ਅਕਾਲੀ ਸੰਸਦ ਮੈਂਬਰਾਂ ਨੇ ਸਿੱਖਾਂ ਦੇ ਧਾਰਮਿਕ ਮੁੱਦੇ ਰਾਜਨਾਥ ਸਿੰਘ ਕੋਲ ਉਠਾਏ

08/23/2016 7:22:24 PM

ਚੰਡੀਗੜ੍ਹ— ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਵਸ ਦੇ ਮੌਕੇ ''ਤੇ ਉਨ੍ਹਾਂ ਦੀ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਡਿਫੈਂਸ ਅਕੈਡਮੀ ਦੀ ਸਥਾਪਨਾ ਕੀਤੀ ਜਾਵੇ। ਇਸ ਸਬੰਧੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਦਾ ਇਕ ਵਫ਼ਦ ਮੁਲਕ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਉਨ੍ਹਾਂ ਦੇ ਦਿੱਲੀ ਸਥਿਤ ਦਫ਼ਤਰ ਵਿਚ ਮਿਲਿਆ। ਪਾਰਟੀ ਦੇ ਜਨਰਲ ਸਕੱਤਰ ਤੇ ਬੁਲਾਰੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਫ਼ਦ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਡਿਫੈਂਸ ਅਕੈਡਮੀ ਦੀ ਸਥਾਪਨਾ ਜਿੱਥੇ ਇਸ ਖਿੱਤੇ ਦੇ ਨੌਜਵਾਨਾਂ ਨੂੰ ਹਥਿਆਰਬੰਦ ਫੌਜ ਵਿਚ ਜਾਣ ਲਈ ਪ੍ਰੇਰਿਤ ਤੇ ਸਿੱਖਿਅਤ ਕਰੇਗੀ, ਉਥੇ ਮੁਲਕ ਦੀ ਸੁਰੱਖਿਆ ਲਈ ਵੀ ਅਹਿਮ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬ ਖਾਸ ਕਰਕੇ ਸਿੱਖ ਇਤਿਹਾਸ ਤੇ ਵਿਰਸੇ ''ਤੇ ਖੋਜ ਕਾਰਜਾਂ ਲਈ ਇਕ ਵਿਸ਼ੇਸ਼ ਖੋਜ ਕੇਂਦਰ ਬਣਾਇਆ ਜਾਵੇ।
ਪਾਰਟੀ ਦੇ ਵਫ਼ਦ ਨੇ ਅਗਲੇ ਵਰ੍ਹੇ ਜਨਵਰੀ ਵਿਚ ਪਟਨਾ ਸਾਹਿਬ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ਦੇ ਪ੍ਰਬੰਧਾਂ ਸਬੰਧੀ ਚਰਚਾ ਕਰਦਿਆਂ ਮੰਗ ਕੀਤੀ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਵਿਸ਼ਵ ਭਰ ਵਿੱਚੋਂ ਲੱਖਾਂ ਦੀ ਗਿਣਤੀ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਤੋਂ ਤਖ਼ਤ ਸਾਹਿਬ ਤੱਕ ਐਲਵੇਟਿਡ ਰੋਡ ਬਣਾਈ ਜਾਵੇ। ਸ਼੍ਰੋਮਣੀ ਅਕਾਲੀ ਦਲ ਨੇ ਗ੍ਰਹਿ ਮੰਤਰੀ ਨੂੰ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਸਮਾਗਮਾਂ ਲਈ ਪੰਜਾਬ ਤੇ ਬਿਹਾਰ ਸੂਬਿਆਂ ਲਈ ਰਾਖਵੀਂ ਰੱਖੀ ਗਈ 100 ਕਰੋੜ ਰੁਪਏ ਦੀ ਰਾਸ਼ੀ ਛੇਤੀ ਜਾਰੀ ਕਰਾ ਦਿੱਤੀ ਜਾਵੇ। ਇਨ੍ਹਾਂ ਦੋਵਾਂ ਸਰਕਾਰਾਂ ਨੇ ਆਪਣੇ-ਆਪਣੇ ਸੂਬਿਆਂ ਵਿਚ ਇਸ ਇਤਿਹਾਸਕ ਦਿਹਾੜੇ ਨੂੰ ਵੱਡੀ ਪੱਧਰ ''ਤੇ ਮਨਾਉਣ ਲਈ ਪ੍ਰੋਗਰਾਮ ਉਲੀਕੇ ਹੋਏ ਹਨ ਅਤੇ ਇਨ੍ਹਾਂ ਪ੍ਰੋਗਰਾਮਾਂ ਲਈ ਬਜਟ ਵਿਚ ਰਾਸ਼ੀ ਵੀ ਰੱਖੀ ਹੋਈ ਹੈ।
ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਅਕਾਲੀ ਦਲ ਦੇ ਵਫ਼ਦ ਵੱਲੋਂ ਉਠਾਏ ਸਾਰੇ ਮਾਮਲਿਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਸਬੰਧੀ ਤਜਵੀਜ਼ਾਂ ਬਣਾ ਕੇ ਕੇਂਦਰ ਸਰਕਾਰ ਨੂੰ ਛੇਤੀ ਭਿਜਵਾ ਦਿੱਤੀਆਂ ਜਾਣ ਤਾਂ ਕਿ ਉਨ੍ਹਾਂ ''ਤੇ ਫੈਸਲਾ ਕੀਤਾ ਜਾ ਸਕੇ। ਕਸ਼ਮੀਰ ਦੇ ਸਿੱਖਾਂ ਦੀ ਸੁਰੱਖਿਆ ਅਤੇ ਟਰੈਕਟਰ ਟ੍ਰਾਲੀਆਂ ਨੂੰ ਟੋਲ ਤੋਂ ਮੁਕਤ ਕਰਨ ਦੇ ਮੁੱਦੇ ਵੀ ਉਠਾਏ ਗਏ। ਵਫ਼ਦ ਵਿਚ ਪਾਰਲੀਮੈਂਟ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੂੰਦੜ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਹਾਜ਼ਰ ਸਨ।


Gurminder Singh

Content Editor

Related News