ਸੁਰਿੰਦਰ ਛਿੰਦਾ ਦੀ ਮੌਤ ''ਤੇ ਭਗਵੰਤ ਮਾਨ ਦਾ ਟਵੀਟ, ਲਿਖਿਆ- ਪੰਜਾਬ ਦੀ ਬੁਲੰਦ ਆਵਾਜ਼ ਅੱਜ ਸਦਾ ਲਈ ਹੋ ਗਈ ਖ਼ਾਮੋਸ਼
Wednesday, Jul 26, 2023 - 12:11 PM (IST)
ਐਂਟਰਟੇਨਮੈਂਟ ਡੈਸਕ – ਬੁਲੰਦ ਗਾਇਕੀ ਦੇ ਬਾਬਾ ਬੋਹੜ ਸੁਰਿੰਦਰ ਛਿੰਦਾ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਸੁਰਿੰਦਰ ਛਿੰਦਾ ਦੇ ਦਿਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੁਰਿੰਦਰ ਛਿੰਦਾ ਦੇ ਦੁਨੀਆ ਨੂੰ ਅਲਵਿਦਾ ਆਖ ਜਾਣ ਕਾਰਨ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਦਿਹਾਂਤ ’ਤੇ ਵੱਖ-ਵੱਖ ਪੰਜਾਬੀ ਕਲਾਕਾਰਾਂ ਨੇ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀ ਦਿੱਤੀ ਹੈ।
ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਛਿੰਦਾ ਦੀ ਮੌਤ 'ਤੇ ਟਵੀਟ ਕਰਦਿਆਂ ਲਿਖਿਆ, ''ਉੱਘੇ ਗਾਇਕ ਸੁਰਿੰਦਰ ਛਿੰਦਾ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਪੰਜਾਬ ਦੀ ਬੁਲੰਦ ਆਵਾਜ਼ ਅੱਜ ਸਦਾ ਲਈ ਖ਼ਾਮੋਸ਼ ਹੋ ਗਈ। ਛਿੰਦਾ ਜੀ ਭਾਵੇਂ ਸਰੀਰਕ ਤੌਰ 'ਤੇ ਨਹੀਂ ਰਹੇ ਪਰ ਉਨ੍ਹਾਂ ਦੀ ਆਵਾਜ਼ ਸਦਾ ਗੂੰਜਦੀ ਰਹੇਗੀ। ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ 'ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ... ਵਾਹਿਗੁਰੂ ਵਾਹਿਗੁਰੂ।''
ਸੁਰਿੰਦਰ ਛਿੰਦਾ ਨੇ ਆਪਣੀ ਮਿਹਨਤ ਸਦਕਾ 'ਪੰਜਾਬੀ ਸੰਗੀਤ ਜਗਤ' ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਅਤੇ ਆਪਣੇ ਗੀਤਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਯੋਗਦਾਨ ਪਾਇਆ। ਮਸ਼ਹੂਰ ਗਾਇਕ ਸੁਰਿੰਦਰ ਪਾਲ ਧੰਮੀ, ਜਿਨ੍ਹਾਂ ਨੂੰ ਅਸੀਂ ਸੁਰਿੰਦਰ ਛਿੰਦਾ ਵਜੋਂ ਜਾਣਦੇ ਹਾਂ। ਉਨ੍ਹਾਂ ਦਾ ਜਨਮ 20 ਮਈ 1953 ਨੂੰ ਪਿੰਡ ਚੋਟੀ ਈਯਾਲੀ, ਜ਼ਿਲ੍ਹਾ ਲੁਧਿਆਣਾ, ਪੰਜਾਬ 'ਚ ਹੋਇਆ ਸੀ। ਸੁਰਿੰਦਰ ਛਿੰਦਾ ਦਾ ਜਨਮ ਸੁਰਿੰਦਰ ਪਾਲ ਧਾਮ ਦਾ ਜਨਮ ਇੱਕ ਰਾਮਗੜ੍ਹੀਆ ਪਰਿਵਾਰ 'ਚ ਹੋਇਆ ਸੀ।
ਪੰਜਾਬੀ ਸੰਗੀਤ ਜਗਤ 'ਚ ਆਉਣ ਤੋਂ ਪਹਿਲਾਂ ਛਿੰਦਾ ਸਰੂਪ ਮਕੈਨੀਕਲ ਵਰਕਸ 'ਚ ਨੌਕਰੀ ਕਰਦੇ ਸਨ। ਉਨ੍ਹਾਂ ਨੇ ਸਾਲ 1981 'ਚ 'ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵਾਪਸ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦਾ ਇਹ ਗੀਤ ਉਸ ਸਮੇਂ ਕਾਫੀ ਹਿੱਟ ਰਿਹਾ ਸੀ। ਇਸ ਤੋਂ ਬਾਅਦ ਉਨਾਂ ਨੇ 'ਢੋਲਾ ਵੇ ਢੋਲਾ ਹਾਏ ਢੋਲਾ', 'ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ' ਤੇ 'ਬਦਲਾ ਲੈ ਲਈਂ ਸੋਹਣਿਆਂ' ਸਮੇਤ ਕਈ ਗੀਤ ਗਾਏ। 1972-73 'ਚ ਸੁਰਿੰਦਰ ਛਿੰਦਾ ਉਸਤਾਦ ਜਸਵੰਤ ਭੰਵਰਾ ਦੇ ਲੜ ਲੱਗ ਗਏ ਅਤੇ ਸੰਗੀਤਕ ਤਾਲੀਮ ਦਾ ਦੌਰ ਸ਼ੁਰੂ ਹੋਇਆ। ਸੁਰਿੰਦਰ ਛਿੰਦਾ ਨੇ ਬਹੁਤ ਸੰਘਰਸ਼ ਕੀਤਾ। ਪ੍ਰਸਿੱਧ ਕੰਪਨੀ ਐੱਚ. ਐੱਮ. ਵੀ. ਨੇ ਉਨ੍ਹਾਂ ਦਾ ਪਹਿਲਾ ਰਿਕਾਰਡ, 'ਘੱਗਰਾ ਸੂਫ ਦਾ' ਤਿਆਰ ਕੀਤਾ ਅਤੇ ਫਿਰ ਹੌਲੀ-ਹੌਲੀ ਉਸ ਤੋਂ ਬਾਅਦ ਚਰਚਾ ਦਾ ਦੌਰ ਸ਼ੁਰੂ ਹੋਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।