ਸੜਕ ਚੌੜੀ ਕਰਨ ਲਈ ਦਰਖ਼ਤਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ: ਵਿਜੈ ਇੰਦਰ ਸਿੰਗਲਾ

Monday, Jul 20, 2020 - 05:01 PM (IST)

ਸੰਗਰੂਰ(ਵਿਜੈ ਕੁਮਾਰ ਸਿੰਗਲਾ) - ਲੋਕ ਨਿਰਮਾਣ ਮਹਿਕਮਾ ਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਦਿਨੋ-ਦਿਨ ਵੱਧ ਰਹੀ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸ਼ੁਰੂ ਕੀਤੇ ਗਏ ਸੜਕਾਂ ਚੌੜੀਆਂ ਕਰਨ ਦੇ ਪ੍ਰੋਜੈਕਟ ਲਈ ਲੋਕ ਨਿਰਮਾਣ ਮਹਿਕਮੇ ਵੱਲੋਂ ਕੋਈ ਦਰੱਖਤ ਜਾਂ ਬੂਟਾ ਪੁੱਟਿਆ ਨਹੀਂ ਜਾ ਰਿਹਾ। ਉਨਾਂ ਕਿਹਾ ਕਿ ਜਦੋਂ ਵੀ ਕਿਸੇ ਸੜਕ ਨੂੰ ਚੌੜਾ ਕਰਨ ਲਈ ਲੋਕ ਨਿਰਮਾਣ ਮਹਿਕਮਾ ਵੱਲੋਂ ਕੋਈ ਐਸਟੀਮੇਟ ਤਿਆਰ ਕੀਤਾ ਜਾਂਦਾ ਹੈ ਤਾਂ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ ਕਿ ਵੱਧ ਤੋਂ ਵੱਧ ਬੂਟਿਆਂ ਤੇ ਦਰੱਖਤਾਂ ਨੂੰ ਬਚਾਇਆ ਜਾ ਸਕੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਸੰਗਰੂਰ ਵਿਚਲੀ ਐਕਸਚੇਂਜ ਰੋਡ ’ਤੇ ਲੱਗੇ ਬੂਟਿਆਂ ਨੂੰ ਸੜਕ ਚੌੜੀ ਕਰਨ ਲਈ ਪੁੱਟੇ ਜਾਣ ਬਾਰੇ ਗਲਤ ਅਫ਼ਵਾਹ ਫੈਲਾਈ ਜਾ ਰਹੀ ਹੈ ਜਦਕਿ ਹਕੀਕਤ ’ਚ ਅਜਿਹਾ ਕੁਝ ਨਹੀਂ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਲੋਕ ਨਿਰਮਾਣ ਮਹਿਕਮੇ ਵੱਲੋਂ ਸੜਕ ਨੂੰ ਚੌੜੀ ਕਰਨ ਦਾ ਕੰਮ ਇੰਟਰਲਾਕ ਟਾਈਲਾਂ ਲਗਾ ਕੇ ਪਹਿਲਾਂ ਹੀ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੁਣ ਸਿਰਫ ਸੜਕ ਦੇ ਵਿਚਕਾਰ ਲੱਗੀ ਬਿਜਲੀ ਦੀ ਸਪਲਾਈ ਲਾਈਨ ਦੇ ਖੰਭਿਆਂ ਨੂੰ ਪਿੱਛੇ ਹਟਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਜਲੀ ਸਪਲਾਈ ਲਾਈਨ ਪਿੱਛੇ ਹਟਾਉਣ ਨਾਲ ਵੀ ਕਿਸੇ ਬੂਟੇ ਨੂੰ ਪੁੱਟਣ ਜਾਂ ਵੱਢਣ ਦੀ ਜ਼ਰੂਰਤ ਨਹੀਂ ਪੈਣੀ ਕਿਉਕਿ ਲੋਕ ਨਿਰਮਾਣ ਮਹਿਕਮੇ ਵੱਲੋਂ ਖੰਭਿਆਂ ਦੀ ਉਚਾਈ 8 ਮੀਟਰ ਤੋਂ ਵਧਾ ਕੇ 11 ਮੀਟਰ ਕਰਨ ਦੇ ਨਾਲ-ਨਾਲ ਖ਼ਾਸ ਤਾਰ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਖ਼ਾਸ ਤਾਰ ਦੀ ਵਰਤੋਂ ਨਾਲ ਇਸ ਕੰਮ ’ਤੇ ਲਾਗਤ ’ਚ ਤਾਂ ਵਾਧਾ ਹੋਵੇਗਾ ਪਰ ਕੋਈ ਵੀ ਬੂਟਾ ਵੱਢਣਾ ਨਹੀਂ ਪਵੇਗਾ।

ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਬਚਾਉਣ ਲਈ ਘਰ-ਘਰ ਹਰਿਆਲੀ ਨਾਂ ਦੀ ਮੁਹਿੰਮ ਸ਼ੁਰੂ ਕਰਕੇ ਲੱਖਾਂ ਬੂਟੇ ਵੰਡੇ ਗਏ ਤੇ ਵੱਖ-ਵੱਖ ਮਹਿਕਮਿਆਂ ਤੋਂ ਵੀ ਸਾਂਝੀਆਂ ਥਾਂਵਾਂ ’ਤੇ ਲਗਵਾਏ ਗਏ ਹਨ। ਉਨਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਅੰਦਰ ਹਰ ਸਾਲ 4 ਲੱਖ ਤੋਂ ਵਧੇਰੇ ਨਵੇਂ ਬੂਟੇ ਲਗਾਏ ਜਾ ਰਹੇ ਹਨ ਤੇ ਲੋਕ ਨਿਰਮਾਣ ਮਹਿਕਮੇ ਵੱਲੋਂ ਬੂਟੇ ਲਾਉਣ ਤੇ ਉਨਾਂ ਦੀ ਸਾਂਭ-ਸੰਭਾਲ ਕਰਨ ’ਚ ਪੂਰਾ ਸਾਥ ਦਿੱਤਾ ਜਾ ਰਿਹਾ ਹੈ।


Harinder Kaur

Content Editor

Related News