ਪੰਜਾਬ ''ਚ ਕਈ ਥਾਈਂ ਸ਼ੁਰੂ ਹੋਈ ਬਾਰਿਸ਼, ਮੌਸਮ ਵਿਭਾਗ ਨੇ 10 ਜ਼ਿਲ੍ਹਿਆਂ ਲਈ ਜਾਰੀ ਕੀਤਾ Alert
Friday, Jul 12, 2024 - 08:17 AM (IST)
ਜਲੰਧਰ (ਵੈੱਬ ਡੈਸਕ): ਪਿਛਲੇ ਕਈ ਦਿਨਾਂ ਵਿਚ ਪੰਜਾਬ ਵਿਚ ਮਾਨਸੂਨ ਦਾ ਅਸਰ ਬਹੁਤ ਘੱਟ ਵੇਖਣ ਨੂੰ ਮਿਲਿਆ ਹੈ ਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਨਾਲ ਜੂਝਨਾ ਪੈ ਰਿਹਾ ਸੀ। ਇਸ ਵਿਚਾਲੇ ਅੱਜ ਸਵੇਰ ਤੋਂ ਸ਼ੁਰੂ ਹੋਈ ਬਾਰਿਸ਼ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ 12 ਜੁਲਾਈ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿਚ 30 ਤੋਂ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਮਹਾਨਗਰ ਜਲੰਧਰ ਤੇ ਗੁਆਂਢੀ ਜ਼ਿਲ੍ਹਿਆਂ ’ਚ ਵੀ ਹਨੇਰੀ ਦੇ ਨਾਲ-ਨਾਲ ਤੂਫਾਨ ਦੀ ਸੂਚਨਾ ਮਿਲੀ ਹੈ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹਾਲ ਹੀ ’ਚ ਜਲੰਧਰ ’ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਸੀ ਪਰ ਪੰਜਾਬ ’ਚ ਮਾਨਸੂਨ ਨੇ ਪੂਰਾ ਅਸਰ ਨਹੀਂ ਦਿਖਾਇਆ। ਇਸ ਦੇ ਉਲਟ ਉਤਰਾਖੰਡ, ਯੂ.ਪੀ. ਤੇ ਹਿਮਾਚਲ ’ਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਗੁਆਂਢੀ ਰਾਜਾਂ ’ਚ ਬਰਸਾਤ ਕਾਰਨ ਮੌਸਮ ਹੁੰਮਸ ਵਾਲਾ ਹੈ ਤੇ ਬੱਦਲ ਬਣਣ ਕਾਰਨ ਹਵਾ ਦੀ ਰਫ਼ਤਾਰ ਬਹੁਤ ਮੱਠੀ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਤੱਕ ਪਹੁੰਚ ਗਿਆ ਤੇ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇਸੇ ਸਿਲਸਿਲੇ ’ਚ ਜਲੰਧਰ ’ਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂ ਕਿ ਰਾਤ ਦਾ ਘੱਟੋ-ਘੱਟ ਤਾਪਮਾਨ 28.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 12-13 ਜੁਲਾਈ ਨੂੰ ਤਾਪਮਾਨ 3 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਜਲੰਧਰ ’ਚ 2 ਰਾਊਂਡ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਜੇਲ੍ਹ ਜਲੰਧਰ ਤੇ ਕਪੂਰਥਲਾ 'ਚ ਤਾਇਨਾਤ CRPF ਜਵਾਨ ਦੀ ਗੋਲ਼ੀ ਲੱਗਣ ਨਾਲ ਮੌਤ
ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਮੀਂਹ ਤੋਂ ਬਾਅਦ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ ਤੇ ਜਲੰਧਰ 'ਚ ਤਾਪਮਾਨ 32 ਡਿਗਰੀ ਤੱਕ ਪਹੁੰਚ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਜਲੰਧਰ ’ਚ ਜ਼ਿਆਦਾ ਬਾਰਿਸ਼ ਨਹੀਂ ਹੋਈ ਪਰ ਕੁਝ ਦਿਨਾਂ ਤੋਂ ਮੌਸਮ ’ਚ ਗਰਮੀ ਕਾਫੀ ਘੱਟ ਗਈ ਸੀ।
ਇਨ੍ਹਾਂ 10 ਜ਼ਿਲ੍ਹਿਆਂ ਲਈ ਜਾਰੀ ਹੋਇਆ ਬਾਰਿਸ਼ ਦਾ ਅਲਰਟ
- ਜਲੰਧਰ
- ਹੁਸ਼ਿਆਰਪੁਰ
- ਅੰਮ੍ਰਿਤਸਰ
- ਕਪੂਰਥਲਾ
- ਪਠਾਨਕੋਟ
- ਗੁਰਦਾਸਪੁਰ
- ਨਵਾਂਸ਼ਹਿਰ
- ਫ਼ਤਿਹਗੜ੍ਹ ਸਾਹਿਬ
- ਰੂਪਨਗਰ
- ਐੱਸ.ਏ.ਐੱਸ. ਨਗਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8