GST ਵਿਭਾਗ ਦੇ ਛਾਪਿਆਂ ਨੂੰ ਲੈ ਕੇ ਰਾਜਾ ਵੜਿੰਗ ਨੇ ‘ਆਪ’ ਸਰਕਾਰ ’ਤੇ ਵਿੰਨੇ ਤਿੱਖੇ ਨਿਸ਼ਾਨੇ

12/06/2022 8:26:08 PM

ਚੰਡੀਗੜ੍ਹ (ਬਿਊਰੋ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ’ਚ ਫੈਲਾਏ ਜਾ ਰਹੇ ਟੈਕਸ ਅੱਤਵਾਦ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਾਨੂੰਨ ਲਾਗੂ ਕਰਵਾਓ ਪਰ ਵਪਾਰੀਆਂ ’ਚ ਦਹਿਸ਼ਤ ਨਾ ਫੈਲਾਓ। ਟੈਕਸ ਵਿਭਾਗ ਵੱਲੋਂ ਸੂਬੇ ਭਰ ’ਚ ਮਾਰੇ ਗਏ ਛਾਪਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਵੜਿੰਗ ਨੇ ਕਿਹਾ ਕਿ ਸਰਕਾਰ ਵੱਡੇ ਪੱਧਰ ’ਤੇ ਸ਼ਰਾਬ ਘਪਲੇ ’ਚ ਸ਼ਾਮਲ ਹੋਣ ਦੇ ਗੰਭੀਰ ਦੋਸ਼ ਝੱਲ ਰਹੀ ਹੈ, ਜੋ ਆਪਣੇ ਟੈਕਸ ਅਧਿਕਾਰੀਆਂ ਰਾਹੀਂ ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ’ਤੇ ਆਪਣਾ ਗੁੱਸਾ ਕੱਢ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ, ਮੂਸੇਵਾਲਾ ਕਤਲਕਾਂਡ ’ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ ! ਪੜ੍ਹੋ Top 10

ਅਜਿਹੇ ਛਾਪਿਆਂ ਬਾਰੇ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਜੀ. ਐੱਸ. ਟੀ. ਅਧਿਕਾਰੀਆਂ ਨੂੰ ਕੋਈ ਖ਼ਦਸ਼ਾ ਹੈ ਜਾਂ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਉਹ ਸਿੱਧੇ ਤੌਰ ’ਤੇ ਸਬੰਧਤ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਸਥਿਤੀ ਸਪੱਸ਼ਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੀ ਤਸੱਲੀ ਨਹੀਂ ਹੈ ਤਾਂ ਤੁਸੀਂ ਜਾਂਚ ਨੂੰ ਅੱਗੇ ਲੈ ਕੇ ਕਾਰੋਬਾਰੀ ਦੇ ਕੰਪਲੈਕਸ ਜਾ ਸਕਦੇ ਹੋ ਪਰ ਅਧਿਕਾਰੀਆਂ ਵੱਲੋਂ ਅਜਿਹਾ ਡਰ ਅਤੇ ਦਹਿਸ਼ਤ ਦਾ ਮਾਹੌਲ ਕਿਉਂ ਬਣਾਇਆ ਜਾ ਰਿਹਾ ਹੈ, ਜਿਵੇਂ ਤੁਸੀਂ ਕਿਸੇ ਅੱਤਵਾਦੀ ਦੀ ਭਾਲ ’ਚ ਛਾਪੇਮਾਰੀ ਕਰ ਰਹੇ ਹੋਵੋ।

ਇਹ ਖ਼ਬਰ ਵੀ ਪੜ੍ਹੋ : ਕਰਤਾਰਪੁਰ ਸਾਹਿਬ ਕਾਰੀਡੋਰ ਪਹੁੰਚੇ ਦਿੱਲੀ ਦੇ ਕਾਰੋਬਾਰੀ ਦੇ ਦਸਤਾਵੇਜ਼ ਨਿਕਲੇ ਜਾਅਲੀ, PA ਖ਼ਿਲਾਫ਼ ਮਾਮਲਾ ਦਰਜ

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਟੈਕਸ ਅਧਿਕਾਰੀਆਂ ਨੇ ਕਰਿਆਨੇ ਅਤੇ ਭਾਂਡਿਆਂ ਦੀਆਂ ਦੁਕਾਨਾਂ ਵਰਗੇ ਛੋਟੇ ਕਾਰੋਬਾਰਾਂ ’ਤੇ ਛਾਪੇਮਾਰੀ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਅਜਿਹੇ ਛਾਪੇ ਮਾਰ ਕੇ ਅਜਿਹਾ ਕੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਕੁਝ ਵੀ ਸਾਹਮਣੇ ਨਹੀਂ ਆਵੇਗਾ। ਇਹ ਸਰਕਾਰ ਦੀ ਨਿਰਾਸ਼ਾ ਨੂੰ ਹੀ ਦਰਸਾਉਂਦਾ ਹੈ, ਜਿਸ ਨੇ ਸੂਬੇ ਨੂੰ ਦੀਵਾਲੀਏਪਣ ਵੱਲ ਧੱਕ ਦਿੱਤਾ ਹੈ ਅਤੇ ਹੁਣ ਛੋਟੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵੜਿੰਗ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਵੱਡੇ ਸ਼ਰਾਬ ਕਾਰੋਬਾਰੀਆਂ ਨੂੰ ਮਿਲੀਭੁਗਤ ਕਰਕੇ ਛੱਡ ਰਹੀ ਹੈ, ਜਦਕਿ ਦੂਜੇ ਪਾਸੇ ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ’ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਪਾਰੀ ਵਰਗ ਪਹਿਲਾਂ ਹੀ ਜੀ. ਐੱਸ. ਟੀ. ਦੇ ਗ਼ਲਤ ਲਾਗੂ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਹੁਣ ਸੂਬਾ ਸਰਕਾਰ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ।


Manoj

Content Editor

Related News