ਸੈਂਕੜੇ ਸਕੂਲਾਂ ''ਚ ਮੀਂਹ ਦਾ ਪਾਣੀ ਭਰਨ ਨਾਲ ਸਰਕਾਰੀ ਦਾਅਵਿਆਂ ਦੀ ਪੋਲ ਖੁੱਲ੍ਹੀ

07/18/2019 12:31:40 PM

ਚੰਡੀਗੜ੍ਹ (ਭੁੱਲਰ) : ਪੰਜਾਬ 'ਚ ਪਿਛਲੇ ਦੋ ਦਿਨਾਂ ਦੌਰਾਨ ਪਏ ਪਹਿਲੇ ਮੀਂਹ ਨਾਲ ਹੀ ਸਕੂਲਾਂ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਸਬੰਧੀ ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਜ਼ਿਕਰਯੋਗ ਹੈ ਕਿ ਕਈ ਜ਼ਿਲਿਆਂ ਦੇ ਸੈਂਕੜੇ ਸਕੂਲਾਂ 'ਚ ਪਾਣੀ ਭਰਨ ਨਾਲ ਬੱਚਿਆਂ ਦੀ ਪੜ੍ਹਾਈ ਦਾ ਕੰਮ ਠੱਪ ਹੋ ਗਿਆ ਹੈ। ਕਈ ਜ਼ਿਲਿਆਂ 'ਚ ਵਿਭਾਗ ਦੀ ਰਿਪੋਰਟ 'ਤੇ ਡਿਪਟੀ ਕਮਿਸ਼ਨਰਾਂ ਨੂੰ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕਰਨੇ ਪਏ ਹਨ। ਇਨ੍ਹਾਂ ਜ਼ਿਲਿਆਂ 'ਚ ਮੁੱਖ ਮੰਤਰੀ ਦਾ ਜ਼ਿਲਾ ਵੀ ਸ਼ਾਮਲ ਹੈ, ਜਿਥੇ ਕਰੀਬ 30 ਸਕੂਲਾਂ 'ਚ ਮੀਂਹ ਦਾ ਪਾਣੀ ਭਰਿਆ ਹੈ। ਪਾਣੀ ਦਾ ਨਿਕਾਸ ਨਾ ਹੋਣ ਕਾਰਨ ਜਿੱਥੇ ਪੜ੍ਹਾਈ ਦਾ ਕੰਮ ਰੁਕਿਆ ਹੈ, ਉਥੇ ਗੰਦਾ ਪਾਣੀ ਜਮ੍ਹਾ ਹੋਣ ਨਾਲ ਬੀਮਾਰੀਆਂ ਫੈਲਣ ਦਾ ਵੀ ਖਤਰਾ ਪੈਦਾ ਹੋਇਆ ਹੈ। ਇਸੇ ਕਾਰਣ ਵਿਭਾਗ ਨੂੰ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕਰਨੇ ਪਏ ਹਨ। ਜ਼ਿਕਰਯੋਗ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ 'ਚ ਵੱਡੀ ਗਿਣਤੀ 'ਚ ਜਿੱਥੇ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹੋਣ ਅਤੇ ਹੋਰ ਸਹੂਲਤਾਂ ਦੀ ਕਮੀ ਦਾ ਮਾਮਲਾ ਵਿਰੋਧੀ ਪਾਰਟੀਆਂ ਵੱਲੋਂ ਚੁੱਕਿਆ ਜਾਂਦਾ ਰਿਹਾ ਹੈ, ਉਥੇ ਹੀ ਸਕੂਲਾਂ ਦੀਆਂ ਇਮਾਰਤਾਂ ਦੀ ਖਸਤਾ ਹਾਲਤ ਦਾ ਮਾਮਲਾ ਵੀ ਵਿਧਾਨ ਸਭਾ ਤੱਕ ਉਠਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ 'ਚ ਵਿਭਾਗ ਦੇ ਰਹੇ ਮੰਤਰੀਆਂ ਵੱਲੋਂ ਅਜਿਹੀਆਂ ਇਮਾਰਤਾਂ ਦਾ ਸਰਵੇ ਕਰਵਾ ਕੇ ਸੁਧਾਰ ਕਰਨ ਦੇ ਐਲਾਨ ਕੀਤੇ ਜਾਂਦੇ ਰਹੇ ਹਨ ਪਰ ਅਮਲੀ ਰੂਪ 'ਚ ਸਰਕਾਰੀ ਸਕੂਲਾਂ ਦੀਆਂ ਮਾੜੀ ਹਾਲਤ ਵਾਲੀਆਂ ਇਮਾਰਤਾਂ ਦੇ ਸਰਵੇ ਲਈ ਕੋਈ ਠੋਸ ਕੰਮ ਨਹੀਂ ਹੋਇਆ, ਜਿਸ ਦਾ ਨਤੀਜਾ ਹੈ ਕਿ ਬੀਤੇ ਦਿਨੀਂ ਸੈਕੜੇ ਸਕੂਲ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਰਨ ਪਾਣੀ 'ਚ ਡੁੱਬ ਗਏ ਹਨ। ਇਸ ਨਾਲ ਖਸਤਾ ਹਾਲਤ ਵਾਲੇ ਕਈ ਸਕੂਲਾਂ ਦੀਆਂ ਇਮਾਰਤਾਂ ਡਿੱਗਣ ਦਾ ਵੀ ਖਤਰਾ ਪੈਦਾ ਹੋਇਆ ਹੈ। ਅਨੇਕਾਂ ਸਕੂਲ ਅਜਿਹੇ ਵੀ ਹਨ, ਜਿੱਥੇ ਮੀਂਹ ਸਮੇਂ ਛੱਤਾਂ 'ਚੋਂ ਪਾਣੀ ਟਪਕਦਾ ਹੈ। ਜ਼ਿਕਰਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਦੇ ਨਵੇਂ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਪਿਛਲੇ ਦਿਨੀਂ ਸਕੂਲਾਂ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਲਈ ਪ੍ਰਤੀ ਸਕੂਲ 25-25 ਹਜ਼ਾਰ ਦੀ ਸਹਾਇਤਾ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਪਰ ਸਕੂਲਾਂ ਦੀ ਹਾਲਤ ਅਨੁਸਾਰ ਅਧਿਆਪਕ ਇਸ ਨੂੰ ਨਾਕਾਫੀ ਦਸ ਰਹੇ ਹਨ। ਇਸ ਲਈ ਹੋਰਨਾਂ ਸਮੱਸਿਆਵਾਂ ਤੋਂ ਇਲਾਵਾ ਸਕੂਲਾਂ ਦੀਆਂ ਇਮਾਰਤਾਂ ਅਤੇ ਬੁਨਿਆਦੀ ਸਹੂਲਤਾਂ 'ਚ ਸੁਧਾਰ ਨਵੇਂ ਮੰਤਰੀ ਸਿੰਗਲਾ ਲਈ ਇਕ ਵੱਡੀ ਚੁਣੌਤੀ ਹੈ।


Anuradha

Content Editor

Related News