ਰਾਫੇਲ ਦੇ ਮੁੱਦੇ ''ਤੇ ਰਾਹੁਲ ਨੇ ਮੋਦੀ ਨੂੰ ਦਿੱਤੀ ਬਹਿਸ ਦੀ ਚੁਣੌਤੀ

03/07/2019 5:33:01 PM

ਮੋਗਾ— ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਚੋਣਾਂ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਅੱਜ ਪੰਜਾਬ ਦੇ ਮੋਗਾ ਜ਼ਿਲੇ 'ਚ ਕਿੱਲੀਚਾਹਲਾਂ ਪਿੰਡ ਤੋਂ 'ਵੱਧਦਾ ਪੰਜਾਬ ਬਦਲਦਾ ਪੰਜਾਬ' ਦੇ ਨਾਂ ਨਾਲ ਮਹਾਰੈਲੀ ਕਰਕੇ ਕੀਤੀ। ਰਾਫੇਲ ਦੇ ਮੁੱਦੇ 'ਤੇ ਨਰਿੰਦਰ ਮੋਦੀ ਨੂੰ ਘੇਰਦੇ ਹੋਏ ਕਿਹਾ ਕਿ ਰਾਫੇਲ ਨਾਂ ਦਾ ਜਹਾਜ਼ 526 ਕਰੋੜ ਰੁਪਏ ਦਾ ਸੀ, ਜਿਸ ਦਾ ਕਾਨਟਰੈਕਟ ਸਰਕਾਰੀ ਕੰਪਨੀ ਨੂੰ ਮਿਲਣਾ ਸੀ ਅਤੇ ਇਸ ਦਾ ਰੇਟ ਯੂ. ਪੀ. ਏ. ਸਰਕਾਰ ਵੱਲੋਂ ਤੈਅ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਇਸ ਕਾਨਟਰੈਕਟ ਨੂੰ ਬਦਲਿਆ ਅਤੇ ਇਸ ਦਾ ਮੁੱਲ ਵਧਾ ਕੇ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਿੱਤੇ। 

ਇਸ ਦੇ ਨਾਲ ਹੀ ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਮੇਰੇ ਨਾਲ ਬੈਠ ਕੇ 15 ਮਿੰਟ ਇਸ ਮੁੱਦੇ 'ਤੇ ਬਹਿਸ ਕਰ ਲੈਣ ਅਤੇ ਮੀਡੀਆ ਦੇ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਕਾਨਟਰੈਕਟ ਮਿਲਣ ਤੋਂ 10 ਦਿਨ ਪਹਿਲਾਂ ਇਕ ਕੰਪਨੀ ਖੋਲ੍ਹੀ ਜਾਂਦੀ ਹੈ ਅਤੇ 30 ਹਜ਼ਾਰ ਕਰੋੜ ਦਾ ਫਾਇਦਾ ਅਨਿਲ ਅੰਬਾਨੀ ਨੂੰ ਮਿਲ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ 31 ਹਜ਼ਾਰ ਕਰੋੜ ਰੁਪਇਆ ਹਿੰਦੋਸਤਾਨ ਦੀ ਸਰਕਾਰ ਪੰਜਾਬ ਨੂੰ ਵਾਪਸ ਕਿਉਂ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੋਦੀ ਅਨਿਲ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦੇ ਸਕਦੇ ਹਨ ਤਾਂ ਪੰਜਾਬ ਦੇ ਕਿਸਾਨਾਂ ਨੇ ਕੀ ਗਲਤੀ ਕੀਤੀ ਹੈ, ਜੋ ਮੋਦੀ ਉਨ੍ਹਾਂ ਦਾ ਪੈਸਾ ਨਹੀਂ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਦੇਸ਼ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੇ 30 ਹਜ਼ਾਰ ਕਰੋੜ ਰੁਪਏ ਕਿਉਂ ਅਨਿਲ ਅੰਬਾਨੀ ਨੂੰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਥੇ ਕੋਈ ਵੀ ਵਿਅਕਤੀ ਨਹੀਂ ਹੈ, ਜਿਸ ਦੇ ਖਾਤੇ 'ਚ 15 ਲੱਖ ਰੁਪਏ ਆਏ ਹੋਣ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿਰਫ ਆਪਣੇ ਚਹੇਤਿਆਂ ਨੂੰ ਹੀ ਫਾਇਦਾ ਪਹੁੰਚਾਇਆ ਹੈ। 5 ਸਾਲਾਂ 'ਚ ਮੋਦੀ ਨੇ ਕੋਈ ਇਤਿਹਾਸਕ ਕੰਮ ਨਹੀਂ ਕੀਤਾ ਹੈ।


shivani attri

Content Editor

Related News