ਰਾਹੁਲ ਗਾਂਧੀ ਦੇ ਮੁੱਖ ਮੰਤਰੀ ਚੰਨੀ ਨੂੰ ਨਿਰਦੇਸ਼, ਪੰਜਾਬ ਮੰਤਰੀ ਮੰਡਲ ਤਿਆਰ ਕਰੇਗਾ ਕਾਂਗਰਸ ਦਾ ਚੋਣ ਰੋਡਮੈਪ
Saturday, Oct 30, 2021 - 03:23 PM (IST)
ਚੰਡੀਗੜ੍ਹ (ਅਸ਼ਵਨੀ) : ਬੀਤੇ ਦਿਨੀਂ ਲਗਾਤਾਰ ਦੂਜੇ ਦਿਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਦਰਬਾਰ ਪੁੱਜੇ। ਉਨ੍ਹਾਂ ਨੇ ਸੀਨੀਅਰ ਕਾਂਗਰਸੀ ਨੇਤਾਵਾਂ ਅੰਬਿਕਾ ਸੋਨੀ ਸਮੇਤ ਅਜੇ ਮਾਕਨ ਅਤੇ ਪਵਨ ਕੁਮਾਰ ਬਾਂਸਲ ਨਾਲ ਮੁਲਾਕਾਤ ਕੀਤੀ। ਇਨ੍ਹਾਂ ਨੇਤਾਵਾਂ ਦੇ ਨਾਲ ਕਈ ਦੌਰ ’ਚ ਹੋਈਆਂ ਬੈਠਕਾਂ ਦੌਰਾਨ ਆਗਾਮੀ ਵਿਧਾਸਭਾ ਚੋਣਾਂ ਦੀ ਰਣਨੀਤੀ ਤਿਆਰ ਕਰਨ ’ਤੇ ਡੂੰਘਾ ਮੰਥਨ ਕੀਤਾ ਗਿਆ। ਬੈਠਕ ’ਚੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਦਾਰਦ ਰਹੇ। ਸਿੱਧੂ ਦੀ ਜਗ੍ਹਾ ਉਨ੍ਹਾਂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫ਼ਾ ਦੇ ਨਾਲ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਮੌਜੂਦ ਰਹੇ। ਬੈਠਕ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੀਨੀਅਰ ਨੇਤਾਵਾਂ ਦੇ ਨਾਲ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਆਗਾਮੀ ਵਿਧਾਨਸਭਾ ਚੋਣਾਂ ’ਚ ਹਰ ਇਕ ਕੈਬਨਿਟ ਮੰਤਰੀ ਚੋਣਾਵੀ ਰੋਡਮੈਪ ਨੂੰ ਤਿਆਰ ਕਰਨ ’ਚ ਅਹਿਮ ਰੋਲ ਅਦਾ ਕਰੇਗਾ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਸੂਬਾ ਸਰਕਾਰ ਆਪਣੇ ਤਮਾਮ ਜਨਹਿਤੈਸ਼ੀ ਫੈਸਲਿਆਂ ਨੂੰ ਜਨਤਾ ਤੱਕ ਪੰਹੁਚਾਉਣਾ ਯਕੀਨੀ ਕਰੇਗੀ। ਇਸ ਤੋਂ ਪਹਿਲਾਂ ਤੱਕ ਚੋਣਾਵੀ ਰੋਡਮੈਪ ਤਿਆਰ ਕਰਨ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੱਥਾਂ ’ਚ ਰਹੀ ਹੈ ਪਰ ਇਸ ਵਾਰ ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਬਜਾਏ ਮੁੱਖ ਮੰਤਰੀ ਚੰਨੀ ’ਤੇ ਜ਼ਿਆਦਾ ਭਰੋਸਾ ਜਤਾਇਆ ਹੈ।
ਇਹ ਵੀ ਪੜ੍ਹੋ : ਸੋਨੀਆ ਗਾਂਧੀ ਨੇ ਟਾਈਟਲਰ ਨੂੰ ਕਾਂਗਰਸ ’ਚ ਜਗ੍ਹਾ ਦੇ ਕੇ ਫਿਰ ਧ੍ਰੋਹ ਕਮਾਇਆ : ਪੀਰਮੁਹੰਮਦ
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਬੈਠਕ ’ਚ ਲਈ ਗਏ ਇਸ ਫ਼ੈਸਲੇ ਦੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਤਕ ਵੀ ਪਹੁੰਚ ਗਈ ਸੀ, ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਹੋਣ ਵਾਲੀ ਬੈਠਕ ’ਚ ਖੁਦ ਮੌਜੂਦ ਰਹਿਣ ਦੀ ਬਜਾਏ ਆਪਣੇ ਪ੍ਰਮੁੱਖ ਰਣਨੀਤੀ ਸਲਾਹਕਾਰ ਮੁਹੰਮਦ ਮੁਸਤਫ਼ਾ ਦੀ ਬੈਠਕ ਲਈ ਡਿਊਟੀ ਲਗਾ ਦਿੱਤੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨੇ ਇਨ੍ਹਾਂ ਤਮਾਮ ਚਰਚਾਵਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਬੈਠਕ ਦਾ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ। ਇਸ ਲਈ ਉਹ ਬੈਠਕ ’ਚ ਸ਼ਾਮਲ ਹੋਣ ਨਹੀਂ ਗਏ।
ਇਹ ਵੀ ਪੜ੍ਹੋ : ਗੁਰੂਧਾਮਾਂ ’ਤੇ ਸਰਕਾਰ ਦਾ ਕਬਜ਼ਾ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ : ਸਿਰਸਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ