ਸਖ਼ਤ ਸੁਰੱਖਿਆ ਪ੍ਰਬੰਧਾਂ ’ਚ ਹੁਸ਼ਿਆਰਪੁਰ ਜ਼ਿਲ੍ਹੇ ''ਚ ਕੱਲ੍ਹ ਹੋਵੇਗੀ 7 ਵਿਧਾਨ ਸਭਾ ਹਲਕਿਆਂ ਦੀ ਗਿਣਤੀ

Wednesday, Mar 09, 2022 - 06:18 PM (IST)

ਹੁਸ਼ਿਆਰਪੁਰ (ਘੁੰਮਣ)- ਪੰਜਾਬ ਵਿਧਾਨ ਸਭਾ ਚੋਣਾਂ-2022 ਸਬੰਧੀ ਜ਼ਿਲਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਜਿੱਥੇ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਲਈ ਬਣੇ ਗਿਣਤੀ ਕੇਂਦਰਾਂ ਅਤੇ ਮੀਡੀਆ ਸੈਂਟਰਾਂ ਦਾ ਦੌਰਾ ਕੀਤਾ, ਉਥੇ ਹੀ ਗਿਣਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਕੀਤੇ ਜਾ ਰਹੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਲੇ ਵੀ ਉਨ੍ਹਾਂ ਨਾਲ ਸਨ।
ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ 10 ਮਾਰਚ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ, ਜਿਸ ਲਈ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਮੁਕੇਰੀਆਂ, ਦਸੂਹਾ, ਉੜਮੁੜ, ਹੁਸ਼ਿਆਰਪੁਰ, ਚੱਬੇਵਾਲ, ਗੜ੍ਹਸ਼ੰਕਰ ਦੀਆਂ ਵੋਟਾਂ ਦੀ ਗਿਣਤੀ ਰਿਆਤ-ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਅਤੇ ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਦੀ ਗਿਣਤੀ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ (ਐੱਮ. ਐੱਸ. ਡੀ. ਸੀ.) ਹੁਸ਼ਿਆਰਪੁਰ ਵਿਖੇ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਤਾਂ ਕੀ ਕਾਂਗਰਸ ਤੇ ਭਾਜਪਾ ਦਾ ਇਹ ਦਾਅ ਹੋ ਗਿਆ ਹੈ ਫਲਾਪ ?

ਅਪਨੀਤ ਰਿਆਤ ਨੇ ਜਿੱਥੇ ਰਿਆਤ-ਬਾਹਰਾ ਅਤੇ ਐੱਮ. ਐੱਸ. ਡੀ. ਸੀ. ਵਿਚ ਬਣੇ ਮੀਡੀਆ ਸੈਂਟਰਾਂ ਦਾ ਦੌਰਾ ਕੀਤਾ, ਉਥੇ ਹੀ ਸਮੂਹ ਕਾਊਂਟਿੰਗ ਸਟਾਫ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਗਿਣਤੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਕਿਹਾ। ਉਨ੍ਹਾਂ ਕਿਹਾ ਕਿ ਗਿਣਤੀ ਲਈ ਜ਼ਿਲ੍ਹੇ ਵਿਚ 588 ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਕ ਵਿਧਾਨ ਸਭਾ ਹਲਕੇ ਵਿਚ 84 ਕਰਮਚਾਰੀ ਆਪਣੀ ਡਿਊਟੀ ਨਿਭਾਉਣਗੇ, ਜਿਨ੍ਹਾਂ ਵਿਚ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਮਾਈਕ੍ਰੋ ਆਬਜ਼ਰਵਰ ਅਤੇ ਕਾਊਂਟਿੰਗ ਅਸਿਸਟੈਂਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗਿਣਤੀ ਸਟਾਫ ਨੂੰ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਗਿਣਤੀ ਸਟਾਫ਼ ਸਮੇਂ ਸਿਰ ਇਹ ਸਿਖਲਾਈ ਪ੍ਰਾਪਤ ਕਰੇ। ਉਨ੍ਹਾਂ ਕਿਹਾ ਕਿ ਗਿਣਤੀ ਸਟਾਫ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਕਿਰਿਆ ਦਾ ਇਕ ਅਹਿਮ ਹਿੱਸਾ ਬਣ ਰਹੇ ਹਨ। ਸਿਖਲਾਈ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਹਰ ਪਹਿਲੂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਗਿਣਤੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾਡ਼੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਲਾਏ ਗਏ ਚੋਣ ਆਬਜ਼ਰਵਰ ਪੂਰੀ ਕਾਊਂਟਿੰਗ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਟਾਫ਼ ਦੀ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੂੰ ਸਹਿਯੋਗ ਦੇਣ, ਮੋਬਾਇਲ ਨਾ ਲੈ ਕੇ ਆਉਣ, ਸਮੇਂ ਸਿਰ ਪਹੁੰਚਣ ਆਦਿ ਸਬੰਧੀ ਨਿਰਦੇਸ਼ ਦਿੱਤੇ।

ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪ੍ਰਵਾਨਿਤ ਵਿਅਕਤੀ ਹੀ ਗਿਣਤੀ ਕੇਂਦਰ ਵਿਚ ਦਾਖ਼ਲ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਕਾਊਂਟਿੰਗ ਏਜੰਟ, ਜਿਨ੍ਹਾਂ ਨੂੰ ਰਿਟਰਨਿੰਗ ਅਫਸਰ ਵੱਲੋਂ ਪਛਾਣ ਪੱਤਰ ਜਾਰੀ ਕੀਤੇ ਗਏ ਹਨ, ਆਪਣੀਆਂ ਨਿਰਧਾਰਤ ਸੀਟਾਂ ’ਤੇ ਹੀ ਬੈਠਣਗੇ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਕਾਊਂਟਿੰਗ ਸੈਂਟਰ ਵਿਚ ਮੋਬਾਇਲ ਨਹੀਂ ਲੈ ਕੇ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ 10 ਮਾਰਚ ਨੂੰ ਜ਼ਿਲ੍ਹੇ ਵਿਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ, ਜਿਸ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਅਤੇ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਹੋਵੇਗੀ। ਅਪਨੀਤ ਰਿਆਤ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਸਬੰਧੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਵਿਵਸਥਾ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਖਤਮ ਹੋਣ ਤੱਕ ਰਿਆਤ-ਬਾਹਰਾ ਇੰਸਟੀਚਿਊਟ ਅਤੇ ਆਈ.ਟੀ.ਆਈ. ਕਾਲਜ ਦੀ ਹੱਦ ਦੇ 500 ਮੀਟਰ ਘੇਰੇ ਅੰਦਰ 5 ਅਤੇ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਆਰਮੀ, ਪਰਸੋਨਲ, ਪੈਰਾ ਮਿਲਟਰੀ ਫੋਰਸ, ਬਾਵਰਦੀ ਪੁਲਸ ਕਰਮਚਾਰੀਆਂ, ਸਰਕਾਰੀ ਕਰਮਚਾਰੀ ਜੋ ਡਿਊਟੀ ’ਤੇ ਹਨ, ’ਤੇ ਲਾਗੂ ਨਹੀਂ ਹੋਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਅਮਨ ਸ਼ਾਂਤੀ ਬਣਾਏ ਰੱਖਣ ਲਈ ਜ਼ਿਲਾ ਪ੍ਰਸ਼ਾਸਨ ਦਾ ਸਹਿਯੋਗ ਕਰਨ।

ਇਹ ਵੀ ਪੜ੍ਹੋ: ਤਾਂ ਕੀ ਪੰਜਾਬ ’ਚ ਪਹਿਲੀ ਵਾਰ ਬਣੇਗੀ ਗੈਰ ਪੰਥਕ ਪਾਰਟੀ ਦੀ ਸਰਕਾਰ?

ਐੱਸ. ਐੱਸ. ਪੀ. ਨਿੰਬਲੇ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਦੌਰਾਨ ਸੁਰੱਖਿਆ ਪੱਖੋਂ ਜ਼ਿਲਾ ਪੁਲਸ ਵੱਲੋਂ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸ਼ਾਂਤੀਪੂਰਵਕ ਚੋਣ ਪ੍ਰਕਿਰਿਆ ਨੇਪਰੇ ਚਾਡ਼੍ਹਨ ਲਈ ਪੁਲਸ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਕੀਮਤ ’ਤੇ ਕਾਨੂੰਨ ਵਿਵਸਥਾ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਜ਼ਿਲਾ ਪੁਲਸ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਆਪਣੀ ਡਿਊਟੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇ। ਇਸ ਮੌਕੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਰਿਟਰਨਿੰਗ ਅਫਸਰ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਸਿੰਘ, ਉਡ਼ਮੁਡ਼ ਦੇ ਰਿਟਰਨਿੰਗ ਅਫਸਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ, ਹੁਸ਼ਿਆਰਪੁਰ ਦੇ ਰਿਟਰਨਿੰਗ ਅਫਸਰ ਐੱਸ. ਡੀ. ਐੱਮ. ਸ਼ਿਵਰਾਜ ਸਿੰਘ ਬੱਲ, ਮੁਕੇਰੀਆਂ ਦੇ ਰਿਟਰਨਿੰਗ ਅਫਸਰ ਐੱਸ. ਡੀ. ਐੱਮ. ਕੰਵਲਜੀਤ ਸਿੰਘ, ਦਸੂਹਾ ਦੇ ਰਿਟਰਨਿੰਗ ਅਫ਼ਸਰ ਐੱਸ. ਡੀ. ਐੱਮ. ਰਣਦੀਪ ਸਿੰਘ ਹੀਰ, ਗੜ੍ਹਸ਼ੰਕਰ ਦੇ ਰਿਟਰਨਿੰਗ ਅਫ਼ਸਰ ਐੱਸ. ਡੀ. ਐੱਮ. ਅਰਵਿੰਦ ਕੁਮਾਰ ਅਤੇ ਐੱਸ.ਪੀ. (ਐੱਚ) ਅਸ਼ਵਨੀ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਤਾਂ ਕੀ ਕਾਂਗਰਸ ਤੇ ਭਾਜਪਾ ਦਾ ਇਹ ਦਾਅ ਹੋ ਗਿਆ ਹੈ ਫਲਾਪ ?
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News