ਓਲੰਪਿਕ ਖੇਡਾਂ ਲਈ ਚੁਣੇ ਖਿਡਾਰੀਆਂ ਦਾ ਕ੍ਰੈਡਿਟ ਲਵੇ ਪੰਜਾਬ, ਨੌਕਰੀਆਂ ਦੇਣ ਬਾਹਰਲੇ ਸੂਬੇ
Tuesday, Jul 13, 2021 - 09:02 PM (IST)
ਸਪੋਰਟ ਡੈਸਕ (ਜਗਰੂਪ ਸਿੰਘ ਜਰਖੜ)- ਟੋਕੀਓ ਓਲੰਪਿਕ ਖੇਡਾਂ 2020 ਲਈ ਪੰਜਾਬ ਦੇ 16 ਦੇ ਕਰੀਬ ਖਿਡਾਰੀ ਵੱਖ-ਵੱਖ ਖੇਡਾਂ ਲਈ ਚੁਣੇ ਗਏ। ਪੰਜਾਬ ਸਰਕਾਰ ਇਨ੍ਹਾਂ ਖਿਡਾਰੀਆਂ ਦੇ ਚੁਣੇ ਜਾਣ ਦਾ ਪੂਰਾ ਲਾਹਾ ਲੈ ਰਹੀ ਹੈ ਅਤੇ ਇਸ ਨੂੰ ਆਪਣੇ ਖੇਡ ਵਿਭਾਗ ਦੀ ਵੱਡੀ ਪ੍ਰਾਪਤੀ ਦੱਸ ਰਹੀ ਹੈ ਪਰ ਦੋ, ਤਿੰਨ ਖਿਡਾਰੀਆਂ ਨੂੰ ਛੱਡ ਕੇ ਪੰਜਾਬ ਸਰਕਾਰ ਨੇ ਨੌਕਰੀ ਕਿਸੇ ਵੀ ਖਿਡਾਰੀ ਨੂੰ ਨਹੀਂ ਦਿੱਤੀ ਹੈ। ਨੌਕਰੀਆਂ ਕਰਨ ਲਈ ਉਨ੍ਹਾਂ ਨੂੰ ਬਾਹਰਲੇ ਸੂਬਿਆਂ ਜਾਂ ਪ੍ਰਾਈਵੇਟ ਅਦਾਰਿਆਂ 'ਚ ਜਾਣਾ ਪੈ ਰਿਹਾ ਹੈ । ਇੱਥੋਂ ਤੱਕ ਕੇ ਨੌਕਰੀਆਂ ਦੇਣਾ ਤਾਂ ਦੂਰ ਦੀ ਗੱਲ ਜਦੋਂ ਖਿਡਾਰੀਆਂ ਨੂੰ ਮਾਣ ਸਨਮਾਨ, ਐਵਾਰਡ ਅਤੇ ਨਗਦ ਇਨਾਮ ਦੇਣ ਦੀ ਗੱਲ ਵੀ ਆਉਂਦੀ ਹੈ ਤਾਂ ਪੰਜਾਬ ਸਰਕਾਰ ਇਹ ਕਹਿ ਕੇ ਪੱਲਾ ਝਾੜ ਲੈਂਦੀ ਹੈ ਕਿ ਇਹ ਖਿਡਾਰੀ ਤਾਂ ਬਾਹਰਲੇ ਅਦਾਰਿਆਂ ਵੱਲੋਂ ਖੇਡਦੇ ਹਨ ਪਰ ਜਦੋਂ ਓਲੰਪਿਕ ਖੇਡਾਂ ਲਈ ਚੁਣੇ ਗਏ ਤਾਂ ਪੰਜਾਬ ਆਪਣੀ ਵਾਹ-ਵਾਹ ਕਰਵਾ ਰਿਹਾ ਹੈ।
ਇਹ ਖ਼ਬਰ ਪੜ੍ਹੋ- ਮਿਤਾਲੀ ਨੂੰ ICC ਵਨ ਡੇ ਰੈਂਕਿੰਗ 'ਚ ਹੋਇਆ ਨੁਕਸਾਨ, ਹੁਣ ਚੋਟੀ 'ਤੇ ਹੈ ਇਹ ਬੱਲੇਬਾਜ਼
ਕਪਤਾਨ ਮਨਪ੍ਰੀਤ ਸਿੰਘ ਜੋ ਪੰਜਾਬ ਪੁਲਸ 'ਚ ਡੀ.ਐਸ.ਪੀ. ਹੈ ਨੂੰ ਛੱਡ ਕੇ ਸਾਰੇ ਹੀ ਖਿਡਾਰੀ ਪੰਜਾਬ ਸਰਕਾਰ ਕੋਲੋਂ ਚੰਗੀਆਂ ਨੌਕਰੀਆਂ ਹਾਸਲ ਕਰਨ ਲਈ ਤਰਲੇ ਕੱਢ ਰਹੇ ਹਨ । ਜੇਕਰ ਖਿਡਾਰੀਆਂ ਦੀਆਂ ਨੌਕਰੀਆਂ ਦਾ ਲੇਖਾ ਜੋਖਾ ਕਰੀਏ ਤਾਂ ਪੰਜਾਬ ਦਾ ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਭਾਰਤ ਪੈਟਰੋਲੀਅਮ ਮੁੰਬਈ 'ਚ ਨੌਕਰੀ ਕਰਦੇ ਹਨ ਸਿਮਰਨਜੀਤ ਸਿੰਘ, ਗੋਲਕੀਪਰ ਕ੍ਰਿਸ਼ਨ ਕੁਮਾਰ ਪਾਠਕ, ਦਿਲਪ੍ਰੀਤ ਸਿੰਘ ਬੁਤਾਲਾ, ਹਾਰਦਿਕ ਸਿੰਘ ਇੰਡੀਅਨ ਆਇਲ ਦਿੱਲੀ 'ਚ ਨੌਕਰੀ ਕਰਦੇ ਹਨ। ਗੁਰਜੰਟ ਸਿੰਘ ਵਿਰਕ ਮਨਦੀਪ ਸਿੰਘ ਮਿੱਠਾਪੁਰ ਤੇਲ ਕੰਪਨੀ ਓ. ਐਨ .ਜੀ. ਸੀ. ਦੇਹਰਾਦੂਨ 'ਚ ਕੰਮ ਕਰਦੇ ਹਨ ਜਦਕਿ ਦੁਨੀਆਂ ਦੇ ਧੜੱਲੇਦਾਰ ਫੁੱਲਬੈਕ ਭਾਰਤੀ ਹਾਕੀ ਦੇ ਸਟਾਰ ਰੁਪਿੰਦਰਪਾਲ ਸਿੰਘ ਨੂੰ ਨੌਕਰੀ ਕਰਨ ਲਈ ਇੰਡੀਅਨ ਓਵਰਸੀਜ਼ ਬੈਂਕ ਚੇਨਈ ਵਿਖੇ ਜਾਣ ਲਈ ਮਜ਼ਬੂਰ ਹੋਣਾ ਪਿਆ ਹੈ।
ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਨੂੰ ਪੰਜਾਬ ਨੈਸ਼ਨਲ ਬੈਂਕ ਦਿੱਲੀ ਦੇ 'ਚ ਨੌਕਰੀ ਕਰਨ ਲਈ ਜਾਣਾ ਪਿਆ ਹੈ। ਹਾਕੀ ਵਾਲੀ ਇਕੋ ਇਕ ਲੜਕੀ ਜੋ ਭਾਰਤੀ ਹਾਕੀ ਟੀਮ ਲਈ ਚੁਣੀ ਗਈ ਹੈ। ਗੁਰਜੀਤ ਕੌਰ ਉਸ ਨੂੰ ਵੀ ਰੇਲਵੇ 'ਚ ਨੌਕਰੀ ਕਰਨ ਲਈ ਬੇਵੱਸ ਹੋਣਾ ਪਿਆ ਹੈ। ਇਸੇ ਤਰ੍ਹਾਂ ਅਥਲੈਟਿਕਸ 'ਚ ਵਧੀਆ ਰਿਕਾਰਡ ਕਾਇਮ ਕਰਨ ਵਾਲੇ ਤਜਿੰਦਰਪਾਲ ਸਿੰਘ ਤੂਰ ਨੇਵੀ 'ਚ, ਕਮਲਪ੍ਰੀਤ ਕੌਰ ਰੇਲਵੇ 'ਚ, ਗੁਰਪ੍ਰੀਤ ਸਿੰਘ ਫੌਜ਼ 'ਚ ਨੂੰ ਵੀ ਪੰਜਾਬ ਤੋਂ ਬਾਹਰ ਨੌਕਰੀਆਂ ਲਈ ਮਜ਼ਬੂਰ ਜਾਣਾ ਪੈ ਰਿਹਾ ਹੈ। ਮੁੱਕੇਬਾਜ਼ ਸਿਮਰਨਜੀਤ ਕੌਰ ਚਕਰ ਨੂੰ ਸਰਕਾਰ ਨੇ ਅਜੇ ਤਕ ਮਾੜੀ ਮੋਟੀ ਨੌਕਰੀ ਵੀ ਨਹੀਂ ਦਿੱਤੀ। ਇਹ ਸਾਰੇ ਖਿਡਾਰੀ ਪੰਜਾਬ 'ਚ ਨੌਕਰੀ ਹਾਸਲ ਕਰਨ ਲਈ ਸਰਕਾਰੇ ਦਰਬਾਰੇ ਚੱਕਰ ਲਾ ਰਹੇ ਹਨ, ਓਲੰਪੀਅਨ ਹੋਣ ਦੇ ਬਾਵਜੂਦ ਕੋਈ ਬੇਰਾਂ ਵੱਟੇ ਵੀ ਇਨ੍ਹਾਂ ਦੀ ਕਦਰ ਨਹੀਂ ਪਾ ਰਿਹਾ ਹੈ।
ਇਹ ਖ਼ਬਰ ਪੜ੍ਹੋ- ਗੇਲ ਨੇ ਟੀ20 ਕ੍ਰਿਕਟ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
ਦੂਜੇ ਪਾਸੇ ਗੁਆਂਢੀ ਸੂਬਾ ਹਰਿਆਣਾ ਦੇਖੋ ਜਿਸ ਨੇ ਆਪਣੇ ਇਕ ਓਲੰਪੀਅਨ ਖਿਡਾਰੀ ਨੂੰ ਹੀ ਖੇਡ ਮੰਤਰੀ ਬਣਾਇਆ ਹੈ ਅਤੇ ਸਾਰੇ ਏਸ਼ੀਅਨ ਖੇਡਾਂ ,ਕਾਮਨਵੈਲਥ ਖੇਡਾਂ ਅਤੇ ਓਲੰਪਿਕ ਖੇਡਾਂ ਦੇ ਤਮਗਾ ਜੇਤੂਆਂ ਨੂੰ ਉਥੋਂ ਦੇ ਵਿਭਾਗਾਂ 'ਚ ਵੱਡੇ-ਵੱਡੇ ਰੈਂਕ ਦੀਆਂ ਨੌਕਰੀਆਂ ਦਿੱਤੀਆਂ ਹੋਈਆਂ ਹਨ। ਜਦ ਕਿ ਪੰਜਾਬ ਦੇ 'ਚ ਖਿਡਾਰੀਆਂ ਲਈ ਨੌਕਰੀਆਂ ਦਾ ਪੂਰੀ ਤਰ੍ਹਾਂ ਕਾਲ ਪਿਆ ਹੋਇਆ ਹੈ। ਇੱਥੋਂ ਤਕ ਹਰਿਆਣਾ ਨੇ ਓਲੰਪਿਕ ਖੇਡਾਂ 'ਚ ਹਿੱਸਾ ਲੈਣ ਵਾਲੇ ਖਿਡਾਰੀ ਨੂੰ 15 ਲੱਖ ਦੀ ਇਨਾਮੀ ਰਾਸ਼ੀ ਤੇ ਇਕ ਕਾਰ। ਇਸ ਤੋਂ ਇਲਾਵਾ ਓਲੰਪਿਕ ਖੇਡਾਂ 'ਚ ਹਰਿਆਣਾ ਸਟੇਟ ਨੇ ਸੋਨ ਤਮਗਾ ਜੇਤੂ ਨੂੰ 6 ਕਰੋੜ, ਚਾਂਦੀ ਦਾ ਤਮਗਾ ਜੇਤੂ ਨੂੰ 4 ਕਰੋੜ ਤੇ ਕਾਂਸੀ ਤਮਗਾ ਜੇਤੂ ਨੂੰ 3 ਕਰੋੜ ਦੀ ਇਨਾਮੀ ਰਾਸ਼ੀ ਦੇ ਰਿਹਾ ਹੈ।
ਦਿੱਲੀ ਸਰਕਾਰ ਨੇ ਵੀ ਓਲੰਪਿਕ ਦੇ ਤਮਗਾ ਜੇਤੂ ਨੂੰ 3 ਕਰੋੜ ਦਾ ਇਨਾਮ ਰੱਖਿਆ ਹੋਇਆ ਹੈ। ਜਦਕਿ ਪੰਜਾਬ ਨੇ ਆਪਣੇ ਸੋਨ ਤਗਮਾ ਜੇਤੂ ਨੂੰ ਸਵਾ ਦੋ ਕਰੋੜ, ਚਾਂਦੀ ਦਾ ਤਗਮਾ ਜੇਤੂ ਨੂੰ ਡੇਢ ਕਰੋੜ ਜਦਕਿ ਕਾਂਸੀ ਦਾ ਤਗਮਾ ਜਿੱਤਣ ਵਾਲੇ ਨੂੰ 1 ਕਰੋੜ ਦਾ ਹੀ ਨਾਂ ਰੱਖਿਆ ਹੋਇਆ ਹੈ। ਨਾ ਨੌਕਰੀਆਂ, ਨਾ ਹੀ ਇਨਾਮੀ ਰਾਸ਼ੀ ,ਨਾ ਹੀ ਕੋਈ ਹੋਰ ਐਵਾਰਡ ਖਿਡਾਰੀਆਂ ਦੀ ਜੇਤੂ ਮੁਕਾਮ ਮੁਤਾਬਕ ਪੰਜਾਬ ਸਰਕਾਰ ਨਹੀਂ ਦੇ ਰਹੀ। ਫਿਰ ਕਿਸ ਤਰ੍ਹਾਂ ਪੰਜਾਬ ਦਾ ਖੇਡ ਸੱਭਿਆਚਾਰ ਪ੍ਰਫੁੱਲਤ ਹੋਵੇਗਾ। ਕੌਣ ਪੰਜਾਬ ਲਈ ਖੇਡਣਾ ਚਾਹੇਗਾ ਸਿਰਫ ਅਖਬਾਰੀ ਬਿਆਨਬਾਜ਼ੀ ਰਾਹੀਂ ਹੀ ਖੇਡਾਂ ਨੂੰ ਪ੍ਰਫੁੱਲਤ ਕਰਨਾ, ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਾ ,ਖਿਡਾਰੀਆਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ ਦੇਣ ਦੀ ਝੂਠੀ ਬਿਆਨਬਾਜ਼ੀ ਕਰ ਕੇ ਝੂਠੀ ਸ਼ੋਹਰਤ ਖੱਟਣਾ ਵੱਖ ਵੱਖ ਸਮੇਂ ਦੀਆਂ ਪੰਜਾਬ ਸਰਕਾਰਾਂ ,ਰਾਜਨੀਤਕ ਆਗੂਆਂ ਦਾ ਕਿੱਤਾ ਬਣ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਕਬੱਡੀ ਵਿਸ਼ਵ ਕੱਪਾਂ ਦਾ ਰਾਮ ਰੌਲਾ ਪਾ ਕੇ ਨਾ ਕੋਈ ਖੇਡਾਂ ਦੀ ਪ੍ਰਾਪਤੀ ਕੀਤੀ ਅਤੇ ਨਾਂ ਹੀ ਕਬੱਡੀ ਨੂੰ ਕਿਸੇ ਮੁਕਾਮ ਤੇ ਪਹੁੰਚਾਇਆ ਅਤੇ ਓਲੰਪਿਕ ਖੇਡ ਸੱਭਿਆਚਾਰ ਦਾ ਵੀ ਸੱਤਿਆਨਾਸ ਕਰ ਦਿੱਤਾ ਸੀ । ਕਬੱਡੀ ਖਿਡਾਰੀਆਂ ਦੀਆਂ ਨੌਕਰੀਆਂ ਤੇ ਕਈਆਂ ਦੇ ਇਨਾਮ ਵੀ ਅਜੇ ਸਰਕਾਰੀ ਕਾਗਜ਼ ਪੱਤਰਾਂ 'ਚ ਉਲਝੇ ਪਏ ਹਨ। ਇਕ ਉਹ ਵੀ ਵਕਤ ਸੀ ਕਿ ਜਦੋਂ ਭਾਰਤੀ ਹਾਕੀ ਟੀਮ 'ਚ ਪੰਜਾਬ ਦੇ ਖਿਡਾਰੀਆਂ ਦਾ ਬੋਲਬਾਲਾ ਹੁੰਦਾ ਸੀ। ਅਥਲੈਟਿਕਸ ਫੁੱਟਬਾਲ ਆਦਿ ਖੇਡਾਂ 'ਚ ਵੀ ਪੰਜਾਬ ਦੇ ਖਿਡਾਰੀਆਂ ਦੀ ਵੱਡੀ ਧਾਕ ਹੁੰਦੀ ਸੀ। ਪੰਜਾਬ ਪੁਲਸ ਵਰਗੀ ਹਾਕੀ ਟੀਮ 'ਚ ਵੀ 11-11 ਓਲੰਪੀਅਨ ਖਿਡਾਰੀ ਹੁੰਦੇ ਸਨ ਪਰ ਅੱਜ ਦੀ ਘੜੀ ਪੰਜਾਬ ਦੇ ਸਾਰੇ ਵਿਭਾਗ ਭਾਵੇਂ ਪੰਜਾਬ ਪੁਲਸ ਹੋਵੇ, ਬਿਜਲੀ ਬੋਰਡ ਹੋਵੇ, ਮੰਡੀਕਰਨ ਬੋਰਡ ਹੋਵੇ ਅਤੇ ਹੋਰ ਪੰਜਾਬ ਦੇ ਅਦਾਰੇ ਜੋ ਵੱਡੀ ਗਿਣਤੀ 'ਚ ਖਿਡਾਰੀਆਂ ਨੂੰ ਨੌਕਰੀ ਦਿੰਦੇ ਸਨ ਉਨ੍ਹਾਂ ਦੇ ਸਾਰੇ ਸਪੋਰਟਸ ਸੈੱਲ ਖ਼ਤਮ ਹੋ ਗਏ ਹਨ, ਖੇਡਾਂ ਅਤੇ ਖਿਡਾਰੀਆਂ ਦੇ ਨਾਮ ਦੀ ਚੀਜ਼ ਵਿਭਾਗਾਂ 'ਚੋਂ ਖ਼ਤਮ ਹੋ ਗਈ ਹੈ। ਇਹ ਵਕਤ ਵੀ ਸੀ ਜਦੋਂ ਸਾਰੇ ਵਿਭਾਗਾਂ ਵਿਚ ਖੇਡ ਸਮਰਥਕ ਅਧਿਕਾਰੀ ਹੁੰਦੇ ਸਨ ਪੰਜਾਬ ਪੁਲਸ ਦੇ ਖੇਡ ਸੱਭਿਆਚਾਰ ਨੂੰ ਪੰਜਾਬ ਪੁਲਸ ਦੇ ਮੁਖੀ ਸ੍ਰੀ ਅਸ਼ਵਨੀ ਕੁਮਾਰ ਉਸ ਤੋਂ ਬਾਅਦ ਮਹਿਲ ਸਿੰਘ ਭੁੱਲਰ ਰਾਜਦੀਪ ਸਿੰਘ ਗਿੱਲ ਤੇ ਹੋਰ ਵਿਭਾਗਾਂ ਦੇ ਖੇਡ ਸਮਰੱਥ ਅਧਿਕਾਰੀਆਂ ਨੇ ਆਪੋ ਆਪਣੇ ਮਹਿਕਮਿਆਂ ਨੂੰ ਖੇਡਾਂ ਦੇ ਉੱਚ ਮੁਕਾਮ ਤੇ ਪਹੁੰਚਾਇਆ ਸੀ। ਅੱਜ ਦੀ ਘੜੀ ਵੱਖ-ਵੱਖ ਮਹਿਕਮਿਆਂ 'ਚ ਆਈ. ਪੀ. ਐਸ. ਜਾਂ ਆਈ. ਏ. ਐਸ. ਜਾਂ ਹੋਰ ਅਧਿਕਾਰੀ ਉੱਚ ਅਹੁਦਿਆਂ ਤੇ ਬੈਠੇ ਹਨ। ਉਨ੍ਹਾਂ ਨੂੰ ਖੇਡਾਂ ਬਾਰੇ ਨਾ ਹੀ ਕੋਈ ਉੱਕਾ ਗਿਆਨ ਹੈ ਨਾ ਹੀ ਉਨ੍ਹਾਂ ਦੀ ਖੇਡਾਂ ਅਤੇ ਖਿਡਾਰੀਆਂ ਵਿੱਚ ਕੋਈ ਦਿਲਚਸਪੀ ਹੈ ਅਤੇ ਨਾ ਹੀ ਪੰਜਾਬ ਸਰਕਾਰ ਦੀ ਕੋਈ ਖੇਡਾਂ ਵੱਲ ਨਿਗ੍ਹਾ ਸਵੱਲੀ ਹੈ, ਜਿਸ ਵੱਡੇ ਰਾਜਨੀਤਕ ਆਗੂ ਨੂੰ ਕੋਈ ਸਜ਼ਾ ਦੇਣੀ ਹੋਵੇ ਉਸ ਨੂੰ ਖੇਡ ਮੰਤਰੀ ਬਣਾ ਦਿੱਤਾ ਜਾਂਦਾ । ਜਿਸ ਅਧਿਕਾਰੀ ਨੂੰ ਖੂੰਜੇ ਲਾਕੇ ਰੱਖਣਾ ਹੋਵੇ ਉਸ ਨੂੰ ਪੰਜਾਬ ਦਾ ਡਾਇਰੈਕਟਰ ਸਪੋਰਟਸ ਲਗਾ ਦਿੱਤਾ ਜਾਂਦਾ ਹੈ । ਉਹ ਉਨ੍ਹਾਂ ਅਹੁਦਿਆਂ ਉੱਤੇ ਬੈਠੇ ਸਿਰਫ਼ ਵਕਤ ਕਟੀ ਕਰਦੇ ਹਨ ।
ਜੇਕਰ ਪੰਜਾਬ ਨੂੰ ਖੇਡਾਂ ਦੇ ਖੇਤਰ 'ਚ ਬਚਾਉਣਾ ਹੈ ਖਿਡਾਰੀਆਂ ਨੂੰ ਕਿਸੇ ਮੁਕਾਮ ਤੇ ਪਹੁੰਚਾਉਣਾ ਹੈ ਤਾਂ ਫਿਰ ਜਾਂ ਤਾਂ ਭਾਰਤੀ ਕ੍ਰਿਕਟ ਬੋਰਡ ਵਾਂਗ ਪੰਜਾਬ ਦੀਆਂ ਖੇਡਾਂ ਦੀ ਮਾਰਕੀਟਿੰਗ ਹੋਵੇ ਖਿਡਾਰੀਆਂ ਲਈ ਪ੍ਰੋਫੈਸ਼ਲਿਜ਼ਮ ਲਿਆਂਦਾ ਜਾਵੇ ਤਾਂ ਹੀ ਵੱਡੇ ਪੱਧਰ ਤੇ ਖਿਡਾਰੀਆਂ ਲਈ ਸਪੋਸਰ ਅੱਗੇ ਆਉਣਗੇ ਅੱਜ ਇਕ ਰਣਜੀ ਟਰਾਫੀ ਖੇਡਣ ਵਾਲਾ ਕ੍ਰਿਕਟ ਖਿਡਾਰੀ ਲੱਖਾਂ ਕਮਾ ਰਿਹਾ ਹੈ। ਦੂਜੇ ਪਾਸੇ ਓਲੰਪਿਕ ਜਿੱਤਣ ਦੇ ਬਾਵਜੂਦ ਵੀ ਸਾਡੇ ਖਿਡਾਰੀ ਨੌਕਰੀਆਂ ਹਾਸਲ ਕਰਨ ਲਈ ਤਰਲੇ ਕੱਢ ਰਹੇ ਹਨ। ਸਰਕਾਰਾਂ ਨੇ ਕਦੇ ਵੀ ਖੇਡਾਂ ਅਤੇ ਖਿਡਾਰੀਆਂ ਪ੍ਰਤੀ ਗੰਭੀਰ ਨਹੀਂ ਹੋਣਾ ਕਿਉਂਕਿ ਪੂਰੇ ਦੇਸ਼ ਦੀ ਹੀ ਰਾਜਨੀਤੀ 'ਤੇ ਲੋਟੂ ਮਾਫੀਏ ਕਾਬਜ਼ ਹੋ ਗਏ ਹਨ ਪਰ ਜੇ ਪੰਜਾਬ ਸਰਕਾਰ ਨੂੰ ਖਿਡਾਰੀਆਂ ਪ੍ਰਤੀ ਥੋੜ੍ਹੀ ਬਹੁਤੀ ਵੀ ਹਮਦਰਦੀ ਹੈ ਤਾਂ ਉਹ ਟੋਕੀਓ ਓਲੰਪਿਕ ਖੇਡਾਂ 2021 ਵਿੱਚ ਪੰਜਾਬ ਦੇ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਘੱਟੋ ਘੱਟ ਡੀ. ਐੱਸ. ਪੀ. ਰੈਂਕ ਦੀ ਨੌਕਰੀ ਦੇਣ ਦਾ ਐਲਾਨ ਕਰੇ ਅਤੇ ਉਨ੍ਹਾਂ ਲਈ ਸਨਮਾਨਯੋਗ ਇਨਾਮੀ ਰਾਸ਼ੀ ਐਲਾਨੇ ਤਗ਼ਮਾ ਜਿੱਤਣ ਤੇ ਵਿਸੇਸ਼ ਸਨਮਾਨ ਹੋਵੇ । ਫਿਰ ਤਾਂ ਮੰਨਾਂਗੇ ਕਿ ਪੰਜਾਬ ਸਰਕਾਰ ਖੇਡਾਂ ਪ੍ਰਤੀ ਸੁਹਿਰਦ ਹੈ ਨਹੀਂ ਤਾਂ ਐਵੇਂ ਝੂਠੀ ਬਿਆਨਬਾਜ਼ੀ ਕਰਕੇ ਲਾਹਾ ਖੱਟਣ ਦਾ ਕੋਈ ਫ਼ਾਇਦਾ ਨਹੀਂ ,ਪੰਜਾਬ ਪਹਿਲਾਂ ਹੀ ਸਾਰੇ ਖੇਤਰਾਂ ਵਿੱਚ ਬੁਰੀ ਤਰ੍ਹਾਂ ਉਜੜ ਰਿਹਾ ਹੈਹੁਣ ਇਸ ਨੇ ਖੇਡਾਂ ਵਿੱਚ ਵੀ ਉੱਜੜ ਜਾਣਾ ਹੈ। ਜੇ ਹਾਲਾਤ ਇਹੀ ਰਹੇ ਅਗਲੀਆਂ ਓਲੰਪਿਕ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਦੀ ਗਿਣਤੀ ਦੋ ਚਾਰ ਹੀ ਹੋਵੇਗੀ ਪੰਜਾਬ ਦੇ ਖਿਡਾਰੀਆਂ ਅਤੇ ਖੇਡਾਂ ਦਾ ਰੱਬ ਰਾਖਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।