ਵਰ੍ਹਦੇ ਮੀਂਹ ’ਚ ਕਾਂਗਰਸੀਆਂ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
Sunday, Jun 17, 2018 - 12:38 AM (IST)
ਨੂਰਪੁਰਬੇਦੀ, (ਭੰਡਾਰੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਤੇਲ ਦੀਆਂ ਵਧੀਅਾਂ ਕੀਮਤਾਂ ਦੇ ਵਿਰੋਧ ’ਚ ਉਲੀਕੇ ਪ੍ਰੋਗਰਾਮ ਤਹਿਤ ਅੱਜ ਪਿੰਡ ਸਮੀਰੋਵਾਲ ਵਿਖੇ ਮੁੱਖ ਮਾਰਗ ’ਤੇ ਸਰਪੰਚ ਜਸਵੀਰ ਸਿੰਘ ਸਸਕੌਰ ਦੀ ਅਗਵਾਈ ਹੇਠ ਇਕੱਠੇ ਹੋਏ 2 ਦਰਜਨ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੇ ਵਰ੍ਹਦੇ ਮੀਂਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।
ਮੌਸਮ ਖਰਾਬ ਹੋਣ ਦੇ ਬਾਵਜੂਦ ਕਾਂਗਰਸੀ ਵਰਕਰਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ ਤੇ ਉਨ੍ਹਾਂ ਵੱਲੋਂ ਜਮ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਤੇ ਜ਼ਿਲਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੋਜਿਤ ਰੋਸ ਮੁਜ਼ਾਹਰੇ ਦੌਰਾਨ ਅਾਵਾਜ਼ ਬੁਲੰਦ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੀ ਬਦੌਲਤ ਕਿਸਾਨ, ਮਜ਼ਦੂਰਾਂ ਤੇ ਆਮ ਜਨਤਾ ਦਾ ਜੀਉਣਾ ਮੁਹਾਲ ਹੋਇਆ ਪਿਆ ਹੈ।
ਉਨ੍ਹਾਂ ਕਿਹਾ ਕਿ ਅਜੇ ਤੱਕ ਲੋਕ ਨੋਟਬੰਦੀ ਤੇ ਜੀ.ਐੱਸ.ਟੀ. ਦੀ ਮਾਰ ਤੋਂ ਉਭਰੇ ਵੀ ਨਹੀਂ ਸਨ ਕਿ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਤੇਜ਼ੀ ਨਾਲ ਵਧ ਰਹੀਆਂ ਕੀਮਤਾਂ ਨੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਕੇਂਦਰ ਸਰਕਾਰ ਰੋਜ਼ਾਨਾ ਪੈਸਿਆਂ ’ਚ ਤੇਲ ਦੀਆਂ ਕੀਮਤਾਂ ਘਟਾ ਕੇ ਜਨਤਾ ਨਾਲ ਮਜ਼ਾਕ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ 21 ਜੂਨ ਤੱਕ ਬਲਾਕ ਦੇ ਸਮੁੱਚੇ ਪਿੰਡਾਂ ’ਚ ਅਜਿਹੇ ਵਿਰੋਧ ਪ੍ਰਦਰਸ਼ਨ ਕਰ ਕੇ ਜਨਤਾ ਨੂੰ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਮੌਕੇ ਡੂਮੇਵਾਲ, ਝੱਜ, ਕਾਹਨਪੁਰ ਖੂਹੀ, ਨਲਹੋਟੀ, ਸਮੀਰੋਵਾਲ, ਸਿੰਘਪੁਰ, ਨੂਰਪੁਰਬੇਦੀ, ਸਸਕੌਰ, ਮਵਾ, ਮੁਕਾਰੀ ਤੇ ਬਡ਼ੀਵਾਲ ਸਣੇ 2 ਦਰਜਨ ਤੋਂ ਵੱਧ ਪਿੰਡਾਂ ਦੇ ਕਾਂਗਰਸੀ ਵਰਕਰ ਸ਼ਾਮਲ ਹੋਏ। ਇਸ ਮੌਕੇ ਸਰਪੰਚ ਜਸਵੀਰ ਸਿੰਘ ਸਸਕੌਰ, ਨੰਬਰਦਾਰ ਜਰਨੈਲ ਸਿੰਘ ਸਮੀਰੋਵਾਲ, ਮਾ. ਕਰਮਜੀਤ ਸਿੰਘ, ਨਰਿੰਦਰ ਕੁਮਾਰ ਬੱਗਾ, ਅਵਤਾਰ ਸਿੰਘ, ਸਾਬਕਾ ਸਰਪੰਚ ਪੀ੍ਰਤਮ ਸਿੰਘ ਮਵਾ, ਰਾਣਾ ਜੈਨ ਸਿੰਘ ਸਾਬਕਾ ਸਰਪੰਚ, ਬਾਬੂ ਪਿਆਰੇ ਲਾਲ, ਇੰਦਰਜੀਤ ਇੰਦੀ, ਭੁਪਿੰਦਰ ਸਿੰਘ ਮੁਕਾਰੀ, ਤੇਲੂ ਰਾਮ ਨੰਬਰਦਾਰ, ਅਮਰੀਕ ਸਿੰਘ ਮਵਾ, ਮਨਜੀਤ ਸਿੰਘ ਠੇਕੇਦਾਰ, ਗੁਰਚੈਨ ਸਿੰਘ ਬਡ਼ੀਵਾਲ, ਬਲਕਾਰ ਸਿੰਘ ਬੱਲੀ, ਅਮਨਦੀਪ ਸਿੰਘ ਤੇ ਖੁਸ਼ਹਾਲ ਸਿੰਘ ਸਸਕੌਰ ਆਦਿ ਹਾਜ਼ਰ ਸਨ।
