ਪੰਜਾਬ ’ਚ ਮੀਂਹ-ਗੜੇ, ਕਲ ਸ਼ਾਮ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ

Thursday, Feb 07, 2019 - 08:25 PM (IST)

ਚੰਡੀਗੜ੍ਹ, (ਏਜੰਸੀ)–ਪਿਛਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਨਾਲ ਲੱਗਦੇ ਇਲਾਕਿਆਂ ’ਚ ਮੌਸਮ ਖਰਾਬ ਰਿਹਾ। ਜਿੱਥੇ ਪੰਜਾਬ ’ਚ ਕਈ ਥਾਈਂ ਹਲਕੀ ਤੋਂ ਦਰਮਿਆਨੀ ਵਰਖਾ ਹੋਈ, ਉਥੇ ਹਿਮਾਚਲ ਤੇ ਜੰਮੂ-ਕਸ਼ਮੀਰ ਦੇ ਉਚੇਰੇ ਇਲਾਕਿਆਂ ’ਚ ਭਾਰੀ ਬਰਫਵਾਰੀ ਹੋਈ। ਪੰਜਾਬ ’ਚ ਕਈ ਥਾਵਾਂ ’ਤੇ ਗੜੇ ਵੀ ਪਏ, ਜਿਸ ਕਾਰਨ ਫਸਲਾਂ ਨੂੰ ਨੁਕਸਾਨ ਪੁੱਜਾ। ਭਾਰੀ ਬਰਫਬਾਰੀ ਕਾਰਨ ਕਸ਼ਮੀਰ ਵਾਦੀ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਵੀਰਵਾਰ ਵੀ ਕੱਟੀ ਰਹੀ।
ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸ਼ਾਮ ਤਕ ਪੰਜਾਬ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਨਾਲ ਹੀ ਤੇਜ਼ ਹਵਾਵਾਂ ਦੇ ਚੱਲਣ ਅਤੇ ਗੜੇ ਪੈਣ ਦਾ ਵੀ ਡਰ ਹੈ। ਚੰਡੀਗੜ੍ਹ, ਅੰਮ੍ਰਿਤਸਰ ਅਤੇ ਨਾਲ ਲੱਗਦੇ ਇਲਾਕਿਆਂ ’ਚ ਵੀਰਵਾਰ ਦੁਪਹਿਰ ਵੇਲੇ ਸੰਘਣੇ ਕਾਲੇ ਬੱਦਲ ਛਾ ਗਏ ਅਤੇ ਮੀਂਹ ਪਿਆ। ਚੰਡੀਗੜ੍ਹ ’ਚ ਸ਼ਾਮ ਤੱਕ 6 ਮਿ.ਮੀ. ਮੀਂਹ ਪੈ ਚੁੱਕਾ ਸੀ। ਅੰਮ੍ਰਿਤਸਰ ’ਚ 10, ਪਟਿਆਲਾ ’ਚ 4, ਹਲਵਾਰਾ ’ਚ 23, ਜਲੰਧਰ ਨੇੜੇ ਆਦਮਪੁਰ ’ਚ 39, ਬਠਿੰਡਾ ’ਚ 2, ਗੁਰਦਾਸਪੁਰ ’ਚ 11, ਪਠਾਨਕੋਟ ’ਚ 26 ਅਤੇ ਲੁਧਿਆਣਾ ’ਚ 6 ਮਿ.ਮੀ. ਮੀਂਹ ਪਿਆ।

ਹਿਮਾਚਲ ਦੇ ਉੱਚੇਰੇ ਇਲਾਕਿਆਂ ’ਚ ਬਰਫਬਾਰੀ
ਸ਼ਿਮਲਾ ਤੋਂ ਮਿਲੀਆਂ ਖਬਰਾਂ ਮੁਤਾਬਕ ਹਿਮਾਚਲ ਦੇ ਉਚੇਰੇ ਇਲਾਕਿਆਂ ’ਚ ਵੀਰਵਾਰ ਭਾਰੀ ਬਰਫਬਾਰੀ ਹੋਈ। ਕਾਂਗੜਾ, ਚੰਬਾ, ਕਿਨੌਰ ਅਤੇ ਕੁੱਲੂ ਜ਼ਿਲੇ ਦੇ ਉਚੇਰੇ ਇਲਾਕਿਆਂ ਤੋਂ ਤਾਜ਼ਾ ਬਰਫਬਾਰੀ ਦੀਆਂ ਖਬਰਾਂ ਹਨ। ਕਲਪਾ, ਸ਼ਿਮਲਾ ਅਤੇ ਸਿਰਮੌਰ ਜ਼ਿਲਿਆਂ ’ਚ ਵੀ ਬਰਫ ਪਈ ਹੈ। ਸ਼ਿਮਲਾ ਦੇ ਨਾਲ ਲੱਗਦੇ ਇਲਾਕਿਆਂ ’ਚ ਭਾਰੀ ਮੀਂਹ ਪਿਆ। ਚੰਬਾ, ਧਰਮਸ਼ਾਲਾ, ਪਾਲਮਪੁਰ, ਊਨਾ, ਮਨਾਲੀ ਤੇ ਡਲਹੌਜ਼ੀ ’ਚ ਮੀਂਹ ਪੈਣ ਦੀਆਂ ਖਬਰਾਂ ਹਨ। ਪੂਰੇ ਹਿਮਾਚਲ ’ਚ ਵੀਰਵਾਰ ਸਾਰਾ ਦਿਨ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ।

ਕਸ਼ਮੀਰ ਵਾਦੀ ’ਚ ਭਾਰੀ ਬਰਫਬਾਰੀ
ਕਸ਼ਮੀਰ ਵਾਦੀ ਦੇ ਉਚੇਰੇ ਇਲਾਕਿਆਂ ’ਚ ਵੀਰਵਾਰ ਵੀ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਹਵਾਈ ਸੇਵਾਵਾਂ ਠੱਪ ਰਹੀਆਂ। ਵਾਦੀ ਲਗਾਤਾਰ ਦੂਜੇ ਦਿਨ ਬਾਕੀ ਦੇਸ਼ਾਂ ਨਾਲੋਂ ਹਰ ਪਾਸਿਓਂ ਕੱਟੀ ਰਹੀ। ਜਵਾਹਰ ਸੁਰੰਗ ਅਤੇ ਪਟਨੀ ਟਾਪ ਇਲਾਕਿਆਂ ’ਚ ਬਰਫਬਾਰੀ ਕਾਰਨ ਜੰਮੂ-ਸ੍ਰੀਨਗਰ ਸੜਕ ਦੂਜੇ ਦਿਨ ਵੀ ਆਵਾਜਾਈ ਲਈ ਬੰਦ ਰਹੀ। ਬਰਫਬਾਰੀ ਕਾਰਨ ਬਿਜਲੀ ਦੀ ਸਪਲਾਈ ’ਤੇ ਕਈ ਇਲਾਕਿਆਂ ’ਚ ਮਾੜਾ ਅਸਰ ਪਿਆ।


Sunny Mehra

Content Editor

Related News