ਅਹਿਮ ਖ਼ਬਰ : ਕਾਦੀਆਂ ਹਲਕੇ 'ਚ ਪ੍ਰਤਾਪ ਸਿੰਘ ਬਾਜਵਾ ਦੀ ਵਾਪਸੀ ਕਾਰਨ ਗਰਮਾਈ ਕਾਂਗਰਸ ਦੀ ਸਿਆਸਤ

Monday, Dec 06, 2021 - 09:00 AM (IST)

ਅਹਿਮ ਖ਼ਬਰ : ਕਾਦੀਆਂ ਹਲਕੇ 'ਚ ਪ੍ਰਤਾਪ ਸਿੰਘ ਬਾਜਵਾ ਦੀ ਵਾਪਸੀ ਕਾਰਨ ਗਰਮਾਈ ਕਾਂਗਰਸ ਦੀ ਸਿਆਸਤ

ਗੁਰਦਾਸਪੁਰ (ਜੀਤ ਮਠਾਰੂ) - ਪੰਜਾਬ ਕਾਂਗਰਸ ਦੇ ਦਿਗਜ ਨੇਤਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੇ ਜੱਦੀ ਹਲਕਾ ਕਾਦੀਆਂ ਵਿਚ ਵਾਪਸੀ ਕਰਕੇ ਅੱਜ ਤੋਂ ਮੀਟਿੰਗ ਕਰਨ ਦੇ ਕੀਤੇ ਐਲਾਨ ਨੇ ਨਾ ਸਿਰਫ਼ ਜ਼ਿਲ੍ਹਾ ਗੁਰਦਾਸਪੁਰ ਦੀ ਸਿਆਸਤ ਗਰਮਾ ਦਿੱਤੀ ਸਗੋਂ ਪੂਰੇ ਪੰਜਾਬ ਦੇ ਸਿਆਸੀ ਹਲਕਿਆਂ ਵਿਚ ਹਲਚਲ ਤੇਜ ਹੋ ਗਈ ਹੈ। ਪ੍ਰਤਾਪ ਬਾਜਵਾ ਦੀ ਇਹ ਸਰਗਰਮੀ ਸਿਰਫ਼ ਐਲਾਨ ਤੱਕ ਹੀ ਸੀਮਤ ਨਹੀਂ ਸਗੋਂ ਬਾਜਵਾ ਨੇ ਹਲਕੇ ਵਿਚ ਪਹੁੰਚਦੇ ਸਾਰ ਹੀ ਕਾਦੀਆਂ ਹਲਕੇ ਦੇ ਵੱਖ-ਵੱਖ ਬਲਾਕਾਂ ਅੰਦਰ 6 ਦਸੰਬਰ ਨੂੰ ਸਮਰਥਕਾਂ ਅਤੇ ਕਾਂਗਰਸੀ ਵਰਕਰਾਂ ਦੀਆਂ ਵੱਡੀਆਂ ਮੀਟਿੰਗਾਂ ਦਾ ਪ੍ਰੋਗਰਾਮ ਵੀ ਉਲੀਕ ਦਿੱਤਾ ਹੈ। ਪ੍ਰਤਾਪ ਸਿੰਘ ਬਾਜਵਾ ਅਜੇ ਇਸ ਬਾਰੇ ਬੋਲਣ ਲਈ ਤਿਆਰ ਨਹੀਂ ਹਨ। ਸੂਤਰਾਂ ਅਨੁਸਾਰ ਬਾਜਵਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਹਰੀ ਝੰਡੀ ਮਿਲਣ ਦੇ ਬਾਅਦ ਹਲਕਾ ਕਾਦੀਆਂ ਵੱਲ ਰੁਖ ਕੀਤਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਉਹ ਪੂਰੀ ਤੇਜੀ ਨਾਲ ਕੰਮ ਕਰਨਗੇ।

 ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 6 ਦਿਨਾਂ ਤੋਂ ਲਾਪਤਾ ਬੱਚੀ ਦੀ ਰੇਤ ’ਚ ਦੱਬੀ ਹੋਈ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਰਹੱਸ ਬਣੀ ਹੋਈ ਸੀ ਹਲਕੇ ਦੀ ਚੋਣ ਸਬੰਧੀ ਪ੍ਰਤਾਪ ਸਿੰਘ ਬਾਜਵਾ ਦੀ ਮਰਜੀ

ਪ੍ਰਤਾਪ ਸਿੰਘ ਬਾਜਵਾ ਨੇ 2009 ਤੋਂ ਬਾਅਦ ਹੁਣ ਤੱਕ ਕੇਂਦਰ ਵਿਚ ਰਹਿ ਕੇ ਬਤੌਰ ਲੋਕ ਸਭਾ ਮੈਂਬਰ ਅਤੇ ਰਾਜ ਸਭਾ ਮੈਂਬਰ ਪੰਜਾਬ ਦੀ ਆਵਾਜ ਬੁਲੰਦ ਕੀਤੀ ਹੈ। ਕਾਫ਼ੀ ਸਮਾਂ ਪਹਿਲਾਂ ਹੀ ਉਹ ਪੰਜਾਬ ਦੀ ਸਿਆਸਤ ਵਿਚ ਵਾਪਸੀ ਦਾ ਐਲਾਨ ਕਰ ਚੁੱਕੇ ਸਨ। ਇਹ ਗੱਲ ਰਹੱਸ ਹੀ ਬਣੀ ਹੋਈ ਸੀ ਕਿ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੀ ਸਰਗਰਮ ਸਿਆਸਤ ਵਿਚ ਪਰਤਣ ਲਈ ਕਿਹੜੇ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਭਾਵੇਂ ਪਿਛਲੇ ਕਰੀਬ 2-3 ਮਹੀਨਿਆਂ ਦੌਰਾਨ ਵਾਪਰੇ ਘਟਨਕ੍ਰਮ ਦੌਰਾਨ ਸਭ ਤੋਂ ਪਹਿਲਾਂ ਬਾਜਵਾ ਨੇ ਬਟਾਲਾ ਤੋਂ ਚੋਣ ਲੜਨ ਦੇ ਸੰਕੇਤ ਦਿੱਤੇ ਸਨ। ਪਾਰਟੀ ਵੱਲੋਂ ਇਕ ਪਰਿਵਾਰ ਨੂੰ ਇਕ ਟਿਕਟ ਦੇਣ ਦੇ ਕੀਤੇ ਫ਼ੈਸਲੇ ਅਤੇ ਪੰਜਾਬ ਕਾਂਗਰਸ ਵਿਚ ਹੋਏ ਵੱਡੇ ਫੇਰਬਦਲ ਦੇ ਬਾਅਦ ਮੁੜ ਇਹ ਗੱਲ ਬੁਝਾਰਤ ਬਣ ਗਈ ਸੀ ਆਖਿਰਕਾਰ ਪ੍ਰਤਾਪ ਸਿੰਘ ਬਾਜਵਾ ਕਿਸ ਹਲਕੇ ਵਿਚ ਜਾਣਗੇ?

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : UK ਸਮੇਤ ਇਨ੍ਹਾਂ 12 ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਦੀ ਅੰਮ੍ਰਿਤਸਰ ’ਚ ਸੌਖੀ ਨਹੀਂ ਹੋਵੇਗੀ ਐਂਟਰੀ

ਬਾਜਵਾ ਦੇ ਜੱਦੀ ਹਲਕੇ ਕਾਦੀਆਂ ਵਿਚ ਉਨ੍ਹਾਂ ਦੇ ਸਕੇ ਭਰਾ ਫਤਹਿਜੰਗ ਸਿੰਘ ਬਾਜਵਾ ਮੌਜੂਦਾ ਵਿਧਾਇਕ ਹਨ ਅਤੇ ਫਤਹਿ ਬਾਜਵਾ ਨੇ ਅਜੇ ਤਿੰਨ ਦਿਨ ਪਹਿਲਾਂ ਹੀ ਕਾਹਨੂੰਵਾਨ ਵਿਚ ਵੱਡੀ ਰੈਲੀ ਕੀਤੀ ਹੈ। ਅੱਜ ਸਾਰੀਆਂ ਕਿਆਸਅਰਾਈਆਂ 'ਤੇ ਵਿਰਾਮ ਲਗਾਉਂਦੇ ਹੋਏ ੍ਯਪ੍ਰਤਾਪ ਬਾਜਵਾ ਨੇ ਆਪਣੀ ਮਰਜੀ ਸਪੱਸ਼ਟ ਕਰਦੇ ਹੋਏ ਚੰਡੀਗੜ੍ਹ ਤੋਂ ਕਾਦੀਆਂ ਦੀ ਵਾਪਸੀ ਕਰਨ ਮੌਕੇ ਜਨਤਕ ਤੌਰ 'ਤੇ ਐਲਾਨ ਕਰ ਦਿੱਤਾ ਹੈ ਕਿ ਉਹ ਪੰਜਾਬ ਦੀ ਸਿਆਸਤ ਵਿਚ ਵਾਪਸੀ ਲਈ ਆਪਣੀ ਕਰਮਭੂਮੀ ਕਾਦੀਆਂ ਲਈ ਰਵਾਨਾ ਹੋ ਰਹੇ ਹਨ, ਜਿਥੇ ਉਨਾਂ ਦਾ ਦਿਲ ਧੜਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ, ਖ਼ਬਰ ਮਿਲਣ ’ਤੇ ਪਰਿਵਾਰ ’ਚ ਪਿਆ ਚੀਕ-ਚਿਹਾੜਾ

ਵਿਨੋਦ ਖੰਨਾ ਦੇ ਮਜ਼ਬੂਤ ਗੜ ਨੂੰ ਫਤਹਿ ਕਰਕੇ ਕੇਂਦਰ ਦੀ ਸਿਆਸਤ 'ਚ ਗਏ ਸਨ ਬਾਜਵਾ
ਸਿਆਸੀ ਮਾਹਿਰਾਂ ਅਨੁਸਾਰ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਆਦਾ ਰੁਝਾਨ ਹਮੇਸ਼ਾਂ ਪੰਜਾਬ ਦੀ ਸਿਆਸਤ ਵਿਚ ਹੀ ਰਿਹਾ ਹੈ। ਉਹ ਪਹਿਲਾਂ ਵਾਰ ਹਲਕਾ ਕਾਹਨੂੰਵਾਨ ਤੋਂ 1992 ਵਿਚ ਵਿਧਾਇਕ ਬਣੇ ਸਨ ਅਤੇ ਕੈਬਨਿਟ ਮੰਤਰੀ ਬਣਨ ਦੇ ਬਾਅਦ ਉਨ੍ਹਾਂ ਨੇ ਹਲਕੇ ਅੰਦਰ ਕਈ ਬੇਮਿਸਾਲ ਕਾਰਜ ਕਰਵਾਏ ਸਨ। ਮੁੜ ਉਹ 2002 ਵਿਚ ਵਿਧਾਇਕ ਚੁਣੇ ਗਏ ਅਤੇ ਮੁੜ ਕੈਬਨਿਟ ਮੰਤਰੀ ਰਹੇ। 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਵੇਂ ਕਾਂਗਰਸ ਦੀ ਹਾਲਤ ਬੇਹੱਦ ਪਤਲੀ ਰਹੀ। ਫਿਰ ਵੀ ਪ੍ਰਤਾਪ ਸਿੰਘ ਬਾਜਵਾ ਚੋਣ ਜਿੱਤ ਗਏ। ਇਸ ਉਪਰੰਤ 2009 ਦੀਆਂ ਲੋਕ ਸਭਾ ਚੋਣਾਂ ਗੁਰਦਾਸਪੁਰ ਲੋਕ ਸਭਾ ਦੀ ਸੀਟ ਨੂੰ ਵਕਾਰ ਦਾ ਸਵਾਲ ਬਣਾ ਕੇ ਕਾਂਗਰਸ ਹਾਈਕਮਾਨ ਕਾਫ਼ੀ ਚਿੰਤਤ ਸੀ, ਕਿਉਂਕਿ ਬੀਬੀ ਸੁਖਬੰਸ ਕੌਰ ਭਿੰਡਰ ਦੇ ਬਾਅਦ ਫਿਲਮੀ ਸਟਾਰ ਵਿਨੋਦ ਖੰਨਾ ਲਗਾਤਾਰ ਇਸ ਸੀਟ 'ਤੇ ਜੇਤੂ ਰਹੇ ਸਨ। ਇਸ ਕਾਰਨ ਕਾਂਗਰਸ ਹਾਈਕਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਅਤੇ ਬਾਜਵਾ ਨੇ ਵਿਨੋਦ ਖੰਨਾ ਨੂੰ ਹਰਾ ਕੇ ਗੁਰਦਾਸਪੁਰ ਦੀ ਸੀਟ ਮੁੜ ਕਾਂਗਰਸ ਦੀ ਝੋਲੀ ਵਿਚ ਪਾਈ ਸੀ। ਉਪਰੰਤ ਬਾਜਵਾ 2014 ਤੱਕ ਲੋਕ ਸਭਾ ਮੈਂਬਰ ਰਹੇ। ਇਸੇ ਦੌਰਾਨ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਮਿਲੀ ਅਤੇ ਬਾਅਦ ਵਿਚ ਹਾਈਕਮਾਨ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ।

ਪੜ੍ਹੋ ਇਹ ਵੀ ਖ਼ਬਰ -  ਵੱਡੀ ਖ਼ਬਰ: ਪਠਾਨਕੋਟ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਦਿੱਤੀਆਂ 2 ਹੋਰ ਗਰੰਟੀਆਂ

ਪਿਛਲੀਆਂ ਚੋਣਾਂ ਦੌਰਾਨ ਵੀ ਕਾਦੀਆਂ ਦੀ ਸੀਟ ਨੂੰ ਲੈ ਕੇ ਬਾਜਵਾ ਪਰਿਵਾਰ 'ਚ ਰਹੀ ਸੀ ਕਸਮਕਸ਼
2009 'ਚ ਪ੍ਰਤਾਪ ਸਿੰਘ ਬਾਜਵਾ ਦੇ ਲੋਕ ਸਭਾ ਮੈਂਬਰ ਬਣਨ ਉਪਰੰਤ ਹੋਈ ਜਿਮਨੀ ਚੋਣ ਦੌਰਾਨ ਫਤਹਿਜੰਗ ਸਿੰਘ ਬਾਜਵਾ ਨੂੰ ਸੇਵਾ ਸਿੰਘ ਸੇਖਵਾਂ ਖਿਲਾਫ ਚੋਣ ਮੈਦਾਨ ਵਿਚ ਉਤਾਰਿਆ ਸੀ। ਫਤਹਿ ਬਾਜਵਾ ਚੋਣ ਹਾਰ ਗਏ ਸਨ। ਉਪਰੰਤ 2012 ਦੀਆਂ ਚੋਣਾਂ ਦੌਰਾਨ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ ਨੇ ਚੋਣ ਲੜੀ ਅਤੇ ਉਹ ਚੋਣ ਜਿੱਤ ਕੇ 2017 ਤੱਕ ਵਿਧਾਇਕ ਰਹੇ ਸਨ। 2017 ਦੀਆਂ ਚੋਣਾਂ ਦੌਰਾਨ ਚਰਨਜੀਤ ਕੌਰ ਬਾਜਵਾ ਦੀ ਜਗਾ 'ਤੇ ਫਤਹਿਜੰਗ ਸਿੰਘ ਬਾਜਵਾ ਨੇ ਟਿਕਟ 'ਤੇ ਦਾਅਵੇਦਾਰੀ ਜਤਾਈ ਸੀ।

ਪੜ੍ਹੋ ਇਹ ਵੀ ਖ਼ਬਰ - ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇੱਕਲੌਤੇ ਜਵਾਨ ਪੁੱਤ ਦੀ ਮੌਤ, ਕਾਰ ਦੇ ਉੱਡੇ ਪਰਖਚੇ 

ਸੂਤਰਾਂ ਅਨੁਸਾਰ ਉਸ ਮੌਕੇ ਬਾਜਵਾ ਪਰਿਵਾਰ ਵਿਚ ਕਾਫ਼ੀ ਕਸ਼ਮਕਸ਼ ਰਹੀ ਸੀ। ਬਾਜਵਾ ਨਿਵਾਸ ਵਿਖੇ ਇਸ ਪਰਿਵਾਰ ਦੇ ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਫ਼ੈਸਲਾ ਹੋਇਆ ਸੀ ਕਿ ਜਿਸ ਤਰਾਂ ਚਰਨਜੀਤ ਕੌਰ ਸਿਟਿੰਗ ਵਿਧਾਇਕ ਹੋਣ ਦੇ ਬਾਵਜੂਦ ਆਪਣੀ ਸੀਟ ਫਤਹਿਜੰਗ ਸਿੰਘ ਬਾਜਵਾ ਨੂੰ ਦੇ ਰਹੀ ਹੈ, ਉਸੇ ਤਰਾਂ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਫਤਹਿਜੰਗ ਬਾਜਵਾ ਇਹ ਸੀਟ ਬਾਜਵਾ ਲਈ ਛੱਡਣਗੇ। ਇਸ ਲਈ ਹੁਣ ਇਹ ਸਮਝਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦੇ ਸਮਰਥਕ ਇਹ ਦਾਅਵਾ ਕਰ ਰਹੇ ਹਨ ਕਿ ਇਸ ਸੀਟ 'ਤੇ ਸਭ ਤੋਂ ਪਹਿਲਾਂ ਹੱਕ ਪ੍ਰਤਾਪ ਸਿੰਘ ਬਾਜਵਾ ਦਾ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਬਾਜਵਾ ਪਰਿਵਾਰ ਇਨਾਂ ਚੋਣਾਂ ਤੋਂ ਪਹਿਲਾਂ ਇਸ ਹਲਕੇ ਦੀ ਸੀਟ ਨੂੰ ਲੈ ਕੇ ਕਿਸਤਰਾਂ ਦੀ ਸਹਿਮਤੀ ਬਣਾਉਂਦਾ ਹੈ। ਪ੍ਰਤਾਪ ਸਿੰਘ ਬਾਜਵਾ ਦੀ ਵਾਪਸੀ ਨਾਲ ਉਨ੍ਹਾਂ ਦੇ ਕਰੀਬੀ ਕਾਫ਼ੀ ਰਾਹਤ ਮਹਿਸੂਸ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ


author

rajwinder kaur

Content Editor

Related News