ਪੰਜਾਬ ਵਿਧਾਨ ਸਭਾ ਚੋਣਾਂ : ਰਾਜਿੰਦਰ ਕੌਰ ਭੱਠਲ ਨੇ ਪਰਿਵਾਰ ਨਾਲ ਪਾਈ ਵੋਟ
Sunday, Feb 20, 2022 - 02:21 PM (IST)
ਸੰਗਰੂਰ / ਲਹਿਰਾਗਾਗਾ (ਵਿਜੈ ਕੁਮਾਰ, ਗਰਗ): ਵਿਧਾਨ ਸਭਾ ਹਲਕਾ ਲਹਿਰਾ 99 ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਵਾਰਡ ਨੰਬਰ 1 ਦੇ ਪੋਲਿੰਗ ਬੂਥ ਨੰਬਰ 27 (ਮਾਰਕੀਟ ਕਮੇਟੀ) ਵਿਖੇ ਆਪਣੇ ਬੇਟੇ ਅਤੇ ਨੂੰਹ ਨਾਲ ਵੋਟ ਪਾਈ। ਵੋਟ ਪਾਉਣ ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਬੰਪਰ ਜਿੱਤ ਪ੍ਰਾਪਤ ਕਰ ਰਹੀ ਹੈ । ਬੀਬੀ ਭੱਠਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀਆਂ ਨੀਤੀਆਂ ਨੂੰ ਲੋਕ ਪਸੰਦ ਕਰ ਰਹੇ ਹਨ ਤੇ ਕਾਂਗਰਸ ਦੇ ਹੱਕ ਵਿੱਚ ਬੰਪਰ ਪੋਲਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਕੇਜਰੀਵਾਲ ਅਤੇ ਕਾਂਗਰਸ ’ਤੇ ਕੀਤੇ ਤਿੱਖੇ ਹਮਲੇ
ਬੀਬੀ ਭੱਠਲ ਨੇ ਕਾਂਗਰਸ ਨੂੰ ਧਰਮ ਨਿਰਪੱਖ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਧਰਮ ਅਤੇ ਜਾਤ ਦੇ ਨਾਂ ’ਤੇ ਸਿਆਸਤ ਕਰਦੀਆਂ ਹਨ, ਜਿਸ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਗਠਬੰਧਨ ਜਿੱਥੇ ਕਿਸਾਨੀ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਦੀਆਂ ਸ਼ਹੀਦੀਆਂ ਲਈ ਜ਼ਿੰਮੇਵਾਰ ਹੈ, ਉਥੇ ਬਾਦਲ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ੀ ਹੈ, ਅਤੇ ‘ਆਪ’ ਦਾ ਸੂਬੇ ਅੰਦਰ ਕੋਈ ਆਧਾਰ ਨਹੀਂ ਹੈ ਕਿਉਂਕਿ "ਆਪ" ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ। ਉਹ ਦਿੱਲੀ ਮਾਡਲ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ । ਉਨ੍ਹਾਂ ਬੂਥ ਨੰਬਰ 27 ਅਤੇ ਹੋਰ ਕਈ ਥਾਵਾਂ ’ਤੇ ਈ.ਵੀ.ਐੱਮ ਖ਼ਰਾਬ ਹੋਣ ’ਤੇ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਭਾਜਪਾ ਸੱਤਾ ਦੀ ਭੁੱਖੀ ਹੈ, ਉਹ ਕੁਝ ਵੀ ਕਰਵਾ ਸਕਦੀ ਹੈ। ਇਸ ਮੌਕੇ ਬੀਬੀ ਭੱਠਲ ਨਾਲ ਉਨ੍ਹਾਂ ਦੇ ਸਪੁੱਤਰ ਸੂਬਾ ਕਾਂਗਰਸ ਦੇ ਮੀਡੀਆ ਪੈਨੇਲਿਸਟ ਰਾਹੁਲਇੰਦਰ ਸਿੰਘ ਸਿੱਧੂ, ਨੇਹਾ ਸਿੱਧੂ ਵੀ ਹਾਜ਼ਰ ਸਨ ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ