ਮੀਂਹ ਦੇ ਪਾਣੀ ਨੇ ਤੋੜਿਆ ਪੁਲ, ਦੋ ਪਿੰਡਾਂ ਦਾ ਸੰਪਰਕ ਟੁੱਟਿਆ
Tuesday, Jul 11, 2023 - 06:18 PM (IST)
ਸਾਦਿਕ (ਪਰਮਜੀਤ) : ਪਿਛਲੇ ਦਿਨਾਂ ਤੋਂ ਚੱਲ ਰਹੀ ਬਾਰਿਸ਼ ਕਾਰਨ ਪੰਜਾਬ ਸਮੇਤ ਕਈ ਸੂਬਿਆਂ ਵਿਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਨੇੜੇ ਪਿੰਡ ਝੋਕ ਸਰਕਾਰੀ ਵਿਚ ਸੇਮ ਨਾਲੇ ਵਿਚ ਪਾਣੀ ਦਾ ਓਵਰ ਫਲੋਅ ਹੋਣ ਕਰਕੇ ਦੋ ਪਿੰਡ ਨੂੰ ਜੋ ਜੋੜਦਾ ਡਰੇਨ ਦਾ ਪੁਲ ਟੁੱਟ ਚੁੱਕਾ ਹੈ। ਸਾਦਿਕ ਨੇੜੇ ਪਿੰਡ ਝੋਕ ਸਰਕਾਰੀ ਤੋਂ ਕਿਲੀ ਅਰਾਈਆਂਵਾਲਾ ਤੋਂ ਜੋ ਢਾਣੀਆਂ ਨੂੰ ਕੱਚਾ ਰਸਤਾ ਜਾਂਦਾ ਹੈ, ਸੇਮ ਨਾਲੇ ’ਤੇ ਬਣਿਆ ਪੁਲ ਪਾਣੀ ਦੇ ਤੇਜ਼ ਵਹਾਅ ਕਾਰਨ ਵਹਿ ਗਿਆ ਜਿਸ ਨਾਲ ਦੋ ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਹੈ। ਪਿੰਡ ਵਾਸੀ ਡਰੇਨ ਦੇ ਕਿਨਾਰਿਆਂ ਨੂੰ ਮਿੱਟੀ ਦੇ ਗੱਟੇ ਭਰਕੇ ਲਗਾ ਰਹੇ ਹਨ ਤਾਂ ਜੋ ਓਵਰਫਲੋਅ ਹੋਈ ਡ੍ਰੇਨ ਟੁੱਟ ਕੇ ਪਾਣੀ ਕਿਸੇ ਪਿੰਡ ਜਾਂ ਖੇਤਾਂ ਵਿਚ ਖੜ੍ਹੀਆਂ ਫਸਲਾਂ ਦਾ ਨੁਕਸਾਨ ਨਾ ਕਰ ਦੇਵੇ।
ਗੱਲਬਾਤ ਕਰਦਿਆਂ ਪਿੰਡ ਵਾਸੀ ਗੁਰਭੇਜ ਸਿੰਘ ਤੇ ਹੋਰ ਕਿਸਾਨਾਂ ਦੇ ਦੱਸਿਆ ਕਿ ਜੇਕਰ ਪਿਛੋਂ ਗੋਲੇਵਾਲਾ ਸਾਈਡ ਤੋਂ ਸੇਮ ਨਾਲੇ ਵਿੱਚ ਆ ਰਿਹਾ ਪਾਣੀ ਇਸੇ ਤਰ੍ਹਾਂ ਚਲਦਾ ਰਿਹਾ ਹਾਂ ਕਿਸੇ ਸਮੇਂ ਵੀ ਸੇਮ ਨਾਲ ਟੁੱਟ ਕੇ ਪਾਣੀ ਪਿੰਡਾਂ ਵਿੱਚ ਦਾਖਲ ਹੋ ਸਕਦਾ ਹੈ।ਇਸ ਲਈ ਪਿੰਡਾਂ ਦੇ ਲੋਕ ਕੱਲ ਤੋਂ ਵੀ ਇਸ ਡ੍ਰੇਨ ’ਤੇ ਆਪਣੀ ਨਿਗਾਹ ਟਿਕਾਈ ਬੈਠੇ ਹਨ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ। ਪਿੰਡ ਵਾਸੀ ਆਪਣੇ ਟਰੈਕਟਰ ਨਾਲ ਕਰਾਹੇ ਲਗਾ ਕੇ ਡ੍ਰੇਨ ਦੀਆਂ ਸਾਈਡ ਮਜ਼ਬੂਤ ਕਰ ਰਹੇ ਹਨ। ਡ੍ਰੇਨ ਦਾ ਪਾਣੀ ਬਿਲਕੁੱਲ ਉਪਰ ਆ ਚੁੱਕਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੇ ਨਾਲੇ ਵਿੱਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਲਦੀ ਕੀਤਾ ਜਾਵੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ।