ਮੀਂਹ ਤੇ ਹਨ੍ਹੇਰੀ ਕਾਰਣ ਪੰਜਾਬ ਵਿਚ ਵੱਡੇ ਪੱਧਰ ’ਤੇ ਕਣਕ ਦੀ ਫ਼ਸਲ ਦਾ ਨੁਕਸਾਨ
Tuesday, Apr 04, 2023 - 05:06 PM (IST)
ਚੰਡੀਗੜ੍ਹ : ਕਈ ਦਿਨਾਂ ਤੋਂ ਰੁੱਕ-ਰੁੱਕ ਕੇ ਹੋ ਰਹੀ ਬਾਰਿਸ਼ ਅਤੇ ਹਨ੍ਹੇਰੀ ਨੇ ਸੂਬੇ ਵਿਚ 35 ਲੱਖ ਹੈਕਟੇਅਰ ਰਕਬੇ ਵਿਚ ਲੱਗੀ ਕਣਕ ਦੀ ਫਸਲ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 70 ਫੀਸਦੀ ਤੋਂ ਜ਼ਿਆਦਾ ਰਕਬੇ ਵਿਚ ਕਣਕ ਖੇਤਾਂ ਵਿਚ ਵਿਛ ਗਈ ਹੈ। ਇਸ ਨਾਲ 45 ਫੀਸਦੀ ਤਕ ਉਤਪਾਦਨ ਘੱਟ ਹੋਣ ਦਾ ਖਦਸ਼ਾ ਹੈ। ਸੂਬੇ ਵਿਚ 170 ਲੱਖ ਮੀਟ੍ਰਕ ਟਨ ਦੇ ਕਰੀਬ ਕਣਕ ਉਤਪਾਦਨ ਹੁੰਦਾ ਹੈ। ਸੂਬੇ ਵਿਚ ਪੰਜ ਅਤੇ ਕੇਂਦਰ ਦੀ ਇਕ ਏਜੰਸੀ ਐੱਫ. ਸੀ. ਈ. ਨੇ ਮਿਲ ਕੇ ਪਿਛਲੇ ਸਾਲ ਲਗਭਗ 96 ਲੱਖ ਮੀਟ੍ਰਕ ਟਨ ਦੀ ਖਰੀਦ ਕੀਤੀ ਸੀ। ਇਸ ਨਾਲ ਲਗਭਗ 28 ਹਜ਼ਾਰ ਕਰੋੜ ਰੁਪਿਆ ਸੂਬੇ ਦੀ ਅਰਥ ਵਿਵਸਥਾ ਵਿਚ ਆਇਆ ਸੀ। ਇਸ ਵਾਰ 55 ਲੱਖ ਟਨ ਦੇ ਕਰੀਬ ਖਰੀਦ ਹੋਣ ਦਾ ਅਨੁਮਾਨ ਹੈ। ਇਸ ਨਾਲ ਅੰਦਾਜ਼ਨ 10 ਤੋਂ 12 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ।
ਕਿਸਾਨਾਂ ਮੁਤਾਬਕ ਪ੍ਰਤੀ ਏਕੜ 15 ਕੁਇੰਟਲ ਤੋਂ ਜ਼ਿਆਦਾ ਝਾੜ ਨਹੀਂ ਨਿਕਲੇਗਾ ਜਦਕਿ ਇਕ ਏਕੜ ਤੋਂ ਮਾਲਵਾ ਵਿਚ ਆਮ 30 ਕੁਇੰਟਲ ਪ੍ਰਤੀ ਏਕੜ ਝਾੜ ਰਹਿੰਦਾ ਹੈ। ਉਨ੍ਹਾਂ ਨੂੰ ਤੁਰੰਤ ਮਦਦ ਦੀ ਜ਼ਰੂਰਤ ਹੈ। ਸਰਕਾਰ ਨੇ 15 ਹਜ਼ਾਰ ਰੁਪਏ ਪ੍ਰਤੀ ਏਕੜ ਤਹਿਤ ਨੁਕਸਾਨ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਜੋ ਕਾਫੀ ਨਹੀਂ ਹੈ।
9 ਦਿਨ ਵਿਚ ਮੌਸਮ ਦੇ ਤਿੰਨ ਹਮਲੇ
ਪੰਜਾਬ ਵਿਚ ਨੌ ਦਿਨਾਂ ਵਿਚ 3 ਵਾਰ ਮੌਸਮ ਦਾ ਕਹਿਰ ਕਿਸਾਨਾਂ ’ਤੇ ਵਰ੍ਹਿਆ ਹੈ। ਪਹਿਲਾਂ 25 ਮਾਰਚ ਨੂੰ ਪਏ ਮੀਂਹ ਨਾਲ ਫਸਲ ਨੂੰ ਵੱਡਾ ਨੁਕਸਾਨ ਪਹੁੰਚਿਆ। ਅਜੇ ਪ੍ਰਸ਼ਾਸਨ ਨੇ ਗਿਰਦਾਵਰੀ ਦੇ ਹੁਕਮ ਦਿੱਤੇ ਹੀ ਸਨ ਕਿ 30-31 ਮਾਰਚ ਅਤੇ 2 ਅਪ੍ਰੈਲ ਨੂੰ ਫਿਰ ਬਾਰਿਸ਼ ਹੋ ਗਈ। ਸੂਤਰਾਂ ਮੁਤਾਬਕ ਲੰਬੀ, ਮਲੋਟ ਤੇ ਗਿੱਦੜਬਾਹਾ ਬਲਾਕ ਦੇ ਜ਼ਿਆਦਾਤਰ ਪਿੰਡਾਂ ਵਿਚ 80 ਫੀਸਦੀ ਕਣਕ ਤੇ ਸਰ੍ਹੋਂ ਖ਼ਤਮ ਹੋ ਗਈ ਹੈ। ਸਬਜੀ ਤੇ ਪਸ਼ੂਆਂ ਦਾ ਚਾਰਾ 100 ਫੀਸਦੀ ਬਰਬਾਦ ਹੋ ਚੁੱਕਾ ਹੈ।