ਗੜ੍ਹਸ਼ੰਕਰ ਦੇ ਇਨ੍ਹਾਂ ਪਿੰਡਾਂ ਨੇ ਚੋਣਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਕੀਤਾ ਐਲਾਨ, ਰੱਖੀ ਇਹ ਮੰਗ

Thursday, Feb 17, 2022 - 12:12 AM (IST)

ਗੜ੍ਹਸ਼ੰਕਰ ਦੇ ਇਨ੍ਹਾਂ ਪਿੰਡਾਂ ਨੇ ਚੋਣਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਕੀਤਾ ਐਲਾਨ, ਰੱਖੀ ਇਹ ਮੰਗ

ਗੜ੍ਹਸ਼ੰਕਰ (ਸ਼ੋਰੀ)- ਵਿਧਾਨ ਸਭਾ ਹਲਕੇ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਸਣੇ ਪੰਜ ਹੋਰ ਪਿੰਡਾਂ ਦੇ ਲੋਕਾਂ ਵੱਲੋਂ ਇਕ ਬੰਦ ਪਏ ਰੇਲਵੇ ਫਾਟਕ ਨੂੰ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 10 ਦਿਨਾਂ ਤੋਂ ਲਗਾਤਾਰ ਦਿੱਤੇ ਜਾ ਰਹੇ ਸ਼ਾਂਤੀਪੂਰਵਕ ਰੋਸ ਧਰਨੇ ਦੌਰਾਨ ਅੱਜ ਵੱਡਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਵੋਟਾਂ ਤੋਂ ਪਹਿਲਾਂ ਬਸਿਆਲਾ ਦੇ ਬੰਦ ਰੇਲਵੇ ਫਾਟਕ ਨੂੰ ਨਾ ਖੋਲ੍ਹਿਆ ਗਿਆ ਤਾਂ ਪਿੰਡ ਬਸਿਆਲਾ ਅਤੇ ਪਿੰਡ ਰਸੂਲਪੁਰ ਦੇ ਲੋਕ ਵਿਧਾਨ ਸਭਾ ਵੋਟਾਂ ਵਿਚ ਪੂਰਨ ਤੌਰ ’ਤੇ ਮੁਕੰਮਲ ਬਾਈਕਾਟ ਕਰਨਗੇ ਅਤੇ ਕਿਸੇ ਵੀ ਪਾਰਟੀ ਦਾ ਕੋਈ ਬੂਥ ਨਹੀਂ ਲਾਇਆ ਜਾਵੇਗਾ। ਪਿੰਡ ਬਸਿਆਲਾ ਤੋਂ ਸਰਪੰਚ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ 18 ਫਰਵਰੀ ਨੂੰ ਜਲੰਧਰ ਤੋਂ ਜੇਜੋਂ ਦਰਮਿਆਨ ਚੱਲਣ ਵਾਲੀ ਰੇਲ ਗੱਡੀ ਨੂੰ ਇਸ ਫਾਟਕ ’ਤੇ ਰੋਕ ਕੇ ਲੰਘਣ ਨਹੀਂ ਦਿੱਤਾ ਜਾਵੇਗਾ।  

ਇਹ ਵੀ ਪੜ੍ਹੋ: ਜਲੰਧਰ ਵਿਖੇ ਸ੍ਰੀ ਗੁਰੂ ਰਵਿਦਾਸ ਧਾਮ ’ਚ ਨਤਮਸਤਕ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

PunjabKesari

ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿੰਡ ਬਸਿਆਲਾ, ਬਕਾਪੁਰ ਗੁਰੂ, ਰਸੂਲਪੁਰ, ਚੌਹੜਾ, ਦੇਨੋਵਾਲ ਕਲਾਂ ਅਤੇ ਡੋਗਰਪੁਰ ਦੇ ਲੋਕ ਇਸ ਬੰਦ ਪਏ ਰੇਲਵੇ ਫਾਟਕ ਕਾਰਨ ਪਿਛਲੇ ਤਿੰਨ ਸਾਲ ਤੋ ਪ੍ਰੇਸ਼ਾਨੀ ਝੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਨਾ ਤਾਂ ਕੋਈ ਰਾਜਨੀਤਕ ਆਗੂ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਇਸ ਸਮੱਸਿਆ ਵੱਲ ਗੌਰ ਕਰ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਕੇਸ ਦੀ ਪੈਰਵੀ ਕਰ ਰਿਹਾ ਹੈ।  
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੰਗ ਸਬੰਧੀ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਵਿਸਥਾਰਪੂਰਵਕ ਆਪਣੀ ਸਮੱਸਿਆ ਭੇਜੀ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਵੱਖ ਵੱਖ ਅਧਿਕਾਰੀਆਂ ਅਤੇ ਰਾਜਨੀਤਕ ਆਗੂਆਂ ਨੂੰ ਆਪਣੀ ਸਮੱਸਿਆ ਦੱਸ ਚੁੱਕੇ ਹਨ ਪਰ ਕਿਸੇ ਵੀ ਸਿਆਸੀ ਜਮਾਤ ਦਾ ਆਗੂ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਯਤਨ ਕਰਦਾ ਨਜ਼ਰ ਨਹੀਂ ਦਿਸ ਰਿਹਾ। ਗੜ੍ਹਸ਼ੰਕਰ ਨਵਾਂਸ਼ਹਿਰ ਰੋਡ ਤੇ ਪਿੰਡ ਬਸਿਆਲਾ ਨੂੰ ਜਾਣ ਵਾਲੇ ਲਿੰਕ ਮਾਰਗ ਉੱਪਰ ਪੈਂਦੇ ਫਾਟਕ ਨੂੰ ਖੁਲ੍ਹਵਾਉਣ ਦੀ ਮੰਗ ਨੂੰ ਲੈ ਪ੍ਰਦਰਸ਼ਨਕਾਰੀਆਂ ਨੇ ਇਸ ਫਾਟਕ ਤੇ ਬਕਾਇਦਾ ਫਲੈਕਸਾਂ ਲਗਵਾ ਕੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਛੱਤੀਸਗੜ ਦੇ CM ਭੁਪੇਸ਼ ਬਘੇਲ ਦੇ ਵਿਰੋਧੀਆਂ ’ਤੇ ਰਗੜੇ, PM ਮੋਦੀ ਨੂੰ ਕੀਤੇ ਤਿੱਖੇ ਸਵਾਲ

ਦੱਸਣਯੋਗ ਹੈ ਕਿ ਪਿੰਡ ਬਸਿਆਲਾ ਦੇ ਕੁੱਲ ਵੋਟ 1117 ਅਤੇ ਪਿੰਡ ਰਸੂਲਪੁਰ ਦੇ ਕੁੱਲ ਵੋਟ 462 ਅਤੇ ਦੋਨਾਂ ਪਿੰਡਾਂ ਦੇ ਕੁੱਲ ਵੋਟ 1579 ਹਨ। ਪਿਛਲੀਆਂ ਵਿਧਾਨ ਸਭਾ ਵਿੱਚ ਗੜ੍ਹਸ਼ੰਕਰ ਵਿਧਾਨ ਸਭਾ ਚੋਣਾਂ ਵਿਚ 1650 ਵੋਟਾਂ ਦੇ ਅੰਤਰ ਨਾਲ ਆਮ ਆਦਮੀ ਪਾਰਟੀ ਜਿੱਤੀ ਸੀ। ਇਸ ਲਈ ਜੇਕਰ ਦੋਵਾਂ ਪਿੰਡਾਂ ਦੇ ਲੋਕਾਂ ਨੇ ਵੋਟਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਤਾਂ ਸਹਿਜੇ ਸਮਝਿਆ ਜਾ ਸਕਦਾ ਹੈ ਕਿ ਇਸ ਦਾ ਚੋਣ ਨਤੀਜੇ ’ਤੇ ਕਿੰਨਾ ਕੁ ਅਸਰ ਹੋਵੇਗਾ।

ਇਹ ਵੀ ਪੜ੍ਹੋ: ਆਰ. ਪੀ. ਸਿੰਘ ਦਾ ਵੱਡਾ ਦਾਅਵਾ, ਕੇਜਰੀਵਾਲ ਆਪਣੀ ਪਤਨੀ ਨੂੰ ਬਣਾਉਣਾ ਚਾਹੁੰਦੇ ਨੇ ਪੰਜਾਬ ਦੀ ਮੁੱਖ ਮੰਤਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News