ਪੰਜਾਬੀ ਭਾਸ਼ਾ ਪ੍ਰਸਾਰ ਇਕਾਈ ਕੈਨੇਡਾ ਨੇ ਸ੍ਰੀ ਅਕਾਲ ਤਖਤ ਨੂੰ ਪੱਤਰ ਲਿਖ ਕੇ ਕੀਤੀ ਇਹ ਮੰਗ

Friday, Nov 15, 2019 - 11:54 AM (IST)

ਪੰਜਾਬੀ ਭਾਸ਼ਾ ਪ੍ਰਸਾਰ ਇਕਾਈ ਕੈਨੇਡਾ ਨੇ ਸ੍ਰੀ ਅਕਾਲ ਤਖਤ ਨੂੰ ਪੱਤਰ ਲਿਖ ਕੇ ਕੀਤੀ ਇਹ ਮੰਗ

ਮੋਹਾਲੀ (ਨਿਆਮੀਆਂ) : ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਦੀ ਕੈਨੇਡਾ ਇਕਾਈ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਹੀ ਬੇਗਾਨੀ ਹੁੰਦੀ ਜਾ ਰਹੀ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਅਕਾਲ ਤਖ਼ਤ ਸਾਹਿਬ ਵਿਸ਼ੇਸ਼ ਹੁਕਮ ਜਾਰੀ ਕਰੇ। ਇਸ ਪੱਤਰ ਵਿਚ ਜਥੇਦਾਰ ਤੋਂ ਮੰਗ ਕੀਤੀ ਗਈ ਹੈ ਕਿ ਗੁਰੂ ਸਾਹਿਬ ਦੇ 551ਵੇਂ ਪ੍ਰਕਾਸ਼ ਵਰ੍ਹੇ ਨੂੰ ਨਿਰੋਲ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਵਰ੍ਹੇ ਦੇ ਤੌਰ 'ਤੇ ਮਨਾਉਣ ਦਾ ਐਲਾਨ ਕੀਤਾ ਜਾਵੇ ਤਾਂ ਜੋ ਵਿਸ਼ਵ ਭਰ ਦੇ ਪੰਜਾਬੀ ਆਪਣਾ ਧਿਆਨ ਸਿਰਫ ਨਾਨਕ ਬਾਣੀ ਦੇ ਵਿਕਾਸ 'ਤੇ ਹੀ ਕੇਂਦਰਿਤ ਕਰ ਸਕਣ ਅਤੇ ਇਸ ਦੇ ਵਿਕਾਸ ਵਿਚ ਬਣਦਾ ਯੋਗਦਾਨ ਪਾ ਸਕਣ। ਸਰਕਾਰ ਵਪਾਰਕ ਅਦਾਰਿਆਂ, ਰੁਜ਼ਗਾਰ, ਸਿੱਖਿਆ, ਪਰਿਵਾਰ ਅਤੇ ਸੱਭਿਆਚਾਰ ਵਿਚੋਂ ਅਲੋਪ ਹੋ ਰਹੀ ਪੰਜਾਬੀ ਭਾਸ਼ਾ ਦੇ ਯਥਾਰਥਕ ਕਾਰਨਾਂ ਨੂੰ ਖੋਜੇ ਅਤੇ ਨਾਨਕ ਬਾਣੀ ਨੂੰ ਦਰਪੇਸ਼ ਸਮੱਸਿਆਵਾਂ ਦੇ ਸਾਰਥਕ ਹੱਲ ਲੱਭਣ ਲਈ ਅਤੇ ਪੰਜਾਬੀ ਨੂੰ ਵਿਸ਼ਵ ਪੱਧਰ ਦੀ ਭਾਸ਼ਾ ਦੇ ਤੌਰ 'ਤੇ ਵਿਕਸਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ਵ ਪੱਧਰ ਦੇ ਭਾਸ਼ਾ ਵਿਗਿਆਨੀਆਂ, ਵਿਦਵਾਨਾਂ, ਤਕਨੀਕੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ। ਪ੍ਰਾਪਤ ਸਿੱਟਿਆਂ ਨੂੰ ਵਿਸ਼ੇਸ਼ ਸੈਮੀਨਾਰਾਂ ਆਦਿ ਰਾਹੀਂ ਲੋਕਾਂ ਤਕ ਪਹੁੰਚਾਇਆ ਜਾਵੇ। 

ਜਥੇਦਾਰ ਨੂੰ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਗੱਲਬਾਤ ਚਿੱਠੀ ਪੱਤਰ ਅਤੇ ਹੋਰ ਹਰ ਤਰ੍ਹਾਂ ਦਾ ਹੀਲਾ ਵਰਤ ਕੇ ਪੰਜਾਬ ਸਰਕਾਰ 'ਤੇ ਪੰਜਾਬ ਰਾਜ ਭਾਸ਼ਾ ਐਕਟ 1967 ਅਤੇ ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਜਾਣਕਾਰੀ ਐਕਟ ਦੋ ਹਜ਼ਾਰ ਅੱਠ ਦੀਆਂ ਵਿਵਸਥਾਵਾਂ ਨੂੰ ਇਨ-ਬਿਨ ਲਾਗੂ ਕਰਵਾਉਣ ਲਈ ਦਬਾਅ ਬਣਾਇਆ ਜਾਵੇ। ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਦੀ ਕੈਨੇਡਾ ਇਕਾਈ ਨੇ ਕਿਹਾ ਹੈ ਕਿ ਅਜਿਹੇ ਯਤਨ ਕਰਨ 'ਤੇ ਹੀ ਮਰਨ ਕਿਨਾਰੇ ਪਹੁੰਚੀ ਮਾਂ ਬੋਲੀ ਪੰਜਾਬੀ ਮੁੜ ਨਿਰੋਈ ਹੋ ਸਕੇਗੀ ਅਤੇ ਉਸ ਨੂੰ ਸਰਕਾਰੇ-ਦਰਬਾਰੇ ਬਣਦਾ ਸਤਿਕਾਰ ਪ੍ਰਾਪਤ ਹੋ ਸਕੇਗਾ। ਇਹ ਪੱਤਰ ਕੈਨੇਡਾ ਦੀ ਵੈਨਕੂਵਰ ਇਕਾਈ ਵਲੋਂ ਲਿਖਿਆ ਗਿਆ ਹੈ।


author

Gurminder Singh

Content Editor

Related News