ਰਾਘਵ ਚੱਢਾ ਨੇ ਨਿਰਮਲਾ ਸੀਤਾਰਮਨ ਨਾਲ ਕੀਤੀ ਮੁਲਾਕਾਤ, ਸਰਾਵਾਂ 'ਤੇ GST ਸਣੇ ਚੁੱਕੇ ਇਹ ਮੁੱਦੇ
Thursday, Aug 04, 2022 - 01:30 PM (IST)
ਨਵੀਂ ਦਿੱਲੀ/ਜਲੰਧਰ : ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ। ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਅਤੇ ਸਮੂਹ ਸੰਗਤ ਵੱਲੋਂ ਕੇਂਦਰ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ , ਅੰਮ੍ਰਿਤਸਰ ਨੇੜੇ ਸਥਿਤ ਸਰਾਵਾਂ 'ਤੇ ਲਾਏ ਗਏ 12 ਫ਼ੀਸਦੀ ਜੀ.ਐੱਸ.ਟੀ. ਨੂੰ ਵਾਪਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਾਵਾਂ 'ਤੇ ਜੀ.ਐੱਸ.ਟੀ ਲਾ ਕੇ ਸਰਕਾਰ ਸੰਗਤ ਅਤੇ ਉਨ੍ਹਾਂ ਦੀ ਭਗਤੀ 'ਤੇ ਟੈਕਸ ਲਾ ਰਹੀ ਹੈ। ਇਸ ਕਾਰਨ ਉਨ੍ਹਾਂ ਨੇ ਮੰਗ ਕੀਤੀ ਕੀ ਸਰਕਾਰ ਇਸ ਟੈਕਸ ਨੂੰ ਵਾਪਸ ਲਵੇ। ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਇਆ ਇਹ ਟੈਕਸ ਕਿਤੇ-ਨਾ-ਕਿਤੇ ਮੁਗਲਾਂ ਦੇ ਕਾਲ 'ਚ ਲਾਏ ਗਏ ਜਜੀਆ ਟੈਕਸ ਦੀ ਯਾਦ ਦਵਾਉਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਸਖ਼ਤੀ ਤੋਂ ਡਾਕਟਰ ਪਰੇਸ਼ਾਨ, 4 ਮਹੀਨਿਆਂ 'ਚ 50 ਤੋਂ ਵੱਧ ਡਾਕਟਰਾਂ ਨੇ ਦਿੱਤਾ ਅਸਤੀਫ਼ਾ
ਚੱਢਾ ਨੇ ਦੱਸਿਆ ਕਿ ਇਸ ਦੇ ਨਾਲ ਹੀ ਪੰਜਾਬ ਲਈ ਇਕ ਵੱਡੇ ਵਿੱਤੀ ਪੈਕੇਜ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅਨਾਜ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਵੱਲੋਂ ਪਾਇਆ ਜਾਂਦਾ ਹੈ, ਜਿਸ ਨਾਲ ਲੋਕ ਆਪਣਾ ਗੁਜ਼ਾਰਾ ਕਰਦੇ ਹਨ। 1965 'ਚ ਜਦੋਂ ਦੇਸ਼ 'ਚ ਅਨਾਜ ਦੀ ਘਾਟ ਪੈਦਾ ਹੋਈ ਸੀ ਉਸ ਵੇਲੇ ਵੀ ਪੰਜਾਬ ਦੇ ਕਿਸਾਨਾਂ ਨੇ ਆਪਣੀ ਪਰਵਾਹ ਨਾ ਕਰਦੇ ਹੋਏ ਲੋਕਾਂ ਦਾ ਢਿੱਡ ਭਰਿਆ ਸੀ ਪਰ ਅੱਜ ਉਹੀ ਪੰਜਾਬ ਦੇ ਕਿਸਾਨਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਹਨ। ਜਿਸ ਨਾਲ ਕਿਸਾਨੀ ਦੇ ਹਾਲਾਤ ਵੀ ਦਿਨ-ਬ-ਦਿਨ ਵਿਗੜਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਪੰਜਾਬ 'ਚ ਪਾਣੀ ਦਾ ਹਾਲ ਵੀ ਬਦਤਰ ਹੋ ਗਈ ਹੈ ਅਤੇ ਪਾਣੀ ਦਾ ਪੱਧਰ 600 ਫੁੱਟ ਹੇਠਾਂ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ 1965 ਤੋਂ ਲੈ ਕੇ ਹੁਣ ਤੱਕ ਜੋ ਪੰਜਾਬ ਦੇ ਕਿਸਾਨਾਂ ਨੇ ਦੇਸ਼ ਲਈ ਯੋਗਦਾਨ ਪਾਇਆ ਹੈ ਉਸ ਦੇ ਲਈ ਅੱਜ ਮੈਂ ਕੇਂਦਰ ਸਰਕਾਰ ਕੋਲੋਂ ਇਸ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖਜ਼ਾਨਾ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਸੰਬੰਧੀ ਚਰਚਾ ਕਰਨਗੇ। ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਇਸੇ ਤਰ੍ਹਾਂ ਚੁੱਕਿਆ ਜਾਵੇਗਾ ,ਚਾਹੇ ਉਹ ਕੋਈ ਵੀ ਮੁੱਦਾ ਕਿਉਂ ਨਾ ਹੋਵੇ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।