ਕਾਂਗਰਸ ਨੇ ਤਾਂ ਦਲਿਤ ਨੂੰ ਸੱਤਾ ਸੌਂਪ ਦਿੱਤੀ, ਕੀ ਅਕਾਲੀ ਦਲ ਅਜਿਹਾ ਐਲਾਨ ਕਰਨ ਦੇ ਸਮਰੱਥ ਹੈ: ਰਾਜਕੁਮਾਰ ਵੇਰਕਾ

Thursday, Dec 16, 2021 - 11:00 AM (IST)

ਕਾਂਗਰਸ ਨੇ ਤਾਂ ਦਲਿਤ ਨੂੰ ਸੱਤਾ ਸੌਂਪ ਦਿੱਤੀ, ਕੀ ਅਕਾਲੀ ਦਲ ਅਜਿਹਾ ਐਲਾਨ ਕਰਨ ਦੇ ਸਮਰੱਥ ਹੈ: ਰਾਜਕੁਮਾਰ ਵੇਰਕਾ

ਜਲੰਧਰ (ਸੁਨੀਲ ਧਵਨ)– ਪੰਜਾਬ ਦੇ ਉਚੇਰੀ ਮੈਡੀਕਲ ਸਿੱਖਿਆ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪਹਿਲੀ ਵਾਰ 2002 ਦੀ ਵਿਧਾਨ ਸਭਾ ਚੋਣ ਵੇਰਕਾ ਵਿਧਾਨ ਸਭਾ ਸੀਟ ਤੋਂ ਲੜੀ ਸੀ, ਜਿਸ ਵਿਚ ਉਨ੍ਹਾਂ ਦੀ ਜਿੱਤ ਹੋਈ ਸੀ। 2007 ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਅੰਮ੍ਰਿਤਸਰ ਪੱਛਮੀ ਸੀਟ ਤੋਂ ਆਪਣੀ ਕਿਸਮਤ ਅਜ਼ਮਾਈ, ਜਿਸ ਵਿਚ ਉਨ੍ਹਾਂ ਨੂੰ ਸ਼ਾਨਦਾਰ ਸਫਲਤਾ ਮਿਲੀ। ਵੇਰਕਾ ਉਨ੍ਹਾਂ 42 ਕਾਂਗਰਸੀ ਵਿਧਾਇਕਾਂ ’ਚ ਸ਼ਾਮਲ ਸਨ, ਜਿਨ੍ਹਾਂ ਨੇ ਐੱਸ. ਵਾਈ. ਐੱਲ. ਦੇ ਮਾਮਲੇ ’ਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਮੱਦੇਨਜ਼ਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਵੇਰਕਾ ਨੇ 2017 ਵਿਚ ਅੰਮ੍ਰਿਤਸਰ ਪੱਛਮੀ ਸੀਟ ਤੋਂ ਮੁੜ ਚੋਣ ਜਿੱਤੀ ਅਤੇ ਤੀਜੀ ਵਾਰ ਵਿਧਾਇਕ ਬਣੇ। ਉਨ੍ਹਾਂ 2010 ਤੋਂ 2016 ਤੱਕ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਵਿਚ ਉਪ ਚੇਅਰਮੈਨ ਵਜੋਂ ਵੀ ਕੰਮ ਕੀਤਾ। ਡਾ. ਵੇਰਕਾ ਦੀ ਪੰਜਾਬ ਦੀ ਦਲਿਤ ਰਾਜਨੀਤੀ ’ਤੇ ਡੂੰਘੀ ਪਕੜ ਹੈ ਅਤੇ ਇਸੇ ਲਈ ਕਾਂਗਰਸ ਹਾਈਕਮਾਂਡ ਨੇ ਡਾ. ਵੇਰਕਾ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ 2 ਮਹੀਨੇ ਪਹਿਲਾਂ ਉਨ੍ਹਾਂ ਨੂੰ ਪੰਜਾਬ ਕੈਬਨਿਟ ’ਚ ਕੈਬਨਿਟ ਮੰਤਰੀ ਵਜੋਂ ਸ਼ਾਮਲ ਕੀਤਾ ਸੀ। ਰਾਜ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਕਿਸੇ ਵੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਦਲਿਤ ਵੋਟ ਬੈਂਕ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਸਬੰਧੀ ਡਾ. ਵੇਰਕਾ ਨਾਲ ਸਵਾਲ-ਜਵਾਬ ਕੀਤੇ ਗਏ, ਜੋ ਇਸ ਪ੍ਰਕਾਰ ਸਨ।

ਸ. ਕਾਂਗਰਸ ਹਾਈਕਮਾਂਡ ਨੇ ਮੁੱਖ ਮੰਤਰੀ ਦੀ ਵਾਗਡੋਰ ਦਲਿਤ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਸੌਂਪ ਦਿੱਤੀ। ਵਿਧਾਨ ਸਭਾ ਚੋਣਾਂ ’ਚ ਦਲਿਤ ਵੋਟਰਾਂ ’ਤੇ ਇਸ ਦਾ ਕੀ ਅਸਰ ਪਵੇਗਾ?
ਜ.
ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਲੋਕ ਕਾਂਗਰਸ ਹਾਈਕਮਾਂਡ ਵੱਲੋਂ ਲਏ ਫੈਸਲੇ ਤੋਂ ਖੁਸ਼ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦਲਿਤ ਵੋਟ ਬੈਂਕ ਦੀ ਮਦਦ ਨਾਲ ਕਾਂਗਰਸ ਸੂਬੇ ਵਿਚ ਮੁੜ ਸਰਕਾਰ ਬਣਾਉਣ ਦੀ ਸਥਿਤੀ ਵਿਚ ਆ ਜਾਵੇਗੀ।

ਸ. ਅਕਾਲੀ ਦਲ ਨੇ ਵੀ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ​​ਲਿਆ ਹੈ। ਕੀ ਦਲਿਤ ਵੋਟ ਬੈਂਕ ਅਕਾਲੀ ਦਲ ਵੱਲ ਨਹੀਂ ਜਾਵੇਗਾ?
ਜ.
ਮੈਨੂੰ ਨਹੀਂ ਲੱਗਦਾ ਕਿ ਬਸਪਾ ਨਾਲ ਗਠਜੋੜ ਕਰਨ ਨਾਲ ਅਕਾਲੀ ਦਲ ਨੂੰ ਕੋਈ ਫਾਇਦਾ ਹੋਵੇਗਾ। ਅਸਲ ਵਿਚ ਕਾਂਗਰਸ ਨੇ ਦਲਿਤ ਭਾਈਚਾਰੇ ਵਿਚੋਂ ਹੀ ਆਪਣਾ ਮੁੱਖ ਮੰਤਰੀ ਬਣਾਇਆ ਹੈ। ਹੁਣ ਕੀ ਅਕਾਲੀ ਦਲ ਦਲਿਤ ਨੂੰ ਆਪਣਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰੇਗਾ?

ਸ. ਤੁਹਾਡੇ ਖ਼ਿਆਲ ਵਿਚ ਕਾਂਗਰਸ ਪੰਜਾਬ ਦੇ ਸਮੁੱਚੇ ਦਲਿਤ ਭਾਈਚਾਰੇ ਵਿਚੋਂ ਕਿੰਨੇ ਪ੍ਰਤੀਸ਼ਤ ਵੋਟਾਂ ਹਾਸਲ ਕਰ ਸਕਦੀ ਹੈ?
ਜ.
ਮੈਨੂੰ ਲੱਗਦਾ ਹੈ ਕਿ ਇਸ ਵਾਰ ਕਾਂਗਰਸ ਸਮੁੱਚੇ ਦਲਿਤ ਭਾਈਚਾਰੇ ਵਿਚੋਂ 75 ਫੀਸਦੀ ਵੋਟਾਂ ਲੈ ਸਕੇਗੀ। ਕਾਂਗਰਸ ਦੇ ਇਤਿਹਾਸਕ ਫੈਸਲੇ ਦਾ ਲਾਭ ਪਾਰਟੀ ਨੂੰ ਜ਼ਰੂਰ ਮਿਲੇਗਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੀ ਪਿਛਲੇ 2 ਮਹੀਨਿਆਂ ਦੌਰਾਨ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਇਤਿਹਾਸਕ ਫੈਸਲੇ ਲਏ ਹਨ।

ਸ. ਤੁਸੀਂ ਮਾਝਾ ਖੇਤਰ ਨਾਲ ਸਬੰਧ ਰੱਖਦੇ ਹੋ ਅਤੇ ਕਿਸੇ ਸਮੇਂ ਮਾਝੇ ਵਿਚ ਅਕਾਲੀ ਦਲ ਦਾ ਦਬਦਬਾ ਹੁੰਦਾ ਸੀ। ਹੁਣ 2022 ’ਚ ਮਾਝਾ ਖੇਤਰ ’ਚ ਸਿਆਸੀ ਸਥਿਤੀ ਕੀ ਹੋਣ ਜਾ ਰਹੀ ਹੈ?
ਜ.
ਮਾਝੇ ਵਿਚ ਪਿਛਲੀ ਵਾਰ 2017 ਵਿਚ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਜ਼ਿਆਦਾਤਰ ਸੀਟਾਂ ਜਿੱਤੀਆਂ ਸਨ। ਮੈਨੂੰ ਲੱਗਦਾ ਹੈ ਕਿ ਕਾਂਗਰਸ ਇਸ ਵਾਰ ਵੀ 2017 ਦੀ ਜਿੱਤ ਨੂੰ ਦੁਹਰਾਉਣ ਦੇ ਯੋਗ ਹੋਵੇਗੀ। ਮਾਝੇ ਦੇ ਲੋਕ ਹੁਣ ਅਕਾਲੀ ਦਲ ਨੂੰ ਮੰਨਣ ਲਈ ਤਿਆਰ ਨਹੀਂ ਹਨ ਕਿਉਂਕਿ ਲੋਕ ਅਕਾਲੀ ਰਾਜ ਦੌਰਾਨ ਮਾਝੇ ਦੇ ਲੋਕਾਂ ’ਤੇ ਹੋਏ ਜ਼ੁਲਮਾਂ ​​ਨੂੰ ਭੁੱਲੇ ਨਹੀਂ ਹਨ।

ਸ. ਮਾਲਵਾ ਖੇਤਰ ਵਿਚ ਜ਼ਿਆਦਾਤਰ ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਆਮ ਆਦਮੀ ਪਾਰਟੀ ਮਾਲਵੇ ਦੇ ਦਮ ’ਤੇ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ?
ਜ.
ਮੈਨੂੰ ਨਹੀਂ ਲੱਗਦਾ ਕਿ ਇਸ ਵਿਚ ਕੋਈ ਸੱਚਾਈ ਹੋਵੇਗੀ। ਮਾਲਵੇ ਵਿਚ ਵੀ ਅੱਜ ਕਾਂਗਰਸ ਮਜ਼ਬੂਤ ​​ਸਥਿਤੀ ਵਿਚ ਹੈ ਅਤੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਕੀਤੀਆਂ ਰੈਲੀਆਂ ਵਿਚ ਕਾਂਗਰਸ ਨੂੰ ਲੋਕਾਂ ਦਾ ਚੰਗਾ ਸਮਰਥਨ ਮਿਲਿਆ ਹੈ। ਮਾਲਵੇ ਵਿਚ ਪਿਛਲੀ ਵਾਰ ਵਾਂਗ ਕਾਂਗਰਸ ਦੀ ਕਾਰਗੁਜ਼ਾਰੀ ਬਿਹਤਰ ਰਹੇਗੀ।

ਇਹ ਵੀ ਪੜ੍ਹੋ: ਯਾਤਰੀਆਂ ਲਈ ਵੱਡੀ ਰਾਹਤ: ਅੱਜ ਤੋਂ ਚੱਲਣਗੀਆਂ ਪਨਬੱਸ ਤੇ PRTC ਦੀਆਂ ਬੱਸਾਂ, ਮੁਲਾਜ਼ਮ ਵੀ ਹੋਣਗੇ ਪੱਕੇ

ਸ. ਮਾਝੇ ਵਿਚ ਆਮ ਆਦਮੀ ਪਾਰਟੀ ਨੇ ਤਿਰੰਗਾ ਯਾਤਰਾ ਕੱਢ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ, ਇਸ ਦੀ ਸਥਿਤੀ ਕੀ ਹੈ?
ਜ.
ਤਿਰੰਗਾ ਯਾਤਰਾ ’ਚ ਆਮ ਆਦਮੀ ਪਾਰਟੀ ਨੂੰ ਕੋਈ ਸਮਰਥਨ ਨਹੀਂ ਮਿਲਿਆ। ਮਾਝੇ ਵਿਚ ਕਾਂਗਰਸ ਅਤੇ ਅਕਾਲੀ-ਬਸਪਾ ਗਠਜੋੜ ਵਿਚਾਲੇ ਸਿੱਧਾ ਮੁਕਾਬਲਾ ਹੋਣਾ ਤੈਅ ਹੈ।

ਸ. ਕਾਂਗਰਸ ’ਚ ਇਸ ਸਮੇਂ ਮੁੱਖ ਮੰਤਰੀ ਅਹੁਦੇ ਦੇ ਕਈ ਦਾਅਵੇਦਾਰ ਹਨ। ਤੁਸੀਂ ਕੀ ਕਹਿਣਾ ਚਾਹੋਗੇ?
ਜ.
ਕਾਂਗਰਸ ਦੇ ਜੇਤੂ ਵਿਧਾਇਕ ਹੀ ਮੁੱਖ ਮੰਤਰੀ ਦੀ ਚੋਣ ਕਰਦੇ ਹਨ। ਕਾਂਗਰਸ ਦੀ ਇਹ ਰਵਾਇਤ ਸਾਲਾਂ ਤੋਂ ਚੱਲੀ ਆ ਰਹੀ ਹੈ ਅਤੇ ਇਸ ਵਾਰ ਵੀ ਪਾਰਟੀ ਲੀਡਰਸ਼ਿਪ ਇਸੇ ਰਵਾਇਤ ਦਾ ਪਾਲਣ ਕਰ ਰਹੀ ਹੈ।

ਸ. ਤੁਹਾਨੂੰ ਪਹਿਲੀ ਵਾਰ ਕੈਬਨਿਟ ਵਿਚ ਮੰਤਰੀ ਦਾ ਅਹੁਦਾ ਮਿਲਿਆ ਹੈ। ਤੁਸੀਂ ਕੀ ਕਹਿਣਾ ਚਾਹੋਗੇ?
ਜ.
ਕਾਂਗਰਸ ਹਾਈਕਮਾਂਡ ਨੇ ਮੇਰਾ ਨਹੀਂ ਸਗੋਂ ਸਮੁੱਚੇ ਦਲਿਤ ਭਾਈਚਾਰੇ ਦਾ ਮਾਣ ਵਧਾਇਆ ਹੈ। ਪਾਰਟੀ ਨੇ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ, ਉਸ ਨੂੰ ਮੈਂ ਬਾਖੂਬੀ ਨਿਭਾਇਆ ਹੈ ਅਤੇ ਅੱਗੇ ਵੀ ਨਿਭਾਉਂਦਾ ਰਹਾਂਗਾ।

ਸ. ਉੱਚ ਮੈਡੀਕਲ ਸਿੱਖਿਆ ਵਿਭਾਗ ਨੂੰ ਹਾਸਲ ਕਰਕੇ ਤੁਹਾਡੀਆਂ ਕੀ ਯੋਜਨਾਵਾਂ ਹਨ?
ਜ.
ਉਚੇਰੀ ਮੈਡੀਕਲ ਸਿੱਖਿਆ ਵਿਭਾਗ ਅਧੀਨ ਉਹ ਰਾਜ ਦੇ ਵਿਦਿਆਰਥੀਆਂ ਨੂੰ ਮਿਆਰੀ ਡਾਕਟਰੀ ਸਿੱਖਿਆ ਪ੍ਰਦਾਨ ਕਰਨ ਅਤੇ ਰਾਜ ਵਿਚ ਬਿਹਤਰ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਦ੍ਰਿੜ ਸੰਕਲਪ ਹਨ। ਉਨ੍ਹਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਹੋਰਨਾਂ ਸੂਬਿਆਂ ਵਾਂਗ ਪੰਜਾਬ ਵੀ ਮੈਡੀਕਲ ਖੇਤਰ ਵਿਚ ਨਵੀਆਂ ਬੁਲੰਦੀਆਂ ਨੂੰ ਛੂਹੇ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਸਰਕਾਰ ਬਣਨ 'ਤੇ ਜਲੰਧਰ 'ਚ ਬਣੇਗਾ ਇੰਟਰਨੈਸ਼ਨਲ ਏਅਰਪੋਰਟ

ਪੰਜਾਬ ’ਚ ਵੱਧ ਤੋਂ ਵੱਧ ਮੈਡੀਕਲ ਕਾਲਜ ਖੋਲ੍ਹਣ ਦੀ ਯੋਜਨਾ
ਡਾ. ਰਾਜਕੁਮਾਰ ਵੇਰਕਾ ਨੇ ਕਿਹਾ ਕਿ ਉਹ ਪੰਜਾਬ ਵਿਚ ਵੱਧ ਤੋਂ ਵੱਧ ਮੈਡੀਕਲ ਕਾਲਜ ਖੋਲ੍ਹਣ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ। ਇਸ ਸਬੰਧੀ ਮੋਹਾਲੀ ਦੇ ਮੈਡੀਕਲ ਕਾਲਜ ਦੀ ਸ਼ੁਰੂਆਤ ਵਿੱਦਿਆ ਪੱਧਰ ਤੋਂ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਉਨ੍ਹਾਂ ਉਚ ਅਧਿਕਾਰੀਆਂ ਨੂੰ ਮੀਟਿੰਗ ਕਰਕੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਮੈਡੀਕਲ ਕਾਲਜ ਲਈ ਬੁਨਿਆਦੀ ਢਾਂਚਾ ਤਿਆਰ ਹੋਣ ਵਾਲਾ ਹੈ ਅਤੇ ਲੋੜੀਂਦੇ ਉਪਕਰਨਾਂ ਦੀ ਖਰੀਦ ਲਈ ਟੈਂਡਰ ਜਾਰੀ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਦੇ ਇਸ ਪੱਧਰ ਦੌਰਾਨ ਸੂਬੇ ਵਿਚ ਮੈਡੀਕਲ ਸੀਟਾਂ ਵੀ ਵਧਾਈਆਂ ਗਈਆਂ ਹਨ ਤਾਂ ਜੋ ਪੰਜਾਬ ਦੇ ਬੱਚੇ ਮੈਡੀਕਲ ਦੀ ਸਿੱਖਿਆ ਲੈ ਸਕਣ। ਆਉਣ ਵਾਲੇ ਸਮੇਂ ਵਿਚ ਵੀ ਕੇਂਦਰ ਸਰਕਾਰ ਤੋਂ ਪੰਜਾਬ ਨੂੰ ਵੱਧ ਤੋਂ ਵੱਧ ਮੈਡੀਕਲ ਕਾਲਜ ਅਲਾਟ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।

ਭਾਰਤੀ ਰਾਜਨੀਤੀ ਅਤੇ ਸਮਾਜਿਕ ਖੇਤਰ ਵਿਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ
ਡਾ. ਰਾਜ ਕੁਮਾਰ ਵੇਰਕਾ ਵੱਲੋਂ ਭਾਰਤੀ ਰਾਜਨੀਤੀ ਅਤੇ ਸਮਾਜਿਕ ਖੇਤਰ ਵਿਚ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਦੇਸ਼ ਭਗਤ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡਾਕਟਰ ਆਫ਼ ਫਿਲਾਸਫੀ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ। ਡਾ. ਵੇਰਕਾ ਨੇ ਡਾਕਟਰੇਟ ਡਿਗਰੀ ਪ੍ਰਾਪਤ ਕਰਨ ਉਪਰੰਤ ਕਿਹਾ ਕਿ ਉਹ ਸਮਾਜਿਕ ਖੇਤਰ ਵਿਚ ਇਸੇ ਤਰ੍ਹਾਂ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਉਨ੍ਹਾਂ ਦੇ ਏਜੰਡੇ ਵਿਚ ਸਭ ਤੋਂ ਉੱਪਰ ਰਹੇਗਾ।

ਇਹ ਵੀ ਪੜ੍ਹੋ: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਪੁਲਸ ਮੁਲਾਜ਼ਮ ਤੇ ਪਤਨੀ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News