ਅਧਿਆਪਕਾਂ ਨੇ ਪ੍ਰਾਇਮਰੀ ਸਕੂਲਾਂ ਦੇ 12 ਲੱਖ ਤੋਂ ਵੱਧ ਬੱਚਿਆਂ ਦੇ ਮਾਪਿਆਂ ਨਾਲ ਕੀਤਾ ਸੰਪਰਕ : ਕ੍ਰਿਸ਼ਨ ਕੁਮਾਰ

Tuesday, Jun 01, 2021 - 03:36 PM (IST)

ਚੰਡੀਗੜ੍ਹ : ਪੰਜਾਬ ਦੇ ਸਕੂਲ ਅਧਿਆਪਕਾਂ ਵੱਲੋਂ ‘ਰਾਬਤਾ ਮੁਹਿੰਮ’ ਸਫਲਤਾ ਪੂਰਨ ਢੰਗ ਨਾਲ ਸਿਰੇ ਚਾੜ੍ਹਨ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਰ ਨੇ ਖੁਸ਼ੀ ਦੀ ਪ੍ਰਗਟਾਵਾ ਕਰਦੇ ਹੋਏ ਪੜ੍ਹਾਈ ਦੇ ਉੱਚ ਮਿਆਰ ਸਥਾਪਿਤ ਕਰਨ ਲਈ ਅਧਿਆਪਕਾਂ ਨੂੰ ਹੋਰ ਵੀ ਵਧੇਰੇ ਦ੍ਰਿੜ੍ਹ ਇਰਾਦੇ ਨਾਲ ਵਿਦਿਆਰਥੀਆਂ ਦੀ ਸਿੱਖਿਆ ਲਈ ਸਰਗਰਮੀਆਂ ਚਲਾਉਣ ਲਈ ਨਿਰਦੇਸ਼ ਦਿੱਤੇ ਹਨ। ਇੱਕ ਹਫ਼ਤਾ ਚੱਲੀ ਇਸ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ 24 ਤੋਂ 31 ਮਈ ਤੱਕ ਮਾਪੇ-ਅਧਿਆਪਕ ਰਾਬਤਾ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ 12,71,727  ਮਾਪਿਆਂ ਨਾਲ਼ ਫ਼ੋਨ ਰਾਹੀਂ ਰਾਬਤਾ ਬਣਾਉਣ ਦਾ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਗਿਆ ਹੈ।

ਸਿੱਖਿਆ ਸਕੱਤਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਬੱਚਿਆਂ ਦੀ ਪੜ੍ਹਾਈ, ਸਿਹਤ ਸੰਭਾਲ, ਦਾਖ਼ਲਾ ਮੁਹਿੰਮ ਦੇ ਪ੍ਰਚਾਰ, ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਨਾਲ ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਬਾਰੇ ਮਾਪਿਆਂ ਨਾਲ ਵਿਚਾਰ-ਚਰਚਾ ਕਰਨਾ ਸੀ। ਇਸ ਦੌਰਾਨ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਪ੍ਰਿੰਸੀਪਲ ਡਾਇਟ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ ਦੇ ਜ਼ਿਲ੍ਹਾ ਬਲਾਕ ਅਤੇ ਕਲੱਸਟਰ ਟੀਮ ਮੈਂਬਰਾਂ, ਅਧਿਆਪਕਾਂ ਅਤੇ ਹੋਰ ਸਹਾਇਕ ਸਟਾਫ਼ ਨੇ ਫ਼ੋਨ ਕਾਲ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਇਕੱਲੇ-ਇਕੱਲੇ ਬੱਚੇ ਦੇ ਮਾਪਿਆਂ ਨਾਲ ਗੱਲਬਾਤ ਕਰਕੇ ਆਨਲਾਈਨ ਪੜ੍ਹਾਈ ਬਾਰੇ ਜਾਣਕਾਰੀ ਦਿੱਤੀ ਅਤੇ ਸਿੱਖਿਆ ਵਿਭਾਗ ਵੱਲੋਂ ‘ਘਰ ਬੈਠੇ ਸਿੱਖਿਆ’ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ। ਅਧਿਆਪਕਾਂ ਨੇ ਟੀ. ਵੀ. ਕਲਾਸਾਂ ਦੀ ਸਮਾਂ ਸਾਰਣੀ, ਸਰਕਾਰੀ ਸਕੂਲਾਂ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ, ਨੈਤਿਕ ਸਿੱਖਿਆ ਅਤੇ ‘ਸਵਾਗਤ ਜ਼ਿੰਦਗੀ’ ਬਾਰੇ ਕਿਤਾਬ ਦੀ ਮਾਪਿਆਂ ਨੂੰ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ। ਅਧਿਆਪਕਾਂ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖ਼ਲਾ ਕਰਵਾਉਣ ਲਈ ਪ੍ਰਚਾਰ ਕਰਨ ਹਿੱਤ ਮਾਪਿਆਂ ਨੂੰ ਪ੍ਰੇਰਿਤ ਵੀ ਕੀਤਾ।
 


Babita

Content Editor

Related News