ਪੰਜਾਬ ਵਾਸੀ ਹੋ ਜਾਣ ਅਲਰਟ, ਜਾਰੀ ਹੋਈ ਐਡਵਾਈਜ਼ਰੀ

Wednesday, Nov 27, 2024 - 03:15 PM (IST)

ਤਰਨਤਾਰਨ (ਰਮਨ) : ਰੋਜ਼ਾਨਾ ਵੱਧ ਰਹੀ ਠੰਡ ਅਤੇ ਧੁੰਦ ਨੇ ਜਿੱਥੇ ਆਮ ਜਨ-ਜੀਵਨ ਨੂੰ ਝਿੰਜੋੜਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਗਲਾ ਖਰਾਬ, ਸਾਹ, ਛਾਤੀ ਦੇ ਰੋਗਾਂ ਅਤੇ ਨਿਮੋਨੀਆ ਵਰਗੀਆਂ ਬੀਮਾਰੀਆਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ, ਇਸ ਸਭ ਦੇ ਵਿਚਾਲੇ ਸਿਹਤ ਮਾਹਿਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਹੈ। 

ਇਹ ਵੀ ਪੜ੍ਹੋ : ਸੂਬੇ ਦੇ ਪੈਨਸ਼ਨਧਾਰਕਾਂ ਲਈ ਖ਼ੁਸ਼ਖ਼ਬਰੀ, ਹੋ ਗਿਆ ਇਹ ਵੱਡਾ ਐਲਾਨ

ਬੱਚੇ ਹੋ ਰਹੇ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ

ਵੱਧ ਰਹੀ ਸਰਦੀ ਨੇ ਛੋਟੇ ਅਤੇ ਨਵ-ਜੰਮੇ ਬੱਚਿਆਂ ਨੂੰ ਸਿਹਤ ਪੱਖੋਂ ਭਾਰੀ ਮੁਸ਼ਕਿਲਾਂ ’ਚ ਪਾ ਕੇ ਰੱਖ ਦਿੱਤਾ ਹੈ, ਜਿਸ ਕਾਰਨ ਉਹ ਜਿੱਥੇ ਛਾਤੀ ਰੋਗਾਂ, ਜ਼ੁਕਾਮ, ਤੇਜ਼ ਬੁਖਾਰ, ਸਾਹ, ਗਲਾ ਖਰਾਬ, ਪੇਟ ਦੀਆਂ ਬੀਮਾਰੀਆਂ ਤੋਂ ਇਲਾਵਾ ਨਿਮੋਨੀਆ ਨਾਲ ਪੀੜਤ ਹੋ ਰਹੇ ਹਨ। ਇਸ ਦੌਰਾਨ ਬੱਚਿਆਂ ਦੀ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਮਜਬੂਰਨ ਮਾਹਿਰ ਡਾਕਟਰਾਂ ਕੋਲ ਜਾਣਾ ਪੈ ਰਿਹਾ ਹੈ। ਇਨ੍ਹਾਂ ਬੀਮਾਰੀਆਂ ਦੇ ਕਰਕੇ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਨਜ਼ਰ ਆ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਪੂਨੀਆ ਨੇ ਦੱਸਿਆ ਕਿ ਵੱਧ ਰਹੀ ਸਰਦੀ ਕਾਰਨ ਤਾਪਮਾਨ ’ਚ ਕਾਫੀ ਜ਼ਿਆਦਾ ਗਿਰਾਵਟ ਆ ਗਈ ਹੈ, ਜਿਸ ਕਰ ਕੇ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਬਾਜ਼ਾਰੀ ਵਸਤੂਆਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸਰਦੀ ’ਚ ਬੱਚਿਆਂ ਨੂੰ ਗਰਮ ਕੱਪੜੇ ਪਾਏ ਜਾਣ।

ਇਹ ਵੀ ਪੜ੍ਹੋ : ਨੇਤਰਹੀਣ ਮਾਪਿਆਂ ਦਾ ਟੁੱਟਿਆ ਆਖਰੀ ਸਹਾਰਾ, ਵਿਆਹ ਤੋਂ ਕੁਝ ਦਿਨ ਪਹਿਲਾਂ 24 ਸਾਲਾ ਪੁੱਤ ਦੀ ਮੌਤ

ਸਾਹ ਲੈਣ ’ਚ ਆ ਰਹੀ ਦਿੱਕਤ

ਛੋਟੇ ਬੱਚਿਆਂ ਨੂੰ ਨਿਮੋਨੀਆ ਦੇ ਸ਼ਿਕਾਰ ਹੋਣ ਕਾਰਨ ਉਨ੍ਹਾਂ ਨੂੰ ਸਾਹ ਲੈਣ ’ਚ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਸ ਦੇ ਨਾਲ ਹੀ ਨਿਮੋਨੀਆ ਬੀਮਾਰੀ ਵੱਲੋਂ ਵੱਡਿਆਂ ਨੂੰ ਵੀ ਆਪਣੀ ਜਕੜ ’ਚ ਲਿਆ ਜਾ ਰਿਹਾ ਹੈ। ਨਿਮੋਨੀਆ ਕਰਕੇ ਸਮੇਂ ਸਿਰ ਇਲਾਜ ਨਾ ਕਰਵਾਉਣ ਦੌਰਾਨ ਮਰੀਜ਼ ਦੀ ਮੌਤ ਤੱਕ ਹੋ ਸਕਦੀ ਹੈ। ਆਉਣ ਵਾਲੇ ਦਿਨਾਂ ’ਚ ਠੰਡ ਨੇ ਲੋਕਾਂ ਦਾ ਜਿੱਥੇ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ, ਉੱਥੇ ਬੀਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸਰਕਾਰੀ ਹਸਪਤਾਲ ਤਰਨਤਾਰਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਸੁਪਰੀਆ ਰੰਧਾਵਾ ਨੇ ਦੱਸਿਆ ਕਿ ਇਸ ਤਾਪਮਾਨ ’ਚ ਆਈ ਗਿਰਾਵਟ ਕਾਰਨ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਜਿਸ ਦੌਰਾਨ ਮਾਪਿਆਂ ਨੂੰ ਬੱਚਿਆਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬੀਮਾਰ ਹੋਣ ਦੀ ਸੂਰਤ ’ਚ ਬੱਚਿਆਂ ਦਾ ਖੁਦ ਇਲਾਜ ਕਰਨ ਦੀ ਬਜਾਏ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮਸ਼ਹੂਰ ਪੈਲੇਸ 'ਚ ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ 'ਚ ਪੈ ਗਿਆ ਭੜਥੂ, ਹੋਈ ਘਟਨਾ ਨੇ ਸਭ ਦੇ ਉਡਾਏ ਹੋਸ਼

ਬੱਚੇ ਦੇ ਮੂੰਹ ਨੂੰ ਜ਼ਿਆਦਾ ਨਾ ਢੱਕੋ

ਸਿਵਲ ਹਸਪਤਾਲ ਤਰਨਤਾਰਨ ਵਿਖੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਨੀਰਜ ਲਤਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਦੱਸਿਆ ਕਿ ਠੰਡ ਦੌਰਾਨ ਬੱਚਿਆਂ ਦੇ ਸਰੀਰ ਉੱਪਰ ਤਿੰਨ-ਚਾਰ ਪਰਤਾਂ ਵਾਲੇ ਗਰਮ ਕੱਪੜੇ ਪਹਿਨਾਏ ਜਾਣੇ ਜ਼ਰੂਰੀ ਹਨ। ਇਸ ਦੇ ਨਾਲ ਹੀ ਬੱਚੇ ਦਾ ਸਿਰ ਅਤੇ ਪੈਰ ਗਰਮ ਕੱਪੜਿਆਂ ਨਾਲ ਢੱਕੇ ਹੋਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ। ਡਾਕਟਰ ਲਤਾ ਨੇ ਪੁਰਜ਼ੋਰ ਅਪੀਲ ਕਰਦੇ ਹੋਏ ਮਾਵਾਂ ਨੂੰ ਕਿਹਾ ਕਿ ਬੱਚਿਆਂ ਦੇ ਮੂੰਹ ਨੂੰ ਕੰਬਲ ’ਚ ਓਨਾ ਹੀ ਢੱਕਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਸਾਹ ਲੈਣਾ ਸੌਖਾ ਰਹੇ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ’ਚ ਰੋਜ਼ਾਨਾ ਬੱਚਿਆਂ ਦੇ ਰੋਗਾਂ ਦੀਆਂ ਸਮੱਸਿਆਵਾਂ ਸਬੰਧੀ ਮਰੀਜ਼ ਵੱਧ ਰਹੇ ਹਨ। ਇਸ ਦੌਰਾਨ ਬੱਚਿਆਂ ਨੂੰ ਛਾਤੀ ਰੋਗਾਂ ਤੋਂ ਇਲਾਵਾ ਤੇਜ਼ ਬੁਖਾਰ, ਪੇਟ ਖਰਾਬ, ਜ਼ੁਕਾਮ ਅਤੇ ਨਿਮੋਨੀਆ ਦੀ ਸ਼ਿਕਾਇਤ ਜ਼ਿਆਦਾ ਹੋ ਰਹੀ ਹੈ। ਇਸ ਸਬੰਧੀ ਉਨ੍ਹਾਂ ਦਾ ਇਲਾਜ ਸਰਕਾਰ ਵੱਲੋਂ ਦਿੱਤੇ ਇੰਸਟਰੂਮੈਂਟ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ, ਜੋ ਲਾਭਦਾਇਕ ਸਾਬਤ ਹੋ ਰਹੇ ਹਨ।

ਇਹ ਵੀ ਪੜ੍ਹੋ : ਸੂਬੇ ਦੇ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਡਿਪੂ ਹੋਲਡਰਾਂ ਨੂੰ ਵੀ ਜਾਰੀ ਹੋਏ ਹੁਕਮ

ਬੱਚਿਆਂ ਦੇ ਖਾਣ-ਪੀਣ ਦਾ ਰੱਖੋ ਖਾਸ ਖਿਆਲ

ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਬੱਚਿਆਂ ਨੂੰ ਵੱਖ-ਵੱਖ ਕਿਸਮ ਦੀਆਂ ਬੀਮਾਰੀਆਂ ਤੋਂ ਬਚਾਉਣ ਲਈ ਘਰਾਂ ’ਚ ਰੱਖਣਾ ਬਿਹਤਰ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਬਾਜ਼ਾਰੀ ਵਸਤੂਆਂ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਇਲਾਜ ਸਬੰਧੀ ਸਰਕਾਰੀ ਹਸਪਤਾਲ ’ਚ ਮੌਜੂਦ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਦਾ ਇਲਾਜ ਹਸਪਤਾਲਾਂ ’ਚ ਵਧੀਆ ਢੰਗ ਨਾਲ ਮਾਹਿਰ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਲੱਗ ਰਹੇ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕੀ ਹੈ ਪੂਰਾ ਮਾਮਲਾ

ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਸਹੂਲਤਾਂ

ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਠੰਢ ਦੌਰਾਨ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਸਬੰਧੀ ਸਰਕਾਰ ਦੀਆਂ ਹਦਾਇਤਾਂ ਤਹਿਤ ਸਿਹਤ ਵਿਭਾਗ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਦੇ ਮੁਫਤ ਇਲਾਜ ਦੌਰਾਨ ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਪਹਿਲ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਦੀ ਦੇ ਮੌਸਮ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਜਾਵੇ।

ਇਹ ਵੀ ਪੜ੍ਹੋ : ਕਿਸਮਤ ਹੋਵੇ ਤਾਂ ਅਜਿਹੀ, ਲੁਧਿਆਣਾ 'ਚ 75 ਲੱਖ ਦੀ ਲਾਟਰੀ ਨਿਕਲਣ ਨਾਲ ਮਾਲਾ-ਮਾਲ ਹੋਇਆ ਸ਼ਖਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


Gurminder Singh

Content Editor

Related News