ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਕਈ ਬਿੱਲ ਹੋਏ ਪਾਸ
Friday, Aug 28, 2020 - 06:36 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੀ ਇਕ ਰੋਜ਼ਾ ਕਾਰਵਾਈ ਤੋਂ ਬਾਅਦ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਜਲਾਸ ਦੌਰਾਨ ਜਿੱਥੇ ਅਕਾਲੀ ਦਲ ਹਾਜ਼ਰ ਨਹੀਂ ਹੋਇਆ, ਉੱਥੇ ਹੀ ਆਪ ਆਗੂਆਂ ਵੱਲੋਂ ਸਦਨ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਵੱਖ-ਵੱਖ ਮੁੱਦਿਆਂ 'ਤੇ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
ਅਕਾਲੀ ਦਲ ਕਾਫੀ ਦਿਨਾਂ ਤੋਂ ਇਜਲਾਸ ਨੂੰ ਵਧਾਉਣ ਦੀ ਮੰਗ ਕਰ ਰਿਹਾ ਸੀ ਅਤੇ ਪੰਜਾਬ ਦੇ ਲੋਕਾਂ ਨਾਲ ਜੁੜੇ ਕਾਫ਼ੀ ਮੁੱਦੇ ਸਦਨ 'ਚ ਚੁੱਕਣਾ ਚਾਹੁੰਦਾ ਸੀ ਪਰ ਅਕਾਲੀ ਦਲ ਨੇ ਇਕ ਰੋਜ਼ਾ ਇਜਲਾਸ ਤੋਂ ਕਿਨਾਰਾ ਕਰ ਲਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪੀਲ ਕੀਤੀ ਗਈ ਸੀ ਕਿ ਕੋਰੋਨਾ ਪਾਜ਼ੇਟਿਵ ਵਿਧਾਇਕਾਂ ਦੇ ਸੰਪਰਕ 'ਚ ਜਿਹੜੇ ਵਿਧਾਇਕ ਆਏ ਹਨ, ਉਹ ਇਜਲਾਸ 'ਚ ਨਾ ਆਉਣ। ਇਕ ਰੋਜ਼ਾ ਇਜਲਾਸ ਦੌਰਾਨ ਸਦਨ 'ਚ ਤਿੰਨ ਬਿੱਲ ਪਾਸ ਕੀਤੇ ਗਏ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਕੈਦੀਆਂ ਦਾ ਚੰਗਾ ਆਚਰਨ (ਅਸਥਾਈ ਰਿਹਾਈ) ਸੋਧਨਾ ਬਿੱਲ-2020 ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ (ਦੂਜੀ ਸੋਧੀ) ਬਿੱਲ-2020 ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਗਿਆ। ਸਾਰੇ ਬਿੱਲ ਪਾਸ ਕਰ ਦਿੱਤੇ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਆਰਡੀਨੈਂਸ ਨੂੰ ਕਿਸਾਨ ਵਿਰੋਧੀ ਦੱਸਦਿਆਂ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਵਿਧਾਨ ਸਭਾ 'ਚ ਪਾਸ ਕਰ ਦਿੱਤਾ ਗਿਆ।