ਬਹਿਰੀਨ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪਿੰਡ ਲਿਆ ਕੇ ਕੀਤਾ ਅੰਤਿਮ ਸੰਸਕਾਰ

Sunday, Jun 21, 2020 - 09:41 PM (IST)

ਬਹਿਰੀਨ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪਿੰਡ ਲਿਆ ਕੇ ਕੀਤਾ ਅੰਤਿਮ ਸੰਸਕਾਰ

ਦੋਦਾ,(ਲਖਵੀਰ ਸ਼ਰਮਾ)- ਪਿਛਲੇ ਦਿਨੀਂ ਰੋਟੀ-ਰੋਜ਼ੀ ਕਮਾਉਣ ਬਹਿਰੀਨ ਗਏ ਪਿੰਡ ਧੂਲਕੋਟ ਦੇ ਨੌਜਵਾਨ ਬਿੱਟੂ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਣ ਹੋਈ ਮੌਤ ਤੋਂ ਬਾਅਦ ਅੱਜ ਉਸ ਦੀ ਮ੍ਰਿਤਕ ਦੇਹ ਪਿੰਡ ਲਿਆ ਕੇ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਬਿੱਟੂ ਸਿੰਘ ਪਿਛਲੇ ਲਗਭਗ 7 ਸਾਲਾਂ ਤੋਂ ਬਹਿਰੀਨ ਦੇਸ਼ ’ਚ ਲੇਬਰ ਦਾ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਲਗਭਗ 7 ਮਹੀਨੇ ਪਹਿਲਾ ਉਹ ਵਾਪਸ ਆਪਣੇ ਕੰਮ ’ਤੇ ਬਹਿਰੀਨ ਗਿਆ ਸੀ ਅਤੇ ਜਿਸ ਦਿਨ ਉਸ ਦੀ ਮੌਤ ਹੋਈ, ਉਸ ਨੇ ਸਵੇਰੇ ਘਰ ਆਪਣੇ ਪੂਰੇ ਪਰਿਵਾਰ ਨਾਲ ਗੱਲ ਵੀ ਕੀਤੀ ਸੀ ਪਰ ਸ਼ਾਮ ਲਗਭਗ 4 ਵਜੇ ਉਸਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਬਿੱਟੂ ਸਿੰਘ ਦੀ ਮ੍ਰਿਤਕ ਦੇਹ ਵਾਪਸ ਭਾਰਤ ਲਿਆਉਣ ਦੀ ਗੁਹਾਰ ਲਾਈ ਸੀ, ਜਿਸ ’ਤੇ ਬਹਿਰੀਨ ਦੀ ਉਸ ਕੰਪਨੀ ਜਿਥੇ ਬਿੱਟੂ ਸਿੰਘ ਕੰਮ ਕਰਦਾ ਸੀ ਨੇ ਪਰਿਵਾਰ ਦੀ ਅਪੀਲ ’ਤੇ ਉਸ ਦੇ ਕਰਵਾਏ ਬੀਮੇ ਵਾਲੇ ਰੁਪਇਆਂ ਨਾਲ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦਾ ਇੰਤਜ਼ਾਮ ਕੀਤਾ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਦਿੱਲੀ ਏਅਰਪੋਰਟ ਤੋਂ ਐਂਬੂਲੈਂਸ ਰਾਹੀਂ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਲਈ ਪ੍ਰਸ਼ਾਸਨ ਦੇ ਸਹਿਯੋਗ ਨਾਲ ਪ੍ਰਬੰਧ ਪੂਰਾ ਕੀਤਾ ਗਿਆ। ਮ੍ਰਿਤਕ ਬਿੱਟੂ ਸਿੰਘ ਆਪਣੇ ਪਿੱਛੇ ਪਤਨੀ ਅਤੇ 3 ਕੁ ਸਾਲਾਂ ਦੀ ਧੀ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ।


author

Bharat Thapa

Content Editor

Related News