ਵਿਧਾਨ ਸਭਾ ਚੋਣਾਂ 2022 ਨਤੀਜੇ: ਜਲੰਧਰ ਦੇ 9 ਵਿਧਾਨ ਸਭਾ ਹਲਕਿਆਂ ''ਚ ਗਿਣਤੀ ਸ਼ੁਰੂ

Thursday, Mar 10, 2022 - 08:52 AM (IST)

ਜਲੰਧਰ (ਚੋਪੜਾ)–ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ 20 ਫਰਵਰੀ ਨੂੰ ਪਈਆਂ ਵੋਟਾਂ ਤੋਂ ਬਾਅਦ ਅੱਜ 11,16,245 ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸੰਦਰਭ ਵਿਚ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਅੱਜ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸਾਰੇ 9 ਵਿਧਾਨ ਸਭਾ ਹਲਕਿਆਂ ਜਿਨ੍ਹਾਂ ਵਿਚ ਜਲੰਧਰ ਨਾਰਥ, ਸੈਂਟਰਲ, ਵੈਸਟ, ਕੈਂਟ, ਕਰਤਾਰਪੁਰ, ਨਕੋਦਰ, ਆਦਮਪੁਰ, ਸ਼ਾਹਕੋਟ ਅਤੇ ਫਿਲੌਰ ਸ਼ਾਮਲ ਹਨ, ਲਈ ਬਣਾਏ ਸਾਰੇ 9 ਕਾਊਂਟਿੰਗ ਸੈਂਟਰਾਂ ਵਿਚ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਨੇ ਇਸ ਸਬੰਧੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਊਂਟਿੰਗ ਦਾ ਕੰਮ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪੂਰਾ ਕਰਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾ ਨੇ ਬੀਤੇ ਦਿਨ ਡਾਇਰੈਕਟਰ ਲੈਂਡ ਰਿਕਾਰਡ, ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਮੈਰੀਟੋਰੀਅਸ ਸਕੂਲ ਦਾ ਦੌਰਾ ਕਰਦਿਆਂ ਦੱਸਿਆ ਕਿ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਕਾਊਂਟਿੰਗ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਸਥਾਨਾਂ ’ਤੇ ਕਾਊਂਟਿੰਗ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਲਗਭਗ ਇਕ ਹਜ਼ਾਰ ਸਿਵਲ ਸਟਾਫ਼ ਦੇ ਨਾਲ-ਨਾਲ ਪੁਲਸ ਅਤੇ ਪੈਰਾ-ਮਿਲਟਰੀ ਫੋਰਸ ਦੇ ਵੀ ਇਕ ਹਜ਼ਾਰ ਦੇ ਲਗਭਗ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਹਨ। ਕਾਊਂਟਿੰਗ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਹੈ ਅਤੇ ਅੰਤਿਮ ਚੋਣ ਨਤੀਜਾ ਆਉਣ ਤੱਕ ਇਹ ਜਾਰੀ ਰਹੇਗਾ। ਸਾਰੇ ਚੋਣ ਅਧਿਕਾਰੀ, ਰਿਟਰਨਿੰਗ ਅਧਿਕਾਰੀ ਅਤੇ ਕਾਊਂਟਿੰਗ ਸਟਾਫ਼ ਸਵੇਰੇ 5 ਵਜੇ ਹੀ ਕਾਊਂਟਿੰਗ ਸੈਂਟਰਾਂ ਵਿਚ ਪਹੁੰਚਿਆ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਕਾਊਂਟਿੰਗ ਸੈਂਟਰ ਵਿਚ ਸਾਰਾ ਸੈੱਟਅਪ ਤਿਆਰ ਹੋ ਚੁੱਕਾ ਹੈ। ਜਲੰਧਰ ਵਿਚ ਘੱਟ ਤੋਂ ਘੱਟ 13 ਅਤੇ ਵੱਧ ਤੋਂ ਵੱਧ 18 ਰਾਊਂਡ ਹਨ। ਕੋਵਿਡ-19 ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਰ ਹਰੇਕ ਵਿਧਾਨ ਸਭਾ ਹਲਕੇ ਲਈ 14 ਕਾਊਂਟਿੰਗ ਟੇਬਲ ਲਗਾਏ ਗਏ ਹਨ। ਗਿਣਤੀ ਲਈ 2 ਕਾਊਂਟਿੰਗ ਹਾਲ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀਆਂ ਵੋਟਾਂ ਦੀ ਗਿਣਤੀ ਦੇ ਬਾਅਦ ਹਰ ਵਿਧਾਨ ਸਭਾ ਹਲਕੇ ਦੀਆਂ 5 ਵੋਟਰ-ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀ. ਵੀ. ਪੈਟ) ਮਸ਼ੀਨਾਂ ਦੀਆਂ ਵੋਟਾਂ ਦੀ ਵੱਖਰੇ ਤੌਰ ’ਤੇ ਗਿਣਤੀ ਕੀਤੀ ਜਾ ਰਹੀ ਹੈ।


shivani attri

Content Editor

Related News