ਵਿਦਿਆਰਥੀਆਂ ਨੇ ਡੀ. ਸੀ. ਦਫ਼ਤਰ ਸਾਹਮਣੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ
Thursday, Mar 29, 2018 - 12:50 PM (IST)

ਬਠਿੰਡਾ (ਸੁਖਵਿੰਦਰ)-ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲਾ ਇਕਾਈ ਆਗੂ ਸੁਨੀਤਾ ਰਾਣੀ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਸਾਹਮਣੇ ਧਰਨਾ ਦੇ ਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵਿਦਿਆਰਥੀ ਆਗੂਆਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਡੀ. ਸੀ. ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸਰਕਾਰੀ ਰਾਜਿੰਦਰਾ ਕਾਲਜ, ਸਰਕਾਰੀ ਆਈ. ਟੀ. ਆਈ., ਰਿਜਨਲ ਸੈਂਟਰ ਅਤੇ ਪਿੰਡਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਕੀਤੀ। ਜਾਣਕਾਰੀ ਦਿੰਦਿਆਂ ਵਿਦਿਆਰਥੀ ਆਗੂ ਸੰਗੀਤਾ ਰਾਣੀ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਵੱਲੋਂ ਪੰਜਾਬ ਦੀ ਜਵਾਨੀ ਨੂੰ ਗੁੰਮਰਾਹ ਕਰ ਕੇ ਵਰਤਿਆ ਜਾ ਰਿਹਾ ਹੈ। ਸ਼ਹੀਦਾਂ ਨੂੰ ਦਿਲਾਂ 'ਚਂੋ ਵਿਸਾਰਿਆ ਜਾ ਰਿਹਾ ਹੈ। ਸਰਕਾਰ ਵੱਲੋਂ ਹੌਲੀ-ਹੌਲੀ ਸ਼ਹੀਦਾਂ ਦੀਆਂ ਥਾਵਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਰੋਸ ਜਤਾਇਆ ਕਿ ਚੋਣਾਂ ਦੌਰਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੀ ਗਏ ਸਨ ਪਰ ਸਰਕਾਰ ਬਣਦਿਆਂ ਹੀ ਉਹ ਕਾਗਜ਼ਾਂ ਤੱਕ ਸੀਮਤ ਰਹਿ ਗਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫਿਰੋਜ਼ਪੁਰ ਸਥਿਤ ਤੂੜੀ ਬਾਜ਼ਾਰ ਵਿਚਾਲੇ ਗੁਪਤ ਟਿਕਾਣੇ ਨੂੰ ਯਾਦਗਾਰ ਅਤੇ ਲਾਇਬ੍ਰੇਰੀ 'ਚ ਬਦਲਿਆ ਜਾਵੇ, ਲੜਕੀਆਂ ਦੀ ਪੂਰੀ ਪੜ੍ਹਾਈ ਮੁਫ਼ਤ ਕੀਤੀ ਜਾਵੇ, ਛੋਟੀ ਕਿਸਾਨੀ ਅਤੇ ਸਾਲਾਨਾ ਢਾਈ ਲੱਖ ਤੋਂ ਘੱਟ ਆਮਦਨ ਵਾਲੇ ਸਾਰੇ ਵਰਗਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਮੁਫ਼ਤ ਕੀਤੀ ਜਾਵੇ, ਮਾਂ ਬੋਲੀ ਪੰਜਾਬੀ ਨੂੰ ਰੋਜ਼ਗਾਰ, ਵਪਾਰ ਅਤੇ ਸਰਕਾਰੀ ਕੰਮਾਂ ਦੀ ਭਾਸ਼ਾ ਬਣਾਈ ਜਾਵੇ ਅਤੇ ਅੰਗਰੇਜ਼ੀ ਵਿਸ਼ੇ ਨੂੰ ਲਾਜ਼ਮੀ ਦੀ ਬਜਾਏ ਚੋਣਵੇਂ ਵਿਸ਼ੇ ਦੇ ਤੌਰ 'ਤੇ ਪੜ੍ਹਾਇਆ ਜਾਵੇ। ਇਸ ਤੋਂ ਇਲਾਵਾ ਦਲਿਤ ਵਿਦਿਆਰਥੀਆਂ ਦੀ ਫੀਸ ਮੁਆਫ਼ੀ ਲਈ ਸਾਲਾਨਾ ਢਾਈ ਲੱਖ ਆਮਦਨ ਵਾਲੀ ਸ਼ਰਤ ਨੂੰ ਹਟਾਇਆ ਜਾਵੇ। ਇਸ ਮੌਕੇ ਯੂਨੀਅਨ ਆਗੂ ਚਰਨਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਅਤੇ ਸ਼ਹੀਦ ਭਗਤ ਸਿੰਘ ਸਟੂਡੈਂਟਸ ਯੂਨੀਅਨ ਦੇ ਆਗੂ ਵੀ ਹਾਜ਼ਰ ਸਨ।