ਪੰਜਾਬ ਦੇ ਖੇਡ ਸਟੇਡੀਅਮਾਂ 'ਚ ਆਉਣਗੀਆਂ ਬਾਰਾਤਾਂ, ਵੱਜਣਗੇ ਬੈਂਡ-ਵਾਜੇ!

Friday, Oct 05, 2018 - 01:33 PM (IST)

ਪੰਜਾਬ ਦੇ ਖੇਡ ਸਟੇਡੀਅਮਾਂ 'ਚ ਆਉਣਗੀਆਂ ਬਾਰਾਤਾਂ, ਵੱਜਣਗੇ ਬੈਂਡ-ਵਾਜੇ!

ਚੰਡੀਗੜ੍ਹ : ਪੰਜਾਬ ਦੇ ਖੇਡ ਸਟੇਡੀਅਮਾਂ 'ਚ ਜਲਦੀ ਹੀ ਬਾਰਾਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਬੈਂਡ-ਵਾਜੇ ਵੀ ਵੱਜਣਗੇ। ਜੀ ਹਾਂ, ਹੈਰਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਨਵੀਂ ਖੇਡ ਨੀਤੀ ਤਹਿਤ ਪੰਜਾਬ ਸਰਕਾਰ ਨੇ ਅਜਿਹੀਆਂ ਥਾਵਾਂ 'ਤੇ ਨਿਜੀ ਸਮਾਰੋਹ ਕਰਨ ਨੂੰ ਇਜਾਜ਼ਤ ਦੇ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਅਜਿਹੇ ਸਮਾਰੋਹਾਂ ਤੋਂ ਇਕੱਠੇ ਹੋਏ ਪੈਸੇ ਨੂੰ ਸਟੇਡੀਅਮਾਂ ਦੀ ਸਾਂਭ-ਸੰਭਾਲ ਲਈ ਵਰਤਿਆ ਜਾਵੇਗਾ ਪਰ ਸਰਕਾਰ ਦਾ ਇਹ ਫੈਸਲਾ ਸੂਬੇ ਦੇ ਪੇਸ਼ੇਵਰ ਖਿਡਾਰੀਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ ਹੈ।

ਇਨ੍ਹਾਂ ਖਿਡਾਰੀਆਂ ਦਾ ਕਹਿਣਾ ਹੈ ਸਟੇਡੀਅਮਾਂ ਨੂੰ ਮੈਰਿਜ ਪੈਲਸਾਂ ਦੇ ਤੌਰ 'ਤੇ ਨਹੀਂ ਵਰਤਿਆ ਜਾ ਸਕਦਾ। ਖੇਡ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਕੋਲ 20 ਤੋਂ 22 ਸਟੇਡੀਅਮ ਹਨ, ਜਿਨ੍ਹਾਂ ਦੀ ਦੇਖਭਾਲ ਚਿੰਤਾ ਦਾ ਵਿਸ਼ਾ ਹੈ। ਇਸ ਬਾਰੇ ਹਾਲ ਹੀ 'ਚ ਜਕਾਰਤਾ 'ਚ ਹੋਈਆਂ ਏਸ਼ੀਅਨ ਖੇਡਾਂ 'ਚ ਤੀਹਰੀ ਛਾਲ 'ਚ ਸੋਨ ਤਗਮਾ ਜਿੱਤਣ ਵਾਲੇ ਖਿਡਾਰੀ ਅਰਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਫੈਸਲੇ ਨੂੰ ਬਿਲਕੁਲ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਿਸੇ ਵੀ ਸਮਾਰੋਹ ਦੌਰਾਨ ਸਟੇਡੀਅਮ 'ਚ ਹੋਣ ਵਾਲੀ ਪ੍ਰੈਕਟਿਸ ਨੂੰ ਰੋਕਣਾ ਪਵੇਗਾ।

ਇਸੇ ਤਰ੍ਹਾਂ ਸਾਲ 1975 'ਚ ਹਾਕੀ ਵਰਲਡ ਕੱਪ ਜਿੱਤਣ ਵਾਲੇ ਖਿਡਾਰੀ ਅਜੀਤ ਪਾਲ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਵਧੀਆ ਸੋਚ ਹੈ ਪਰ ਸਟੇਡੀਅਮਾਂ ਨੂੰ ਮੈਰਿਜ ਪੈਲਸ ਬਣਾਉਣਾ  ਸਹੀ ਨਹੀਂ ਹੈ। ਇਸ 'ਤੇ ਖੇਡ ਮੰਤਰੀ ਨੇ ਕਿਹਾ ਕਿ ਦੂਜੇ ਸੂਬਿਆਂ 'ਚ ਵੀ ਅਜਿਹੀ ਹੀ ਰਣਨੀਤੀ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੁੰਬਈ ਦੇ ਨੈਸ਼ਨਲ ਸਪੋਰਟਸ ਕਲੱਬ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਤਾਂ ਹਰ ਰੋਜ਼ ਸ਼ਾਮ ਨੂੰ ਕੋਈ ਨਾ ਕੋਈ ਸਮਾਰੋਹ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਸ ਸਟੇਡੀਅਮ 'ਚ ਖਾਸ ਚਾਦਰਾਂ ਹਨ, ਜਿਹੜੀਆਂ ਕਿ ਹਾਈ ਹੀਲ ਅਤੇ ਸਿਗਰਟ ਤੋਂ ਐਸਟ੍ਰੋ ਟਰਫ ਨੂੰ ਬਚਾ ਕੇ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਹੀ ਸਹੂਲਤਾਵਾਂ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ 100 ਕਰੋੜ ਰੁਪਿਆ ਖਰਚ ਕੇ ਸਥਾਪਤ ਕੀਤੀਆਂ ਗਈਆਂ ਹਨ ਪਰ ਉੱਥੇ ਬਿਜਲੀ ਕੁਨੈਕਸ਼ਨ ਨਹੀਂ ਹੈ। 


Related News