ਅੱਤ ਦੀ ਪੈ ਰਹੀ ਲੂ ਦਰਮਿਆਨ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਜਾਣੋ ਆਉਣ ਦਿਨਾਂ ਦਾ Weather Update

05/24/2024 4:16:32 PM

ਜਲੰਧਰ (ਪੁਨੀਤ)- ਮਈ ਮਹੀਨੇ ’ਚ ਪੈ ਰਹੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ ਕੁਝ ਦਿਨਾਂ ’ਚ ਗਰਮੀ ਦਾ ਕਹਿਰ ਹੋਰ ਵਧਣ ਵਾਲਾ ਹੈ। ਇਸ ਸਿਲਸਿਲੇ ’ਚ ਹੀਟ ਵੇਵ ਜ਼ੋਰਦਾਰ ਹੋਵੇਗੀ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਾਰਨ ਆਪਣੀ ਰੱਖਿਆ ਦੇ ਨਾਲ-ਨਾਲ ਬੱਚਿਆਂ ਤੇ ਬਜ਼ੁਰਗਾਂ ਦੀ ਵੀ ਸੁਰੱਖਿਆ ਕਰਨੀ ਚਾਹੀਦੀ ਹੈ। ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਲੋਕ ਸਵੇਰੇ ਹੀ ਆਪਣਾ ਜ਼ਿਆਦਾਤਰ ਕੰਮ ਪੂਰਾ ਕਰ ਲੈਂਦੇ ਹਨ ਪਰ ਫਿਰ ਵੀ ਜਿਨ੍ਹਾਂ ਲੋਕਾਂ ਨੇ ਘਰੋਂ ਬਾਹਰ ਨਿਕਲਣਾ ਹੈ, ਉਹ ਦੁਪੱਟੇ ਜਾਂ ਰੁਮਾਲ ਆਦਿ ਨਾਲ ਢੱਕ ਕੇ ਪੂਰੀ ਸੁਰੱਖਿਆ ਨਾਲ ਘਰਾਂ ਤੋਂ ਬਾਹਰ ਨਿਕਲਣ। ਇਸ ਕਾਰਨ ਹੀਟ ਵੇਵ ਤੋਂ ਕਾਫ਼ੀ ਹੱਦ ਤੱਕ ਸੁਰੱਖਿਆ ਹੁੰਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਿੱਧੀ ਧੁੱਪ ਦੇ ਸੰਪਰਕ ’ਚ ਆਉਣ ਨਾਲ ਚਮੜੀ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ- PM ਮੋਦੀ ਦੀ ਆਮਦ ਸਬੰਧੀ ਜਲੰਧਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਗੁਜਰਾਤ ਪੁਲਸ ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ

ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ’ਚ ਪੰਜਾਬ ਦਾ ਤਾਪਮਾਨ 47 ਡਿਗਰੀ ਨੂੰ ਪਾਰ ਕਰ ਜਾਵੇਗਾ, ਜਿਸ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲੜੀ ਤਹਿਤ ਪੈ ਰਹੀ ਕਹਿਰ ਦੀ ਗਰਮੀ ਦਾ ਅਸਰ ਸ਼ਹਿਰ ਦੇ ਮਾਹੌਲ ’ਤੇ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਬਾਜ਼ਾਰਾਂ 'ਚ ਅੱਜਕੱਲ੍ਹ ਗਾਹਕਾਂ ਦੀ ਗਿਣਤੀ ਘੱਟ ਰਹੀ ਹੈ, ਜਿਸ ਕਾਰਨ ਵਪਾਰੀ ਵਰਗ ਨੂੰ ਗਾਹਕਾਂ ਲਈ ਲੰਮਾ ਸਮਾਂ ਉਡੀਕ ਕਰਨੀ ਪੈ ਰਹੀ ਹੈ। ਆਉਣ ਵਾਲੇ ਦਿਨਾਂ ’ਚ ਜਦੋਂ ਗਰਮੀ ਵਧੇਗੀ ਤਾਂ ਇਸ ਨਾਲ ਗਾਹਕਾਂ ਦੀ ਗਿਣਤੀ ਹੋਰ ਵੀ ਘੱਟ ਜਾਵੇਗੀ, ਜਿਸ ਨਾਲ ਵਪਾਰੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਸ ਕਾਰਨ ਕਈ ਲੋਕਾਂ ਨੇ ਸਵੇਰ ਤੋਂ ਹੀ ਆਪਣੀਆਂ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੁਝ ਲੋਕ ਆਪਣੇ ਰੈਗੂਲਰ ਗਾਹਕਾਂ ਨੂੰ ਵ੍ਹਟਸਐਪ ਮੈਸੇਜ ਰਾਹੀਂ ਜਲਦੀ ਹੀ ਦੁਕਾਨ ਖੋਲ੍ਹਣ ਦੀ ਸੂਚਨਾ ਦੇ ਰਹੇ ਹਨ। ਸ਼ਹਿਰ ਦੇ ਕਈ ਅੰਦਰੂਨੀ ਬਾਜ਼ਾਰ ਸਵੇਰੇ 10 ਵਜੇ ਤੋਂ ਹੀ ਗੁਲਜ਼ਾਰ ਹੋਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਸਵੇਰ ਤੋਂ ਹੀ ਬਾਜ਼ਾਰਾਂ 'ਚ ਹਲਚਲ ਹੋ ਸਕਦੀ ਹੈ। ਇਸ ਲਈ ਕਈ ਐਸੋਸੀਏਸ਼ਨਾਂ ਵੱਲੋਂ ਬਾਜ਼ਾਰ ਜਲਦੀ ਖੋਲ੍ਹਣ ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਇਸ ਕਾਰਨ ਆਪਸੀ ਸਹਿਮਤੀ ਨਾਲ ਬਾਜ਼ਾਰ ਜਲਦੀ ਖੋਲ੍ਹੇ ਜਾ ਸਕਦੇ ਹਨ।

ਇਹ ਵੀ ਪੜ੍ਹੋ- ਅਕਾਲੀ, ਭਾਜਪਾ ਤੇ ਕਾਂਗਰਸ ਸਰਕਾਰਾਂ ਪੰਜਾਬ ਦੀਆਂ 3 ਪੀੜ੍ਹੀਆਂ ਖਾ ਗਈਆਂ ਤੇ ਆਪਣੇ ਲਈ ਬਣਾ ਲਏ ਮਹਿਲ: ਭਗਵੰਤ ਮਾਨ

ਮਨੁੱਖੀ ਸਰੀਰ ਦਾ ਤਾਪਮਾਨ 98.4 ਡਿਗਰੀ , ਪਾਣੀ ਦੀ ਵਰਤੋਂ ਕਰੋ ਜ਼ਿਆਦਾ
ਮਨੁੱਖੀ ਸਰੀਰ ਦਾ ਸਾਧਾਰਨ ਤਾਪਮਾਨ 98.4 ਡਿਗਰੀ ਫਾਰੇਨਹਾਈਟ ਜਾਂ 37.5 ਤੋਂ 38.3 ਡਿਗਰੀ ਸੈਲਸੀਅਸ ਹੁੰਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ 38 ਜਾਂ 40 ਡਿਗਰੀ ਦੇ ਤਾਪਮਾਨ ’ਤੇ ਗਰਮੀ ਨਹੀਂ ਲੱਗਣੀ ਚਾਹੀਦੀ। ਦਰਅਸਲ ਇਹ ਸਰੀਰ ਦਾ ਮੁੱਖ ਤਾਪਮਾਨ ਹੈ, ਜਿਸ ਦਾ ਮਤਲਬ ਹੈ ਕਿ ਇਸ ਤੋਂ ਘੱਟ ਤਾਪਮਾਨ ਚਮੜੀ ਦੇ ਪੱਧਰ ’ਤੇ ਮਹਿਸੂਸ ਕੀਤਾ ਜਾ ਸਕਦਾ ਹੈ।
ਮਾਹਿਰਾਂ ਵੱਲੋਂ ਕੀਤੀ ਗਈ ਖੋਜ ਅਨੁਸਾਰ ਤਾਪਮਾਨ ਵਧਣ ’ਤੇ ਸਰੀਰ ਇਕ ਖ਼ਾਸ ਪੈਟਰਨ ’ਚ ਪ੍ਰਤੀਕ੍ਰਿਆ ਕਰਦਾ ਹੈ। ਮਨੁੱਖੀ ਸਰੀਰ ਦਾ 70 ਫੀਸਦੀ ਤੋਂ ਵੱਧ ਹਿੱਸਾ ਪਾਣੀ ਨਾਲ ਬਣਿਆ ਹੈ। ਇਸ ਕਾਰਨ ਸਰੀਰ ਦਾ ਪਾਣੀ ਸਥਿਰ ਤਾਪਮਾਨ ਨੂੰ ਬਣਾਈ ਰੱਖਣ ਲਈ ਗਰਮੀ ਨਾਲ ਸੰਘਰਸ਼ ਕਰਦਾ ਹੈ। ਪਸੀਨਾ ਆਉਣਾ ਇਸ ਪ੍ਰਕਿਰਿਆ ਦਾ ਇਕ ਹਿੱਸਾ ਹੈ ਪਰ ਜੇਕਰ ਸਰੀਰ ਇਸ ਪ੍ਰਕਿਰਿਆ ’ਚ ਜ਼ਿਆਦਾ ਦੇਰ ਤੱਕ ਰਹਿੰਦਾ ਹੈ ਤਾਂ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਗਰਮੀਆਂ ਦੌਰਾਨ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ- PM ਮੋਦੀ ਦੀ ਰੈਲੀ ਦੌਰਾਨ PAP ਫਲਾਈਓਵਰ ’ਤੇ ਨਹੀਂ ਚੱਲਣਗੇ ਹੈਵੀ ਤੇ ਕਮਰਸ਼ੀਅਲ ਵਾਹਨ, ਰੂਟ ਰਹੇਗਾ ਡਾਇਵਰਟ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News