ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ’ਚ 10 ਫੀਸਦੀ ਫੀਸਾਂ ਵਧਾਉਣ ਦਾ ਐਲਾਨ!

02/26/2021 1:13:31 AM

ਪਟਿਆਲਾ, (ਮਨਦੀਪ ਜੋਸਨ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੋਈ ਸਿੰਡੀਕੇਟ ਮੀਟਿੰਗ ’ਚ ਵਿੱਤੀ ਸੰਕਟ ਦਾ ਮੁੱਦਾ ਭਾਰੂ ਰਿਹਾ। ਲੰਮੀ ਚਰਚਾ ਤੋਂ ਬਾਅਦ ਪੰਜਾਬੀ ਦੀ ਕਹਾਵਤ ਡੁੱਬਦੇ ਨੂੰ ਤਿਣਕੇ ਦਾ ਸਹਾਰਾ ’ਤੇ ਅਮਲ ਕਰਦਿਆਂ ਸਿੰਡੀਕੇਟ ਨੇ ਸਰਬਸੰਮਤੀ ਨਾਲ 10 ਫੀਸਦੀ ਫੀਸਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਰਜ਼ਾ ਮੁਆਫ ਕਰਵਾਉਣ ਲਈ ਅਤੇ ਤਨਖਾਹਾਂ ਵਾਸਤੇ ਗ੍ਰਾਂਟ ਲੈਣ ਲਈ ਯੂਨੀਵਰਸਿਟੀ ਮੁੜ ਸਰਕਾਰ ਦੇ ਦਰਬਾਰ ’ਚ ਜਾਵੇਗੀ।

ਇਹ ਵੀ ਪੜ੍ਹੋ:- ਪ੍ਰਧਾਨ ਮੰਤਰੀ ਦੇਸ਼ ਨੂੰ ਵੱਡੇ ਘਰਾਣਿਆਂ ਕੋਲ ਗਿਰਵੀ ਰੱਖਣ ਦੀ ਰਚ ਰਹੇ ਨੇ ਸਾਜ਼ਿਸ਼ : ਸੰਜੇ ਸਿੰਘ

ਐਡੀਸ਼ਨਲ ਚੀਫ ਸੈਕਟਰੀ ਰਵਨੀਤ ਕੌਰ ਜਿਨਾਂ ਕੋਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਵੀ ਚਾਰਜ ਹੈ, ਨੇ ਇਹ ਮੀਟਿੰਗ ਚੰਡੀਗੜ੍ਹ ਵਿਖੇ ਹੀ ਸੱਦੀ ਸੀ। ਦੁਪਹਿਰ ਸ਼ੁਰੂ ਹੋਈ ਇਹ ਮੀਟਿੰਗ ਲਗਭਗ 30 ਮੁੱਦਿਆਂ ’ਤੇ 3 ਘੰਟੇ ਦੇ ਕਰੀਬ ਚਰਚਾ ਕਰ ਕੇ ਖਤਮ ਹੋਈ। ਯੂਨੀਵਰਸਿਟੀ ’ਚ ਇਸ ਸਮੇਂ ਕਰਜ਼ੇ ਤੋਂ ਇਲਾਵਾ ਮੁਲਾਜ਼ਮਾਂ ਦੀਆਂ 2 ਮਹੀਨੇ ਦੀਆਂ ਤਨਖਾਹਾਂ ਪੈਂਡਿੰਗ ਹਨ। ਸਿੰਡੀਕੇਟ ਨੇ ਪਿਛਲੇ ਵਾਈਸ ਚਾਂਸਲਰ ਵੱਲੋਂ ਫਲੈਟਾਂ ਦੀ ਅਲਾਟਮੈਂਟਾਂ ਦੀ ਸੀਨੀਆਰਟੀ ਤੋੜਨ ਦੇ ਫੈਸਲੇ ਨੂੰ ਗੰਭੀਰਤਾ ਨਾਲ ਲਿਆ ਹੈ। ਇਸ ’ਤੇ ਵੀ ਇਕ ਕਮੇਟੀ ਬਣਾ ਕੇ ਅਗਲੇ ਫਲੈਟਾਂ ਦੀ ਅਲਾਟਮੈਂਟ ਸੀਨੀਆਰਟੀ ਦੇ ਅਧਾਰ ’ਤੇ ਕਰਨ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ:- ਦਿੱਲੀ-ਕੱਟੜਾ ਐਕਸਪ੍ਰੈੱਸ ਹਾਈਵੇਅ ਸਬੰਧੀ ਚੱਲ ਰਹੀ ਮੀਟਿੰਗ ਦੌਰਾਨ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

ਫੀਸਾਂ ਵਧਾਉਣ ਦਾ ਫੈਸਲਾ ਅਜੇ ਨਹੀਂ ਕੀਤਾ ਗਿਆ : ਮੈਡਮ ਰਵਨੀਤ ਕੌਰ
ਪਟਿਆਲਾ, (ਜੋਸਨ)- ਐਡੀਸ਼ਨਲ ਚੀਫ ਸੈਕਟਰੀ ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵੀ. ਸੀ. ਮੈਡਮ ਰਵਨੀਤ ਕੌਰ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਫੀਸਾਂ ਵਧਾਉਣ ਦਾ ਫੈਸਲਾ ਅਜੇ ਨਹੀਂ ਕੀਤਾ ਗਿਆ। ਸਿੰਡੀਕੇਟ ’ਚ ਏਜੰਡਿਆਂ ’ਤੇ ਹੀ ਚਰਚਾ ਹੋਈ ਹੈ ਅਤੇ ਇਨਾਂ ’ਤੇ ਸਖ਼ਤ ਫੈਸਲਾ ਲੈਂਦੇ ਹੋਏ ਅਮਲ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਫਾਈ ਸੇਵਕਾਂ ਦੇ ਮੁੱਦੇ ’ਤੇ ਸਖ਼ਤ ਰੁਖ ਅਖਤਿਆਰ ਕਰਦਿਆਂ ਆਖਿਆ ਕਿ ਵਿੱਦਿਆ ਦੇ ਮੰਦਿਰ ’ਚ ਇਸ ਤਰ੍ਹਾਂ ਗੰਦਗੀ ਫੈਲਾਉਣਾ ਬਿਲਕੁੱਲ ਗਲਤ ਹੈ ਅਤੇ ਨਾ ਸਹਿਨਯੋਗ ਹੈ। ਜਿਸ ਨੂੰ ਵੀ ਕੋਈ ਪਰੇਸ਼ਾਨੀ ਹੈ, ਉਸ ਨੂੰ ਟੇਬਲ ’ਤੇ ਆ ਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਹੈ।


Bharat Thapa

Content Editor

Related News