ਕੋਰੋਨਾ : ਸੰਕਟ ਦੀ ਘੜੀ ''ਚ ਅੰਨਦਾਤਾ ਬਣਿਆ ''ਪੰਜਾਬ'', ਦੂਜੇ ਸੂਬਿਆਂ ਨੂੰ ਭੇਜੇ ਕਣਕ ਤੇ ਚੌਲ

Friday, Mar 27, 2020 - 10:39 AM (IST)

ਚੰਡੀਗੜ੍ਹ : ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਹਾਹਾਕਾਰ ਮਚੀ ਹੋਈ ਹੈ ਅਤੇ ਲਾਕਡਾਊਨ ਕਾਰਨ ਆਮ ਲੋਕਾਂ ਨੂੰ ਜ਼ਰੂਰੀ ਵਸਤਾਂ ਵੀ ਨਹੀਂ ਮਿਲ ਰਹੀਆਂ। ਇਸ ਹਾਲਾਤ 'ਚ ਪੰਜਾਬ ਨੇ ਅੰਨਦਾਤਾ ਦੀ ਭੂਮਿਕਾ ਨਿਭਾਈ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ 'ਚ ਲਾਗੂ ਲਾਕਡਾਊਨ ਦੌਰਾਨ ਦੇਸ਼ ਵਾਸੀਆਂ ਨੂੰ ਕਣਕ ਅਤੇ ਚੌਲ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਪੰਜਾਬ 'ਚ ਸਥਿਤ ਵੱਖ-ਵੱਖ ਗੋਦਾਮਾਂ 'ਚੋਂ 20 ਵਿਸ਼ੇਸ਼ ਮਾਲ ਗੱਡੀਆਂ ਰਾਹੀਂ 50,000 ਮੀਟ੍ਰਿਕ ਟਨ ਕਣਕ ਅਤੇ ਚੌਲ ਭੇਜੇ ਗਏ।

PunjabKesari

ਉਕਤ ਜਾਣਕਾਰੀ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਦਿੱਤੀ ਗਈ। ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਨ੍ਹਾਂ ਵਿਸ਼ੇਸ਼ ਮਾਲ ਗੱਡੀਆਂ 'ਚ ਅਨਾਜ ਦੀ ਲਦਾਈ ਮੌਕੇ ਕੰਮ ਕਰ ਰਹੇ ਸਾਰੇ ਪੱਲੇਦਾਰਾਂ ਨੂੰ ਮਾਸਕ ਦੇਣ ਤੋਂ ਇਲਾਵਾ ਹੱਥਾਂ ਨੂੰ ਸੈਨੇਟਾਈਜ਼ ਕਰਵਾਇਆ ਗਿਆ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਇਕ ਦੂਸਰੇ ਤੋਂ ਦੂਰੀ ਬਣਾ ਕੇ ਕੰਮ ਕਰਨ ਤਾਂ ਜ਼ੋ ਮੋਜੂਦਾ ਸਥਿਤੀ ਵਿਚ ਪੱਲੇਦਾਰਾਂ ਦੀ ਸਿਹਤ ਦੀ ਵੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਪੰਜਾਬ ਸਰਕਾਰ ਅਤੇ ਐਫ.ਸੀ. ਆਈ. ਦੇ ਅਧਿਕਾਰੀਆਂ ਵਲੋਂ ਬਹੁਤ ਸੀਮਤ ਅਮਲੇ ਨਾਲ ਕੰਮ ਕੀਤਾ ਜਾ ਰਿਹਾ ਹੈ।
ਖੁਰਾਕ ਮੰਤਰੀ ਨੇ ਕਿਹਾ ਕਿ  ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਜੀ.ਐਮ ਸ੍ਰੀ ਅਰਸ਼ਦੀਪ ਸਿੰਘ ਥਿੰਦ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਵਲੋਂ ਇਸ ਕਾਰਜ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ।
ਆਸ਼ੂ ਨੇ ਦੱਸਿਆ ਕਿ ਪੰਜਾਬ ਰਾਜ ਦੇ ਨਾਗਰਿਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਜਾਰੀ ਹਦਾਇਤਾਂ ਅਨੁਸਾਰ ਸੂਬਾ  ਵਾਸੀਆਂ ਨੂੰ  ਘਰੋ-ਘਰੀ  ਸਬਜ਼ੀਆਂ, ਫ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਸੁਚਾਰੂ ਢੰਗ ਨਾਲ  ਕਰਨ ਸਬੰਧੀ ਕੀਤੇ ਗਏ ਪ੍ਰਬੰਧਾਂ ਸਦਕੇ ਸਮੁੱਚੇ ਰਾਜ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਸ਼ੁਰੂ ਹੋ ਗਈ।

 


Babita

Content Editor

Related News