ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਕੀ ਬੋਲੇ ਰਾਜਾ ਵੜਿੰਗ

Wednesday, Apr 20, 2022 - 09:34 PM (IST)

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਕੀ ਬੋਲੇ ਰਾਜਾ ਵੜਿੰਗ

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੰਤਰੀ, ਵਿਧਾਇਕ ਅਤੇ ਪ੍ਰਧਾਨ ਬਣਨਾ ਸੌਖਾ ਪਰ ਲੋਕਾਂ ਦਾ ਚਹੇਤਾ ਲੀਡਰ ਬਣਨ ਲਈ ਬੜੀ ਮੁਸ਼ੱਕਤ ਕਰਨੀ ਪੈਂਦੀ ਹੈ, ਇਸ ਲਈ ਹੁਣ ਪਿਛਲੀਆਂ ਗਲਤੀਆਂ ਨੂੰ ਸੁਧਾਰਦੇ ਹੋਏ ਕਾਂਗਰਸ ਹੁਣ ਲੋਕਾਂ ਤੇ ਵਰਕਰਾਂ ਦੀ ਪਾਰਟੀ ਬਣਾਵਾਂਗੇ ਅਤੇ ਅਸੀਂ ਆਪ ਤੁਹਾਡੇ ਦਰਵਾਜ਼ੇ ’ਤੇ ਪੁੱਜਾਂਗੇ। ਇਹ ਗੱਲਾਂ ਰਾਜਾ ਵੜਿੰਗ ਨੇ ਮਾਛੀਵਾੜਾ ਵਿਖੇ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀਆਂ। ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਸਾਢੇ 9 ਸਾਲ ਪੰਜਾਬ ਦਾ ਮੁੱਖ ਮੰਤਰੀ ਰਿਹਾ ਪਰ ਉਹ ਲੋਕਾਂ ਦਾ ਚਹੇਤਾ ਲੀਡਰ ਨਾ ਬਣ ਸਕਿਆ ਜਿਸ ਕਾਰਨ ਉਸ ਨੂੰ ਦੇਖ ਕਾਂਗਰਸ ਵਰਕਰ ਕਹਿ ਰਹੇ ਹਨ ਕਿ ਇਸ ਨੇ ਪਾਰਟੀ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਅਸੀਂ ਪਹਿਲਾਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਸਾਬਕਾ ਮੰਤਰੀ ਕਰਮ ਸਿੰਘ ਗਿੱਲ ਦੇ ਕਾਰਜਕਾਲ ਵਾਲੀ ਕਾਂਗਰਸ ਪਾਰਟੀ ਨੂੰ ਬਣਾਵਾਂਗੇ ਅਤੇ ਇਸ ਵਾਰ ਨਵੀਂ ਕਾਂਗਰਸ ਹੋਵੇਗੀ ਅਤੇ ਲੋਕ ਲੀਡਰਾਂ ਨੂੰ ਮਿਲਣ ਨਹੀਂ ਸਗੋਂ ਲੀਡਰ ਉਨ੍ਹਾਂ ਦੇ ਘਰ ਜਾ ਕੇ ਸਮੱਸਿਆਵਾਂ ਦਾ ਹੱਲ ਕਰਨਗੇ। ਵੜਿੰਗ ਨੇ ਕਿਹਾ ਕਿ ਹੁਣ ਕਾਂਗਰਸੀ ਵਰਕਰਾਂ ਨੂੰ ਪੁੱਛ ਕੇ ਪਾਰਟੀ ਦੀਆਂ ਨੀਤੀਆਂ ਬਣਾਈਆਂ ਜਾਣਗੀਆਂ ਅਤੇ ਲੋਕਾਂ ਲਈ ਯੋਜਨਾਵਾਂ ਉਲੀਕੀਆਂ ਜਾਣਗੀਆਂ ਕਿਉਂਕਿ ਵਰਕਰ ਹੀ ਪਾਰਟੀ ਦੀ ਸਰਕਾਰ ਬਣਾਉਂਦੇ ਹਨ।

ਇਹ ਵੀ ਪੜ੍ਹੋ : ਬਿਜਲੀ ਬਿੱਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਅਫਸਰਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ

ਉਨ੍ਹਾਂ ਵਿਧਾਨ ਸਭਾਂ ਚੋਣਾਂ ’ਚ ਹਾਰਨ ਦੇ ਬਾਵਜੂਦ ਵੀ ਕਾਂਗਰਸੀ ਵਰਕਰਾਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਪਹਿਲਾਂ 6 ਮਹੀਨੇ ਅਸੀਂ ਆਪਣਾ ਘਰ ਸੁਧਾਰ ਲਈਏ ਅਤੇ ਫਿਰ ਉਸ ਤੋਂ ਬਾਅਦ ‘ਆਪ’ ਦੀ ਸਰਕਾਰ ਨੂੰ ਵੀ ਢਾਹ ਲਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚੋਂ ਅਜਿਹੇ ਆਗੂਆਂ ਨੂੰ ਵੀ ਬਾਹਰ ਕੱਢਣ ਦੀ ਲੋੜ ਹੈ ਜੋ ਕਿਸੇ ਦੀ ਵੀ ਸਰਕਾਰ ਆਉਣ ’ਤੇ ਫੁੱਲਾਂ ਦੇ ਗੁਲਦਸਤੇ ਲੈ ਕੇ ਚੰਡੀਗੜ੍ਹ ਪਹੁੰਚ ਜਾਂਦੇ ਹਨ ਅਤੇ ਜਲਦ ਉਨ੍ਹਾਂ ਲਈ ਛਾਣਨੀ ਲਗਾ ਦਿੱਤੀ ਜਾਵੇਗੀ। ਇਸ ਮੌਕੇ ਕਾਂਗਰਸ ਕਮੇਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਉਪ ਚੇਅਰਮੈਨ ਸ਼ਕਤੀ ਆਨੰਦ, ਪ੍ਰਦੇਸ਼ ਸਕੱਤਰ ਕਸਤੂਰੀ ਲਾਲ ਮਿੰਟੂ, ਸਾਬਕਾ ਚੇਅਰਮੈਨ ਜਗਜੀਤ ਸਿੰਘ ਪ੍ਰਿਥੀਪੁਰ, ਜਨਰਲ ਸਕੱਤਰ ਗੁਰਮੁਖ ਸਿੰਘ ਚਾਹਲ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਐਡਵੋਕੇਟ ਗਗਨਦੀਪ ਸ਼ਰਮਾ, ਕਪਿਲ ਆਨੰਦ, ਪਰਮਜੀਤ ਪੰਮੀ, ਵਿਜੈ ਕੁਮਾਰ ਚੌਧਰੀ, ਗੁਰਨਾਮ ਸਿੰਘ ਖਾਲਸਾ, ਚੌਧਰੀ ਬਲਵਿੰਦਰ ਰਾਏ, ਸੰਨੀ ਦੁਆ (ਸਾਰੇ ਕੌਂਸਲਰ), ਜ਼ਿਲਾ ਪ੍ਰੀਸ਼ਦ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ, ਹੁਸਨ ਲਾਲ ਮੜਕਨ, ਰਮੇਸ਼ ਖੁੱਲਰ, ਸੁਖਜਿੰਦਰ ਸਿੰਘ ਪਵਾਤ, ਅਮਨਦੀਪ ਗੁਰੋਂ (ਸਾਰੇ ਬਲਾਕ ਸੰਮਤੀ ਮੈਂਬਰ), ਆੜ੍ਹਤੀ ਨਿਤਿਨ ਜੈਨ, ਸ਼ਾਮ ਲਾਲ ਜੈਨ, ਸਰਪੰਚ ਛਿੰਦਰਪਾਲ ਹਿਯਾਤਪੁਰ, ਕੁਲਦੀਪ ਸਿੰਘ ਉਟਾਲਾਂ, ਬਲਵੀਰ ਸਿੰਘ ਢਿੱਲੋਂ, ਸਾਬਕਾ ਕੌਂਸਲਰ ਸੁਰਿੰਦਰ ਛਿੰਦੀ, ਨੀਰਜ ਸਿਹਾਲਾ, ਚੇਤਨ ਕੁਮਾਰ, ਪੀ.ਏ ਹਰਚੰਦ ਸਿੰਘ, ਗੁਰਮੁਖ ਸਿੰਘ ਆਦਿ ਵੀ ਮੌਜੂਦ ਸਨ। 

ਇਹ ਵੀ ਪੜ੍ਹੋ : ਕਿਸਾਨਾਂ ਲਈ ਅਹਿਮ ਖ਼ਬਰ, ਪੀ. ਐੱਸ. ਪੀ. ਸੀ. ਐੱਲ. ਵਲੋਂ ਫਸਲਾਂ ਲਈ ਬਿਜਲੀ ਸਪਲਾਈ ਦਾ ਸ਼ਡਿਊਲ ਜਾਰੀ

ਸਿੱਧੂ ਦਾ ਨਾਮ ਲਏ ਬਿਨ੍ਹਾਂ ਸਾਧੇ ਨਿਸ਼ਾਨੇ
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੌਰਾਨ ਸਾਬਕਾ ਵਿਧਾਇਕਾਂ ਅਤੇ ਸੀਨੀਅਰ ਕਾਂਗਰਸੀ ਆਗੂਆਂ ਦੇ ਧੜੇ ਨੂੰ ਲੈ ਕੇ ਸਰਗਰਮ ਦਿਖਾਈ ਦੇ ਰਹੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਮ ਲਏ ਬਿਨਾਂ ਕਿਹਾ ਕਿ ਜੇਕਰ ਅੱਜ ਕਾਂਗਰਸ ਹਾਈਕਮਾਂਨ ਮੇਰੇ ਤੋਂ ਅਸਤੀਫ਼ਾ ਮੰਗੇ ਤਾਂ ਮੈਂ ਬਿਨਾਂ ਕਿਸੇ ਝਿੱਜਕ ਤੋਂ ਸੌਂਪ ਦੇਵਾਂਗਾ ਅਤੇ ਉਸ ਤੋਂ ਬਾਅਦ ਨਵੇਂ ਪ੍ਰਧਾਨ ਦਾ ਸਾਥ ਦੇਵਾਂਗਾ। ਉਨ੍ਹਾਂ ਕਿਹਾ ਕਿ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ ਬਲਕਿ ਪਾਰਟੀ ਵੱਡੀ ਹੁੰਦੀ ਹੈ ਅਤੇ ਕਈ ਲੋਕ ਹਾਉਮੈ ਵਿਚ ਆ ਕੇ ਇਹ ਭਰਮ ਪਾਲ ਲੈਂਦੇ ਹਨ ਕਿ ਉਨ੍ਹਾਂ ਤੋਂ ਬਗੈਰ ਪਾਰਟੀ ਨਹੀਂ ਚੱਲੇਗੀ। ਪੱਤਰਕਾਰਾਂ ਵਲੋਂ ਪੁੱਛੇ ਜਾਣ ’ਤੇ ਰਾਜਾ ਵੜਿੰਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਿੱਧੂ ਨਾਲ ਕੋਈ ਲੜਾਈ ਨਹੀਂ ਹੈ ਅਤੇ ਜੋ ਸਮਝੌਤਾ ਕਰਵਾਉਣ ਦੀਆਂ ਅਖ਼ਬਾਰਾਂ ’ਚ ਸੁਰਖ਼ੀਆਂ ਹਨ ਉਹ ਬਿਲਕੁਲ ਬੇਬੁਨਿਆਦ ਹਨ। ਰਾਜਾ ਵੜਿੰਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਈ ਵੀ ਮੀਟਿੰਗਾਂ ਕਰ ਸਕਦਾ ਹੈ ਅਤੇ ਜੇਕਰ ਕੋਈ ਪਾਰਟੀ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਬਰਦਾਸ਼ਤ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਸਖ਼ਤ ਕਦਮ, ਸੂਬੇ ’ਤੇ ਚੜ੍ਹੇ 3 ਲੱਖ ਕਰੋੜ ਦੇ ਕਰਜ਼ ਦਾ ਆਡਿਟ ਕਰਵਾਏਗੀ ਸਰਕਾਰ

ਆਮ ਆਦਮੀ ਪਾਰਟੀ ਦਾ ਸ਼ਰਾਫ਼ਤ ਵਾਲਾ ਚਿਹਰਾ ਬੇਨਕਾਬ ਹੋਣ ਲੱਗਾ
ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਦਿੱਲੀ ਵਿਖੇ ਪੰਜਾਬ ਪੁਲਸ ਵਲੋਂ ਕੁਮਾਰ ਵਿਸ਼ਵਾਸ ਦੇ ਘਰ ਛਾਪੇਮਾਰੀ ਅਤੇ ਰੋਪੜ ਵਿਚ ਉਸ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸ਼ਰਾਫ਼ਤ ਵਾਲਾ ਚਿਹਰਾ ਬੇਨਕਾਬ ਹੋਣ ਲੱਗ ਪਿਆ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਕਿਹਾ ਕਿ ਆਪਣੇ ‘ਆਕਾ’ ਕੇਜਰੀਵਾਲ ਨੂੰ ਖੁਸ਼ ਕਰਨ ਲਈ ਅਜਿਹੀਆਂ ਹਰਕਤਾਂ ਨਾ ਕਰਨ। ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਨੋਟਿਸ ਦਾ ਜਵਾਬ ਨਾ ਦਿੱਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਨੁਸ਼ਾਸਨ ਮੇਰੇ ਲਈ ਅਤੇ ਸਭ ਕਾਂਗਰਸੀ ਆਗੂਆਂ ਲਈ ਬਰਾਬਰ ਹੈ ਅਤੇ ਜੋ ਵੀ ਇਸ ਨੂੰ ਭੰਗ ਕਰੇਗਾ ਉਹ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਸਾਡੀ ਗਲਤੀ ਨਾਲ ਕੋਈ ਕਾਂਗਰਸੀ ਆਗੂ ਨਰਾਜ਼ ਹੋ ਕੇ ਬੈਠਾ ਹੈ ਤਾਂ ਉਨ੍ਹਾਂ ਦੀ ਘਰ ਵਾਪਸੀ ਲਈ ਯਤਨ ਜ਼ਰੂਰ ਕੀਤੇ ਜਾਣਗੇ। ਐੱਸ.ਵਾਈ.ਐੱਲ ਅਤੇ ਪੰਜਾਬ ਦੇ ਪਾਣੀ ਦੇ ਮੁੱਦਿਆਂ ’ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਪੰਜਾਬ ਦਾ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦੇਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਵਿਧਾਇਕ, ਪੰਜਾਬ ਦੇ ਅਫ਼ਸਰਾਂ ਨੂੰ ਦੋ ਟੁੱਕ ’ਚ ਦਿੱਤਾ ਇਹ ਸੁਨੇਹਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News