਤਾ ਵੱਡਾ ਚੈਲੰਜ, ਕਿਹਾ-ਇਕ ਹਜ਼ਾਰ ਲੋਕਾਂ ਦੇ ਜ਼ੀਰੋ ਬਿਜਲੀ ਦੇ ਬਿੱਲ ਦਿਖਾ ਦਿਓ

ਹੁਣ 4 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੁੜ ਮੀਟਿੰਗ ਹੋਵੇਗੀ, ਜਿਸ ’ਚ ਅਗਲੇ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਟਿਕੈਤ ਨੇ ਕਿਹਾ ਕਿ 4 ਦਸੰਬਰ ਨੂੰ ਤਿੰਨੋਂ ਖੇਤੀ ਕਾਨੂੰਨ ਸੰਸਦ ’ਚ ਆ ਜਾਣਗੇ, ਉਮੀਦ ਹੈ ਕਿ ਸਭ ਕੁਝ ਸਾਫ ਹੋ ਜਾਵੇਗਾ। ਟਿਕੈਤ ਨੇ ਕਿਹਾ ਕਿ ਕੋਰੋਨਾ ਤੇ ਕਾਲੇ ਕਾਨੂੰਨ ਇਕ ਬੀਮਾਰੀ ਸਨ। ਇਹ ਬੀਮਾਰੀ ਵੀ ਕੋਰੋਨਾ ਦੇ ਨਾਲ ਹੀ ਆਈ ਤੇ ਕੋਰੋਨਾ ਦੇ ਖ਼ਿਲਾਫ ਜੰਗ ਲੜੀ ਗਈ। ਅਸੀਂ ਚਿੱਠੀ ਲਿਖੀ ਹੈ ਪਰ ਉਹ ਗੱਲਬਾਤ ਨਹੀਂ ਕਰਨਾ ਚਾਹੁੰਦੇ। ਅਸੀਂ ਡੈੱਡਲਾਈਨ ਦੇਣੀ ਛੱਡ ਦਿੱਤੀ ਹੈ। ਕਾਨੂੰਨ ਖ਼ਤਮ ਹੋਣ ਤੋਂ ਬਾਅਦ ਕਿਸਾਨ ਵਾਪਸ ਜਾਏਗਾ ਜਾਂ ਨਹੀਂ, ਇਸ ’ਤੇ ਜੇ ਸਰਕਾਰ ਬਾਕੀ ਮੰਗਾਂ ਨਹੀਂ ਮੰਨਦੀ ਤਾਂ ਕਿਸਾਨ ਮੌਨ ਵਰਤ ਰੱਖਣਗੇ। ਉਨ੍ਹਾਂ ਕਿਹਾ ਕਿ ਧਰਨਾ ਕਿਸਾਨਾਂ ਦੇ ਮੁੱਦਿਆਂ ’ਤੇ ਚੱਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਦਾ ਟਮਾਟਰ ਪਾਕਿਸਤਾਨ ਨਹੀਂ ਜਾ ਰਿਹਾ, ਜਦਕਿ ਪਾਕਿਸਤਾਨ ਤੋਂ ਸਾਮਾਨ ਆ ਰਿਹਾ ਹੈ। ਸਰਕਾਰ ਪਾਕਿਸਤਾਨ ਤੋਂ ਕਾਲਾ ਨਮਕ ਮੰਗਵਾ ਰਹੀ ਹੈ, ਉਹ ਬੰਦ ਕਿਉਂ ਨਹੀਂ ਕਰਦੀ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News