ਪੰਜਾਬੀ ਗਾਇਕ ਦੀ ਮਿਲੀਭੁਗਤ ਨਾਲ ਹੋ ਰਹੀ ਸੀ ਨਸ਼ਾ ਤਸਕਰੀ, NCB ਜਲਦ ਕੱਸੇਗੀ ਸ਼ਿਕੰਜਾ

08/30/2023 5:31:29 AM

ਲੁਧਿਆਣਾ (ਗੌਤਮ)- ਇੰਪੋਰਟ ਦੀ ਆੜ ’ਚ ਵਿਦੇਸ਼ਾਂ ਤੋਂ 1000 ਕਿਲੋ ਹੈਰੋਇਨ ਸਮੱਗਲਿੰਗ ਕਰਨ ਅਤੇ ਵਿਦੇਸ਼ਾਂ ’ਚ ਬੈਠੇ ਸਮੱਗਲਰਾਂ ਨੂੰ 350 ਕਰੋੜ ਰੁਪਏ ਟ੍ਰਾਂਸਫਰ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਮੁਲਜ਼ਮ ਮਨੀ ਕਾਲੜਾ ਨੂੰ ਐੱਨ. ਸੀ. ਬੀ. ਨੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ।

ਪੁੱਛਗਿੱਛ ਦੌਰਾਨ ਏਜੰਸੀ ਨੇ ਮੁਲਜ਼ਮ ਦੀ ਮਰਸੀਡੀਜ਼ ਜੇ. ਐੱਲ. ਈ. ਜ਼ਬਤ ਕਰਨ ਦੇ ਨਾਲ ਉਸ ਦੀਆਂ ਕਈ ਪ੍ਰਾਪਰਟੀਆਂ ਦਾ ਪਤਾ ਲਗਾਇਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਦੀਆਂ ਕਰੀਬ 8 ਬੋਗਸ ਫਰਮਾਂ ਬਾਰੇ ਵੀ ਪਤਾ ਲੱਗਾ ਹੈ, ਜਿਨ੍ਹਾਂ ਜ਼ਰੀਏ ਮੁਲਜ਼ਮ ਇੰਪੋਰਟ-ਐਕਸਪੋਰਟ ਦਾ ਕੰਮ ਕਰਦਾ ਸੀ।

ਪੰਜਾਬੀ ਗਾਇਕ ਨੂੰ ਵੀ ਭੇਜਿਆ ਜਾਵੇਗਾ ਸੰਮਨ

ਸੂਤਰਾਂ ਮੁਤਾਬਕ ਏਜੰਸੀ ਨੂੰ ਉਸ ਦੇ ਹੋਰਨਾਂ ਸਾਥੀਆਂ ਬਾਰੇ ਵੀ ਸੁਰਾਗ ਮਿਲੇ ਹਨ, ਜਿਨ੍ਹਾਂ ਸਬੰਧੀ ਏਜੰਸੀ ਦੀ ਟੀਮ ਵੱਲੋਂ ਲੁਧਿਆਣਾ ’ਚ ਛਾਪੇ ਮਾਰੇ ਜਾ ਰਹੇ ਹਨ। ਪੁੱਛਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਇਕ ਪੰਜਾਬੀ ਸਿੰਗਰ ਨਾਲ ਮਿਲ ਕੇ ਕੰਮ ਕਰ ਰਿਹਾ ਸੀ, ਜਿਸ ਸਬੰਧੀ ਐੱਨ. ਸੀ. ਬੀ. ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਿੰਗਰ ਨੂੰ ਜਲਦ ਹੀ ਐੱਨ. ਸੀ. ਬੀ. ਸੰਮਨ ਦੇ ਕੇ ਬੁਲਾਵੇਗੀ। ਮੁਲਜ਼ਮ ਨੂੰ ਫੜਨ ਲਈ ਪਿਛਲੇ 10 ਮਹੀਨਿਆਂ ਤੋਂ ਪੁਲਸ ਯਤਨ ਕਰ ਰਹੀ ਸੀ। ਮੁਲਜ਼ਮ ਦੁਬਈ ਦੇ 2 ਸਿਮ ਚਲਾ ਕੇ ਆਪਣਾ ਨਸ਼ਾ ਸਮੱਗਲਿੰਗ ਦਾ ਧੰਦਾ ਚਲਾ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਚੰਦਰਯਾਨ-3: ISRO ਨੇ ਸਾਂਝੀ ਕੀਤੀ ਵੱਡੀ ਅਪਡੇਟ, ਹੁਣ ਤਕ ਚੰਨ 'ਤੇ ਸਲਫ਼ਰ ਸਮੇਤ ਮਿਲੀਆਂ ਇਹ ਚੀਜ਼ਾਂ

ਗੌਰ ਹੋਵੇ ਕਿ ਮੁਲਜ਼ਮ ਨੂੰ ਚੰਡੀਗੜ੍ਹ ਦੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਦਿੱਲੀ ਨਹਿਰੂ ਪਲੇਸ ਤੋਂ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਅਤੇ ਉਸ ਦੇ ਪਿਤਾ ਸੁਰਿੰਦਰ ਕਾਲੜਾ ਨੂੰ ਐੱਨ. ਸੀ. ਬੀ. ਵੱਲੋਂ ਅਕਸੇ ਛਾਬੜਾ ਮਾਮਲੇ ’ਚ ਭਗੌੜਾ ਕਰਾਰ ਦਿੱਤਾ ਹੋਇਆ ਸੀ ਅਤੇ ਉਨ੍ਹਾਂ ਦੀ ਐੱਲ. ਓ. ਸੀ. ਜਾਰੀ ਕੀਤੀ ਹੋਈ ਸੀ। ਮੁਲਜ਼ਮ ਦੀ ਭਾਲ ’ਚ ਏਜੰਸੀ ਵੱਲੋਂ ਛਾਪੇ ਮਾਰੇ ਜਾ ਰਹੇ ਸਨ। ਮੁਲਜ਼ਮ ਨੂੰ ਨਸ਼ਾ ਸਮੱਗਲਰਾਂ ਦੇ ਪੈਸੇ ਵਿਦੇਸ਼ਾਂ ’ਚ ਭੇਜਣ ਬਦਲੇ ਗ੍ਰਿਫਤਾਰ ਕੀਤਾ ਗਿਆ ਸੀ।

ਨੇਪਾਲ ਰਸਤਿਓਂ ਭੱਜਣਾ ਚਾਹੁੰਦਾ ਸੀ ਦੁਬਈ

ਸੂਤਰਾਂ ਮੁਤਾਬਕ ਏਜੰਸੀ ਨੂੰ ਪਤਾ ਲੱਗਾ ਹੈ ਕਿ ਮੁਲਜ਼ਮ ਲੁਧਿਆਣਾ, ਮੋਹਾਲੀ, ਚੰਡੀਗੜ੍ਹ ਅਤੇ ਦਿੱਲੀ ’ਚ ਲੁਕ ਕੇ ਰਹਿੰਦਾ ਸੀ ਅਤੇ ਨਸ਼ਾ ਸਮੱਗਲਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਉਹ ਦੁਬਈ ਜਾਣ ਲਈ ਨੇਪਾਲ ਦੇ ਕਾਠਮੰਡੂ ਏਅਰਪੋਰਟ ਗਿਆ ਸੀ, ਜਿੱਥੋਂ ਉਹ ਦੁਬਈ ਜਾਣਾ ਚਾਹੁੰਦਾ ਸੀ ਪਰ ਉੱਥੇ ਤਾਇਨਾਤ ਅਧਿਕਾਰੀਆਂ ਨੇ ਉਸ ਨੂੰ ਜਾਣ ਨਹੀਂ ਦਿੱਤਾ, ਜਿਸ ’ਤੇ ਮੁਲਜ਼ਮ ਕੁਝ ਸਮੇਂ ਬਾਅਦ ਵਾਪਸ ਇੰਡੀਆ ਆ ਗਿਆ ਸੀ। ਉਹ ਕਿਸੇ ਨਾ ਕਿਸੇ ਤਰ੍ਹਾਂ ਦੁਬਈ ’ਚ ਆਪਣੇ ਪਿਤਾ ਅਤੇ ਭਰਾ ਕੋਲ ਜਾਣ ਦੀ ਤਾਕ ’ਚ ਸੀ।

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਪੰਜਾਬ ਪੁਲਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, CIA ਇੰਚਾਰਜ ਜ਼ਖ਼ਮੀ, 2 ਔਰਤਾਂ ਸਮੇਤ 3 ਗ੍ਰਿਫ਼ਤਾਰ

ਦੂਜੀਆਂ ਕੰਪਨੀਆਂ ਦੇ ਦਤਸਾਵੇਜ਼ਾਂ ’ਤੇ ਮੰਗਵਾਉਂਦਾ ਸੀ ਨਸ਼ਾ

ਪੁੱਛਗਿੱਛ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮ ਦੂਜੇ ਇੰਪੋਰਟਰਾਂ ਦੇ ਦਸਤਾਵੇਜ਼ ਕਿਰਾਏ ’ਤੇ ਲੈ ਕੇ ਨਸ਼ਾ ਸਮੱਗÇਲਿੰਗ ਦਾ ਕੰਮ ਕਰਦਾ ਸੀ। ਮੁਲਜ਼ਮ ਉਨ੍ਹਾਂ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਵਿਦੇਸ਼ਾਂ ਤੋਂ ਕੰਟੇਨਰ ਮੰਗਵਾ ਲੈਂਦਾ ਸੀ ਅਤੇ ਉਸ ’ਚ ਆਉਣ ਵਾਲਾ ਨਸ਼ਾ ਖਤਰਨਾਕ ਸਮੱਗਲਰ ਹਰਪ੍ਰੀਤ ਉਰਫ ਚਿੰਟੂ ਨਾਲ ਮਿਲ ਕੇ ਵੇਚਦਾ ਸੀ ਅਤੇ ਹੋਰਨਾਂ ਸਮੱਗਲਰਾਂ ਨੂੰ ਵੀ ਮਾਲ ਸਪਲਾਈ ਕਰਦਾ ਸੀ। ਪਹਿਲਾਂ ਉਸ ਦਾ ਪਿਤਾ ਖਤਰਨਾਕ ਸਮੱਗਲਰ ਨਾਲ ਕੰਮ ਕਰਦਾ ਸੀ ਅਤੇ ਡਰੱਗ ਮਨੀ ਨੂੰ ਟਿਕਾਣੇ ਲਗਾਉਂਦਾ ਸੀ। ਇਸ ਗੋਰਖਧੰਦੇ ਨੂੰ ਲੈ ਕੇ ਮਨੀ ਕਾਲੜਾ ਦੀ ਸੁਪਰਵਾਇਜ਼ਰੀ ਕਰਦਾ ਸੀ, ਜਦੋਂਕਿ ਉਸ ਨੇ ਪੈਸੇ ਟ੍ਰਾਂਸਫਰ ਕਰਨ ਲਈ ਕਰੀਬ 8 ਬੋਗਸ ਫਰਮਾਂ ਖੋਲ੍ਹੀਆਂ ਹੋਈਆਂ ਸਨ। ਸਭ ਤੋਂ ਵੱਧ ਕੰਮ ਉਸ ਨੇ ਅਭੀ ਇੰਪੈਕਸ, ਜਗਦੰਬੇ ਟ੍ਰੇਡਿੰਗ, ਵਰਮਾ ਟ੍ਰੇਡਿੰਗ ਦੇ ਜ਼ਰੀਏ ਕੀਤਾ, ਜਦੋਂਕਿ ਬਾਕੀ ਫਰਮਾਂ ਦੀ ਵਿਭਾਗ ਜਾਂਚ ਕਰ ਰਿਹਾ ਹੈ।

ਗਵਰਨਰ ਨੇ ਵੀ ਮੁੱਖ ਮੰਤਰੀ ਨੂੰ ਲਿਖਿਆ ਸੀ ਪੱਤਰ

ਨਾਰਕੋਟਿਕਸ ਕੰਟ੍ਰੋਲ ਬਿਊਰੋ ਵੱਲੋਂ ਮੁਲਜ਼ਮ ਅਕਸ਼ੇ ਛਾਬੜਾ ਦੇ ਨਸ਼ਾ ਸਮੱਗਲਿੰਗ ਦੇ ਨੈੱਟਵਰਕ ਨੂੰ ਤਬਾਹ ਕਰਨ ਸਬੰਧੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਗਿਆ ਸੀ, ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਨਸ਼ਾ ਸਮੱਗਲਰਾਂ ਸਬੰਧੀ ਵੱਖ-ਵੱਖ ਏਜੰਸੀਆਂ ਤੋਂ ਉਨ੍ਹਾਂ ਨੂੰ ਰਿਪੋਰਟ ਮਿਲੀ ਹੈ ਕਿ ਪੰਜਾਬ ’ਚ ਨਸ਼ਾ ਕਿਸ ਤਰ੍ਹਾਂ ਵਿਕ ਰਿਹਾ ਹੈ, ਜੋ ਕਿ ਕੈਮਿਸਟ ਦੀਆਂ ਕਈ ਦੁਕਾਨਾਂ ’ਤੇ ਉਪਲਬਧ ਹੈ। ਚੰਡੀਗੜ੍ਹ ਨਾਰਕੋਟਿਕਸ ਸੈੱਲ ਅਤੇ ਐੱਨ. ਸੀ. ਬੀ. ਵੱਲੋਂ ਇਸ ਸਬੰਧੀ ਐਕਸ਼ਨ ਵੀ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News