ਮਰਹੂਮ ਸਿੱਧੂ ਮੂਸੇਵਾਲਾ ਨੂੰ ਲੈ ਕੇ ਬੋਲੇ ਰਾਜਾ ਵੜਿੰਗ, ਦੱਸੀਆਂ ਇਹ ਅਹਿਮ ਗੱਲਾਂ (ਵੀਡੀਓ)

08/07/2022 2:38:14 AM

ਚੰਡੀਗੜ੍ਹ (ਬਿਊਰੋ) : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਕਤਲ ਤੇ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖਾਸ ਗੱਲਬਾਤ ਕੀਤੀ। ਸਿੱਧੂ ਮੂਸੇਵਾਲਾ ਕਤਲ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਸਰਕਾਰ ਦੀ ਗਲਤੀ ਕਾਰਨ ਅਸੀਂ ਇਕ ਚੰਗਾ ਗਾਇਕ ਗੁਆ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਸਿੱਧੂ ਮੂਸੇਵਾਲਾ ਦੀ ਸਕਿਓਰਿਟੀ ਨੂੰ ਰਿਵਿਊ ਕੀਤਾ ਜਾਂਦਾ ਰਿਹਾ। ਸਰਕਾਰ ਦੀ ਅਣਗਹਿਲੀ ਕਾਰਨ ਮੂਸੇਵਾਲਾ ਦਾ ਕਤਲ ਹੋਇਆ ਹੈ।

ਮੂਸੇਵਾਲ ਅਕਸਰ ਹੀ ਉਨ੍ਹਾਂ ਨਾਲ ਗੱਲ ਕਰਦਾ ਰਹਿੰਦਾ ਸੀ ਕੀ ਉਸ ਨੂੰ ਕੁਝ ਲੋਕਾਂ ਤੋਂ ਖ਼ਤਰਾ ਹੈ। ਸਿੱਧੂ ਨੂੰ ਸਿਆਸਤ 'ਚ ਲਿਆਉਣ ਬਾਰੇ ਪੁੱਛੇ ਸਵਾਲ 'ਚ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਦੇ ਮਨ ਦੀ ਇੱਛਾ ਸੀ ਕਿ ਉਹ ਚੋਣਾਂ ਲੜੇ। ਵੜਿੰਗ ਨੇ ਕਿਹਾ ਕਿ ਸਿੱਧੂ ਅਕਸਰ ਸੱਚੀਆਂ ਗੱਲਾਂ ਕਹਿ ਦਿੰਦਾ ਸੀ। ਮੌਤ ਵਾਲੇ ਦਿਨ ਸਵੇਰੇ ਹੀ ਸਿੱਧੂ ਨਾਲ ਗੱਲ ਕੀਤੀ ਸੀ। ਸਿੱਧੂ ਦੇ ਕਾਤਲਾਂ ਦੇ ਐਨਕਾਊਂਟਰ ਬਾਰੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਮਨ ਨੂੰ ਸੰਤੁਸ਼ਟੀ ਜ਼ਰੂਰ ਹੋਈ ਹੈ ਪਰ ਕਾਰਵਾਈ ਥੋੜ੍ਹੀ ਲੇਟ ਹੋਈ।

ਇਹ ਵੀ ਪੜ੍ਹੋ : ਕਾਂਗਰਸ ਦੀ ਮੌਜੂਦਾ ਸਥਿਤੀ ਬਾਰੇ ਖੁੱਲ੍ਹ ਕੇ ਬੋਲੇ ਪੰਜਾਬ ਪ੍ਰਧਾਨ ਰਾਜਾ ਵੜਿੰਗ (ਵੀਡੀਓ)

ਹਵਾ, ਪਾਣੀ ਤੇ ਮਿੱਟੀ ਪੰਜਾਬ ਦੀ ਸਿਆਸਤ ਦਾ ਹਿੱਸਾ ਬਣਨ 'ਤੇ ਵੜਿੰਗ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਹੀ ਮੁੱਦਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਸੀ ਲੜਾਈਆਂ ਛੱਡ ਕੇ ਪਾਣੀ, ਮਿੱਟੀ ਤੇ ਹਵਾ ਵਿਸ਼ਿਆਂ ਬਾਰੇ ਗੌਰ ਕਰਨਾ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਹਰ ਬੰਦਾ ਮਤਲਬੀ ਹੋ ਗਿਆ ਹੈ। ਸਾਨੂੰ ਸਾਰਿਆਂ ਨੂੰ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨੀ ਚਾਹੀਦੀ ਹੈ। ਬਾਹਰਲੇ ਸੂਬੇ ਦੇ ਲੋਕਾਂ ਵੱਲੋਂ ਪੰਜਾਬ 'ਚ ਜ਼ਮੀਨਾਂ ਲੈਣ ਬਾਰੇ ਉਨ੍ਹਾਂ ਕਿਹਾ ਕਿ ਹਰ ਬੰਦੇ ਦਾ ਹੱਕ ਬਣਦਾ ਹੈ ਕਿ ਉਹ ਕਿਤੇ ਵੀ ਜਾ ਕੇ ਰਹਿ ਸਕਦੇ ਹਨ। ਜੋ ਬੰਦਾ ਸਰਕਾਰ ਦੇ ਸਾਰੇ ਨਿਯਮ ਮੰਨਦਾ ਹੈ, ਉਸ ਨੂੰ ਕਿਸੇ ਵੀ ਸੂਬੇ 'ਚ ਰਹਿਣ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ।

ਖ਼ਬਰ ਇਹ ਵੀ : CM ਮਾਨ ਅਦਾਲਤ 'ਚ ਪੇਸ਼ ਤਾਂ ਉਥੇ ਧਨਖੜ ਨੇ ਜਿੱਤੀ ਉਪ ਰਾਸ਼ਟਰਪਤੀ ਦੀ ਚੋਣ, ਪੜ੍ਹੋ TOP 10

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਬਾਰੇ ਪੁੱਛੇ ਜਾਣ 'ਤੇ ਵੜਿੰਗ ਨੇ ਕਿਹਾ ਕਿ ਚੰਨੀ ਤੇ ਮਨਪ੍ਰੀਤ ਬਾਦਲ ਤਾਂ ਵਿਦੇਸ਼ 'ਚ ਹਨ ਪਰ ਨਵਜੋਤ ਸਿੱਧੂ ਜੇਲ੍ਹ 'ਚ ਹੋਣ ਕਾਰਨ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋਈ। ਉਨ੍ਹਾਂ ਸਿੱਧੂ ਨੂੰ ਮਿਲਣ ਲਈ ਕੋਸ਼ਿਸ਼ ਕੀਤੀ ਪਰ ਕੁਝ ਕਾਰਨਾਂ ਕਰਕੇ ਉਹ ਨਹੀਂ ਮਿਲ ਸਕੇ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੇ ਜਾਣ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਹਾਈਕਮਾਨ ਦਾ ਇਹ ਫ਼ੈਸਲਾ ਬਿਲਕੁਲ ਸਹੀ ਸੀ ਪਰ ਇਹ ਫ਼ੈਸਲਾ ਕੁਝ ਦੇਰ ਨਾਲ ਕੀਤਾ ਗਿਆ, ਜੇਕਰ ਹਾਈਕਮਾਨ ਇਹ ਫ਼ੈਸਲਾ ਕੁਝ ਸਮਾਂ ਪਹਿਲਾਂ ਕਰਦੀ ਤਾਂ ਨਤੀਜੇ ਕੁਝ ਹੋਰ ਹੋਣੇ ਸਨ। ਸੁਨੀਲ ਜਾਖੜ ਤੇ ਨਵਜੋਤ ਸਿੱਧੂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਲੀਡਰਾਂ ਨੇ ਪਾਰਟੀ ਨੂੰ ਧਾਕ ਲਾਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News