ਪੂਰਾ ਹਫਤਾ ਮੌਸਮ ਰਹੇਗਾ ਖਰਾਬ, ਪੰਜਾਬ ਤੇ ਹਰਿਆਣਾ 'ਚ ਪਵੇਗੀ ਬਾਰਿਸ਼

Tuesday, Jan 01, 2019 - 05:23 PM (IST)

ਪੂਰਾ ਹਫਤਾ ਮੌਸਮ ਰਹੇਗਾ ਖਰਾਬ, ਪੰਜਾਬ ਤੇ ਹਰਿਆਣਾ 'ਚ ਪਵੇਗੀ ਬਾਰਿਸ਼

ਚੰਡੀਗੜ੍ਹ/ਜਲੰਧਰ (ਏਜੰਸੀਆਂ)— ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਪੂਰਾ ਹਫਤਾ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਸ਼ਾਮ ਤੱਕ ਹਿਮਾਚਲ 'ਚ ਬਹੁਤ ਸਾਰੀਆਂ ਥਾਵਾਂ 'ਤੇ ਬਰਫਬਾਰੀ ਹੋ ਸਕਦੀ ਹੈ। ਪੰਜਾਬ ਅਤੇ ਹਰਿਆਣਾ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
ਪਹਾੜਾਂ 'ਤੇ ਮੌਸਮ ਖਰਾਬ ਹੋਣ ਕਾਰਨ ਮੈਦਾਨੀ ਇਲਾਕਿਆਂ 'ਤੇ ਵੀ ਉਸ ਦਾ ਅਸਰ ਪਿਆ ਹੈ। ਪੰਜਾਬ ਦੇ ਵਧੇਰੇ ਇਲਾਕਿਆਂ 'ਚ ਮੰਗਲਵਾਰ ਬੱਦਲ ਛਾਏ ਰਹੇ। ਹਿਮਾਚਲ 'ਚ ਬਰਫਬਾਰੀ ਹੋਣ ਪਿੱਛੋਂ ਪੰਜਾਬ ਅਤੇ ਹਰਿਆਣਾ 'ਚ ਸੀਤ ਲਹਿਰ ਦੇ ਹੋਰ ਵਧ ਜਾਣ ਦਾ ਡਰ ਹੈ। 'ਵੈਸਟਰਨ ਡਿਸਟਰਬੈਂਸ' ਕਾਰਨ ਹਿਮਾਚਲ ਦੇ ਕਈ ਇਲਾਕਿਆਂ 'ਚ ਤਾਂ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।

ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਸਭ ਤੋਂ ਘੱਟ ਤਾਪਮਾਨ ਬਠਿੰਡਾ ਵਿਖੇ ਸਿਫਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਦਮਪੁਰ 'ਚ 1, ਅੰਮ੍ਰਿਤਸਰ 'ਚ 2, ਹਿਸਾਰ 'ਚ 2, ਅੰਬਾਲਾ 'ਚ 3, ਲੁਧਿਆਣਾ 'ਚ 5 ਅਤੇ ਸਿਰਸਾ 'ਚ 4 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਚੰਡੀਗੜ੍ਹ 'ਚ ਵੀ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਸੀ। ਹਿਮਾਚਲ ਪ੍ਰਦੇਸ਼ ਦੇ ਵਧੇਰੇ ਇਲਾਕਿਆਂ 'ਚ ਤਾਪਮਾਨ ਸਿਫਰ ਤੋਂ ਹੇਠਾਂ ਸੀ ਅਤੇ ਕੁਝ ਥਾਵਾਂ 'ਤੇ ਇਹ 1 ਤੋਂ 5 ਡਿਗਰੀ ਤੱਕ ਸੀ। ਕਲਪਾ ਵਿਖੇ ਮਨਫੀ 3 ਅਤੇ ਧਰਮਸ਼ਾਲਾ ਵਿਖੇ 4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਸ਼ਿਮਲਾ 'ਚ ਪਾਰਾ 5 ਡਿਗਰੀ 'ਤੇ ਸੀ।

ਅਜਿਹੀਆਂ ਖਬਰਾਂ ਮਿਲਣ 'ਤੇ ਕਿ ਹਿਮਾਚਲ ਦੇ ਵੱਖ-ਵੱਖ ਸ਼ਹਿਰਾਂ 'ਚ ਕਿਸੇ ਵੇਲੇ ਵੀ ਬਰਫਬਾਰੀ ਹੋ ਸਕਦੀ ਹੈ, ਸੈਲਾਨੀ ਵੱਡੀ ਗਿਣਤੀ 'ਚ ਸ਼ਿਮਲਾ, ਕੁਫਰੀ, ਮਨਾਲੀ, ਡਲਹੌਜ਼ੀ ਅਤੇ ਹੋਰ ਵੱਖ-ਵੱਖ ਸ਼ਹਿਰਾਂ 'ਚ ਪਹੁੰਚ ਗਏ ਹਨ।


author

shivani attri

Content Editor

Related News