ਚੰਨੀ ਦੇ ਮੰਤਰੀ ਦਾ ਵੱਡਾ ਦਾਅਵਾ, ਮੁੜ ਕਾਂਗਰਸ ’ਚ ਆਉਣਗੇ ਕੈਪਟਨ ਅਮਰਿੰਦਰ ਸਿੰਘ
Sunday, Nov 14, 2021 - 04:46 PM (IST)
ਅੰਮ੍ਰਿਤਸਰ (ਸੁਮਿਤ) : ਚੰਨੀ ਸਰਕਾਰ ਦੇ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਡਾ. ਵੇਰਕਾ ਦਾ ਆਖਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿਚ ਵਾਪਸ ਲਿਆਂਦਾ ਜਾ ਸਕਦਾ ਹੈ। ਇੰਨਾ ਹੀ ਨਹੀਂ ਵੇਰਕਾ ਨੇ ਆਖਿਆ ਹੈ ਕਿ ਕੈਪਟਨ ਦੀ ਵਾਪਸੀ ਲਈ ਕੰਮ ਵੀ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਇਕ ਸਮਾਗਮ ਵਿਚ ਪਹੁੰਚੇ ਰਾਜ ਕੁਮਾਰ ਵੇਰਕਾ ਨੇ ਪੰਜਾਬ ਦੇ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਸੁਖਬੀਰ ਬਾਦਲ ’ਤੇ ਚੁਟਕੀ ਵੀ ਲਈ। ਉਨ੍ਹਾਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਟਿੱਕਟਾਂ ਵੰਡ ਰਹੇ ਹਨ ਪਰ ਇਹ ਟਿੱਕਟਾਂ ਫ਼ਿਲਮ ਦੀਆਂ ਹਨ, ਜਿਸ ਨੂੰ ਦੇਖਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਾਲ ਵੀ ਅਜਿਹਾ ਹੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼, ਦੱਸਿਆ ‘ਬੱਬਰ ਸ਼ੇਰ’
ਦੱਸਣਯੋਗ ਹੈ ਕਿ ਕਾਂਗਰਸ ਵਿਚੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ‘ਪੰਜਾਬ ਲੋਕ ਕਾਂਗਰਸ’ਨਾਂ ਦੀ ਵੱਖਰੀ ਪਾਰਟੀ ਬਣਾ ਚੁੱਕੇ ਹਨ। ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋਣ ਸਮੇਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ ਸੀ ਕਿ ਹੁਣ ਉਹ ਕਿਸੇ ਵੀ ਕੀਮਤ ’ਤੇ ਕਾਂਗਰਸ ਦਾ ਹਿੱਸਾ ਨਹੀਂ ਰਹਿਣਗੇ। ਉਂਝ ਭਾਵੇਂ ਕੈਪਟਨ ਨੇ ਨਵੀਂ ਪਾਰਟੀ ਬਣਾ ਲਈ ਹੈ ਅਤੇ ਇਸ ਦਾ ਨਾਂ ਵੀ ਐਲਾਨ ਦਿੱਤਾ ਹੈ ਪਰ ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਕਾਂਗਰਸ ਦੇ ਕਿਹੜੇ ਆਗੂ ਕੈਪਟਨ ਦੇ ਹੱਕ ਵਿਚ ਭੁਗਤਦੇ ਹਨ। ਫਿਲਹਾਲ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦਾ ਦਾਅਵਾ ਕਿੰਨਾ ਕੁ ਸਹੀ ਸਾਬਤ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ‘ਆਪ’ ਵਲੋਂ ਪਹਿਲੀ ਸੂਚੀ ਜਾਰੀ, 10 ਉਮੀਦਵਾਰਾਂ ਦਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?