ਰਾਜਪੁਰਾ ਅਨਾਜ ਮੰਡੀ 'ਚ ਸੀਜ਼ਨ ਦੌਰਾਨ 85414 ਮੀਟਰਿਕ ਟਨ ਕਣਕ ਦੀ ਹੋਈ ਖਰੀਦ
Thursday, Apr 19, 2018 - 02:54 PM (IST)

ਰਾਜਪੁਰਾ (ਚਾਵਲਾ) — ਸਾਫ਼ ਮੌਸਮ ਅਤੇ ਗਰਮੀ ਤੇਜ਼ ਹੋ ਜਾਣ ਨਾਲ ਪਿਛਲੇ ਕੁੱਝ ਦਿਨਾਂ ਤੋਂ ਮੰਡੀਆਂ 'ਚ ਕਣਕ ਦੀ ਆਮਦ ਕਈ ਗੁਣਾ ਤੇਜ਼ ਹੋ ਜਾਣ ਨਾਲ ਜਿਥੇ ਫੜਾਂ ਤੇ ਕਣਕ ਦੀਆਂ ਬੋਰੀਆਂ ਦੇ ਢੇਰ ਲੱਗ ਗਏ ਹਨ, ਉਥੇ ਮੌਸਮ ਵਿਭਾਗ ਵਲੋਂ ਅਗਲੇ ਦੋ ਤਿੰਨ ਦਿਨਾਂ 'ਚ ਮੌਸਮ ਦੇ ਖ਼ਰਾਬ ਹੋਣ ਦੀ ਭਵਿੱਖਵਾਣੀ ਦੇ ਚਲਦੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਗਈ ਹਨ। ਮਾਰਕਿਟ ਕਮੇਟੀ ਦੀ ਰਿਪੋਰਟ ਅਨੁਸਾਰ ਮੰਡੀ 'ਚ ਪਹਿਲਾਂ ਤੋਂ ਹੀ 50 ਹਜ਼ਾਰ ਮੀਟਰਿਕ ਟਨ ਕਣਕ ਬੋਰੀਆਂ 'ਚ ਲਿਫਟਿੰਗ ਲਈ ਪਈ ਹੋਈ ਹੈ ਅਤੇ ਇਸਦੀ ਆਮਦ ਦਿਨੋਂ ਦਿਨ ਤੇਜ਼ ਹੁੰਦੀ ਜਾ ਰਹੀ ਹੈ । ਇਸ ਦਿੱਕਤ ਦੇ ਮੱਦੇਨਜ਼ਰ ਅੱਜ ਪੰਜਾਬ ਏਗਰੀਕਲਚਰ ਸੇਕਰੇਟਰੀ ਵਿਕਾਸ ਗਰਗ ਨੇ ਡੀ. ਸੀ. ਪਟਿਆਲਾ ਕੁਮਾਰ ਅਮਿਤ,ਐੱਸ. ਡੀ. ਐੱਮ ਰਾਜਪੁਰਾ ਸੰਜੀਵ ਕੁਮਾਰ ਚੰਡੀਗੜ੍ਹ ਤੋਂ ਆਈ ਟੀਮ ਦੇ ਨਾਲ ਪੰਜਾਬ ਦੀ ਵੱਡੀ ਮੰਡੀਆਂ ਦੀ ਗਿਣਤੀ 'ਚ ਆਉਂਦੀ ਰਾਜਪੁਰਾ ਦੀ ਅਨਾਜ ਮੰਡੀ ਦਾ ਔਚਕ ਦੌਰਾ ਕੀਤਾ, ਜਿਸ 'ਚ ਉਨ੍ਹਾਂ ਨੇ ਮਾਰਕਿਟ ਕਮਿਟੀ ਦੇ ਸੇਕਰੇਟਰੀ ਜੀ. ਪੀ. ਸਿੰਘ ਅਤੇ ਸੁਪਰਿਟੇਂਡੇਂਟ ਗੁਰਦੀਪ ਸਿੰਘ ਦੇ ਨਾਲ ਮੰਡੀ ਦੇ ਫੜਾਂ 'ਤੇ ਜਾ ਕੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕਣਕ ਦੇ ਸੀਜ਼ਨ 'ਚ ਆ ਰਹੀਆਂ ਦਿੱਕਤਾਂ ਨੂੰ ਸੁਣਿਆ ਅਤੇ ਮੌਕੇ 'ਤੇ ਹੀ ਅਧਿਕਾਰੀਆਂ ਅਤੇ ਟਰਾਂਸਪੋਰਟ ਠੇਕੇਦਾਰ ਨੂੰ ਲਿਫਟਿੰਗ ਅਤੇ ਹੋਰ ਵੀ ਕਈ ਦਿੱਕਤਾਂ ਨੂੰ ਦੂਰ ਕਰਨ ਦੇ ਆਦੇਸ਼ ਦਿੱਤੇ ।
ਕੁਝ ਆੜ੍ਹਤੀਆਂ ਨੇ ਲਿਫਟਿੰਗ ਸੰਬੰਧੀ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਕਾਸ ਗਰਗ ਨੂੰ ਦੱਸਿਆ ਕਿ ਖਰੀਦ ਤੋਂ ਬਾਅਦ ਆੜ੍ਹਤੀਆਂ ਵਲੋਂ ਫੜ੍ਹਾ 'ਤੇ ਆਪਣੇ ਖਰਚ 'ਤੇ ਦੋ ਰੁਪਏ ਪ੍ਰਤੀ ਬੋਰੀ ਆਪਣੀ ਲੇਬਰ ਨੂੰ ਦੇ ਕੇ ਢੇਰੀਆਂ ਲਵਾਉਣੀਆਂ ਪੈਂਦੀਆਂ ਹਨ, ਇਸ ਹਿਸਾਬ ਨਾਲ ਆੜ੍ਹਤੀਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ ਤੇ ਨਾਲ ਹੀ ਖੁੱਲ੍ਹੇ 'ਚ ਕਣਕ ਰੱਖਣ ਤੇ ਮੌਸਮ ਦੀ ਮਾਰ ਤੇ ਚੋਰੀ ਹੋਣ ਦਾ ਡਰ ਵੀ ਰਹਿੰਦਾ ਹੈ। ਇਸ ਦੀ ਬਜਾਏ ਸਿਰਫ ਇਕ ਟਰਾਂਸਪੋਰਟ ਠੇਕੇਦਾਰ 'ਤੇ ਭੇਜ ਕੇ ਤੈਅ ਕੀਤੇ ਗਏ ਖਰਚ ਨੂੰ ਬਿਲ ਦੁਆਰਾ ਏਜੰਸੀ ਤੋਂ ਵਸੂਲ ਕਰਨ ਦੀ ਸਹੂਲਤ ਹੋਵੇ ਤਾਂ ਪੀਕ ਸੀਜ਼ਨ 'ਚ ਵੀ ਲਿਫਟਿੰਗ ਦੀ ਸਮੱਸਿਆ ਦੂਰ ਹੋ ਸਕਦੀ ਹੈ। ਇਸ ਵਿਚਾਰ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਕਿਉਂਕਿ ਉਨ੍ਹਾਂ ਦਾ ਇਥੇ ਆਉਣ ਦਾ ਮਕਸਦ ਕਿਸਾਨਾਂ ਤੇ ਆੜ੍ਹਤੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੈ। ਉਨ੍ਹਾਂ ਏਜੰਸੀਆਂ ਨੂੰ ਮਾਲ ਲਗਾਉਣ ਲਈ ਆ ਰਹੀ ਕਿੱਲਤ ਨੂੰ ਤੁਰੰਤ ਦੂਰ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।