...ਤਾਂ ਇਸ ਕਰਕੇ ''ਆਪ'' ''ਚ ਸ਼ਾਮਲ ਹੋਈ ਅਦਾਕਾਰਾ ਸੋਨੀਆ ਮਾਨ
Monday, Feb 24, 2025 - 04:12 PM (IST)

ਜਲੰਧਰ - ਬੀਤੇ ਦਿਨੀਂ ਯਾਨੀਕਿ ਐਤਵਾਰ ਨੂੰ ਮਸ਼ਹੂਰ ਪੰਜਾਬੀ ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ’ਚ ਪਾਰਟੀ ’ਚ ਸ਼ਾਮਲ ਹੋਈ। ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੋਨੀਆ ਮਾਨ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।
'ਆਪ' ਦੇ ਕੰਮ ਤੋਂ ਹੋਈ ਪ੍ਰਭਾਵਿਤ
ਇਸ ਦੌਰਾਨ ਸੋਨੀਆ ਮਾਨ ਨੇ ਕਿਹਾ ਕਿ, ''ਮੈਂ ਦੋਵੇਂ ਆਗੂਆਂ ਦੇ ਕੰਮ ਅਤੇ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਕਾਜ ਨੂੰ ਦੇਖਦਿਆਂ ਮੈਂ ‘ਆਪ’ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਮੈਂ ਮਹਿਸੂਸ ਕੀਤਾ ਕਿ ਸਿਰਫ ਇਹ ਪਾਰਟੀ ਹੀ ਮੈਨੂੰ ਲੋਕਾਂ ਲਈ ਕੰਮ ਕਰਨ ਦਾ ਮੌਕਾ ਪ੍ਰਦਾਨ ਕਰ ਸਕਦੀ ਹੈ। ਜਦੋਂ ਵੀ ਮੈਂ ‘ਆਪ’ ਦੇ ਕਿਸੇ ਵਿਧਾਇਕ ਜਾਂ ਮੰਤਰੀ ਨੂੰ ਕਿਸੇ ਕੰਮ ਬਾਰੇ ਦੱਸਿਆ ਤਾਂ ਉਸ ਨੇ ਪਹਿਲ ਦੇ ਆਧਾਰ ’ਤੇ ਕੀਤਾ। ਉਨ੍ਹਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਸਿਹਤ ਮੰਤਰੀ ਨੇ ਉਨ੍ਹਾਂ ਦੇ ਕਹਿਣ ’ਤੇ ਪਿੰਡ ’ਚ ਡਰੱਗ ਕਮੇਟੀਆਂ ਬਣਾ ਕੇ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਅੰਦਰ ਸਥਿਤ ਵਿਵੇਕਾਨੰਦ ਹੈਲਥ ਸੈਂਟਰ ਦੀ ਮੁਰੰਮਤ ਕਰਵਾਈ।
ਇਹ ਵੀ ਪੜ੍ਹੋ- 5 ਲੱਖ ਕਿਸਾਨਾਂ ਨੇ 2-2 ਰੁਪਏ ਦੇ ਕੇ ਬਣਾਈ ਇਹ ਫ਼ਿਲਮ, Academy Museum 'ਚ ਹੋਵੇਗੀ ਸਕ੍ਰੀਨਿੰਗ
ਕੌਣ ਹੈ ਸੋਨੀਆ ਮਾਨ ?
38 ਸਾਲਾ ਸੋਨੀਆ ਮਾਨ ਇਕ ਅਦਾਕਾਰਾ ਅਤੇ ਮਾਡਲ ਹੈ। ਉਹ ਫਿਲਮਾਂ ਅਤੇ ਸੰਗੀਤ ਵੀਡੀਓਜ਼ ਵਿਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਦਾ ਜਨਮ ਹਲਦਵਾਨੀ, ਉਤਰਾਖੰਡ 'ਚ ਹੋਇਆ ਅਤੇ ਉਨ੍ਹਾਂ ਨੇ ਆਪਣੀ ਕਾਲਜ ਦੀ ਪੜ੍ਹਾਈ ਡੀ. ਵੀ. ਏ. ਅੰਮ੍ਰਿਤਸਰ ਤੋਂ ਕੀਤੀ। ਸੋਨੀਆ ਨੇ ਮਲਿਆਲਮ ਫਿਲਮਾਂ 'ਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਿੰਦੀ, ਮਰਾਠੀ ਅਤੇ ਤੇਲਗੂ ਇੰਡਸਟਰੀ 'ਚ ਵੀ ਕੰਮ ਕੀਤਾ ਹੈ। ਹੁਣ ਤਕ ਉਹ 10 ਫਿਲਮਾਂ ਕਰ ਚੁੱਕੀ ਹੈ ਅਤੇ 5 ਸੰਗੀਤ ਵੀਡੀਓਜ਼ ਵਿਚ ਵੀ ਨਜ਼ਰ ਆ ਚੁੱਕੀ ਹੈ। ਇਨ੍ਹਾਂ ਵਿਚੋਂ ਇਕ ਸਿੱਧੂ ਮੂਸੇਵਾਲਾ ਦਾ ਸੰਗੀਤ ਵੀਡੀਓ ਹੈ ਅਤੇ ਦੂਜਾ ਜੱਸੀ ਗਿੱਲ ਦਾ ਹੈ।
ਕਿਸਾਨ ਦੀ ਧੀ ਹੈ ਸੋਨੀਆ ਮਾਨ
ਸੋਨੀਆ ਮਾਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਦਾਰ ਬਲਦੇਵ ਸਿੰਘ ਦੀ ਧੀ ਹੈ। ਦਿੱਲੀ ਦੇ ਕਿਸਾਨ ਅੰਦੋਲਨ ’ਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਉਹ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ’ਚ ਵੀ ਕੰਮ ਕਰ ਰਹੀ ਹਨ। ਉਹ ਸੋਸ਼ਲ ਮੀਡੀਆ ਰਾਹੀਂ ਵੀ ਅਕਸਰ ਸਮਾਜਿਕ-ਰਾਜਨੀਤਿਕ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਂਦੀ ਰਹਿੰਦੀ ਹੈ।
ਇਹ ਵੀ ਪੜ੍ਹੋ- 4 ਵਿਅਕਤੀਆਂ ਨੇ ਔਰਤ ਨਾਲ ਮਨਾਈਆਂ ਰੰਗ-ਰਲੀਆਂ, ਦਿੱਤਾ ਸੀ ਇਹ ਝਾਂਸਾ
'ਟੋਚਨ' ਗੀਤ ਨਾਲ ਆਈ ਚਰਚਾ 'ਚ
ਸੋਨੀਆ ਮਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਟੋਚਨ' 'ਚ ਮਾਡਲਿੰਗ ਕਰਦੀ ਦਿਖਾਈ ਦਿੱਤੀ ਸੀ, ਜਿਸ 'ਚ ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲਿਆ। ਇਸ ਗੀਤ 'ਚ ਉਨ੍ਹਾਂ ਵਲੋਂ ਕੀਤੀ ਮਾਡਲਿੰਗ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਸੋਨੀਆ ਮਾਨ 'ਚੂੜੇ ਵਾਲੀ ਬਾਂਹ' 'ਚ ਕੀਤੀ ਮਾਡਲਿੰਗ ਨੂੰ ਵੀ ਲੋਕਾਂ ਵਲੋਂ ਖੂਬ ਸਰਹਾਇਆ ਗਿਆ ਸੀ। ਇਨ੍ਹਾਂ ਤੋਂ ਇਲਾਵਾ ਸੋਨੀਆ ਮਾਨ 'ਲਾਵਾਂ ਤੇਰੇ ਨਾਲ', 'ਅਪਨੀ ਬਨਾ ਲੈ', 'ਚੰਡੀਗੜ੍ਹ ਹੈਕਰ', 'ਤੀਜੇ ਵੀਕ', 'ਡਿਫਰੈਂਸ' ਵਰਗੇ ਗੀਤਾਂ 'ਚ ਮਾਡਲਿੰਗ ਕਰ ਚੁੱਕੇ ਹਨ।
'ਮਿਸ ਅੰਮ੍ਰਿਤਸਰ' ਦਾ ਖਿਤਾਬ ਕਰ ਚੁੱਕੀ ਆਪਣੇ ਨਾਂ
ਸ਼ੁਰੂਆਤੀ ਦਿਨਾਂ 'ਚ ਸੋਨੀਆ ਮਾਨ ਨੇ ਅੰਮ੍ਰਿਤਸਰ ਦੇ ਥਿਏਟਰ 'ਚ ਵੀ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ 'ਚ ਹੱਥ ਅਜ਼ਮਾਇਆ ਅਤੇ 'ਮਿਸ ਅੰਮ੍ਰਿਤਸਰ' ਦਾ ਖਿਤਾਬ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਸੋਨੀਆ ਮਾਨ?
ਬਾਲੀਵੁੱਡ 'ਚ ਡੈਬਿਊ
ਸੋਨੀਆ ਮਾਨ ਨੇ ਬਾਲੀਵੁੱਡ ਫਿਲਮ 'ਕਹੀਂ ਹੈਂ ਮੇਰਾ ਪਿਆਰ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਐਕਟਰ ਜੈਕੀ ਸ਼ਰਾਫ ਨਜ਼ਰ ਆਏ ਸਨ। ਬਾਲੀਵੁੱਡ ਤੋਂ ਇਲਾਵਾ ਸੋਨੀਆ ਮਾਨ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਸਰਗਰਮ ਰਹੀ। ਉਨ੍ਹਾਂ ਨੇ 'ਮੋਟਰ ਮਿੱਤਰਾਂ ਦੀ', '25 ਕਿੱਲੇ', 'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਵਰਗੀਆਂ ਪੰਜਾਬੀ ਫਿਲਮਾਂ 'ਚ ਅਭਿਨੈ ਕਰਕੇ ਅਦਾਕਾਰੀ ਦੇ ਜੌਹਰ ਦਿਖਾਏ। ਇਸ ਦੇ ਨਾਲ-ਨਾਲ ਸੋਨੀਆ ਮਾਨ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਵੀ ਨਜ਼ਰ ਆ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8