ਪੰਜਾਬ ਬੋਰਡ ਵਲੋਂ ਸਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਖਤ ਪ੍ਰਬੰਧ

Saturday, Feb 29, 2020 - 03:18 PM (IST)

ਪੰਜਾਬ ਬੋਰਡ ਵਲੋਂ ਸਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਖਤ ਪ੍ਰਬੰਧ

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 3 ਮਾਰਚ, 2020 ਤੋਂ ਆਰੰਭ ਹੋ ਰਹੀਆਂ ਅੱਠਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅੱਠਵੀਂ ਸ਼੍ਰੇਣੀ ਦੀ ਬੋਰਡ ਪ੍ਰੀਖਿਆ ਇਸ ਸਾਲ ਲਗਭਗ ਇੱਕ ਦਹਾਕੇ ਦੇ ਵਕਫ਼ੇ ਮਗਰੋਂ ਆਰੰਭ ਹੋਈ ਹੈ ਜਦੋਂ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਾਰੀਆਂ ਹੀ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾ ਕੇ, ਮਿਸਾਲੀ ਨਤੀਜਿਆਂ ਤੱਕ ਪੁੱਜਣ ਦਾ ਤਹੱਈਆ ਕੀਤਾ ਹੈ।

ਇਸ ਕਾਰਜ 'ਚ ਸਕੱਤਰ, ਸਕੂਲ ਸਿੱਖਿਆ-ਕਮ-ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਅਤੇ ਡਾਇਰੈਕਟਰ ਜਨਰਲ, ਸਕੂਲ ਸਿੱਖਿਆ-ਕਮ-ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਮੁਹੰਮਦ ਤਇਅਬ ਆਈ. ਏ. ਐੱਸ. ਵੱਲੋਂ ਬੋਰਡ ਦੀਆਂ ਸਬੰਧਤ ਸ਼ਾਖਾਵਾਂ ਨੂੰ ਲਗਾਤਾਰ ਤਾਲਮੇਲ ਬਣਾ ਕੇ ਰੱਖਣ ਤੋਂ ਇਲਾਵਾ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ, ਜੋ 24 ਘੰਟੇ ਕੰਮ ਕਰ ਰਹੇ ਹਨ।

ਅਕਾਦਮਿਕ ਸਾਲ 2019-20 ਦੀ ਸਾਲਾਨਾ ਪ੍ਰੀਖਿਆ 'ਚ ਮਿਡਲ ਸ਼੍ਰੇਣੀ ਲਈ ਤਿੰਨ ਲੱਖ ਅਠਾਰਾਂ ਹਜ਼ਾਰ ਤੋਂ ਵੱਧ ਵਿਦਿਆਰਥੀ ਪ੍ਰੀਖਿਆ ਵਿੱਚ ਬੈਠਣਗੇ, ਜਿਨ੍ਹਾਂ ਲਈ ਇਸ ਵੇਲੇ ਤੱਕ 2330 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ, ਜਦੋਂ ਕਿ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਲਈ 3 ਲੱਖ ਤੋਂ ਵੱਧ ਵਿਦਿਆਰਥੀ 2700 ਤੋਂ ਵੱਧ ਪ੍ਰੀਖਿਆ ਕੇਂਦਰਾਂ ਵਿੱਚ ਆਪਣੀ ਕਾਰਗੁਜ਼ਾਰੀ ਦਿਖਾਉਣਗੇ। ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਦਾ ਸਮਾਂ ਸਵੇਰੇ ਨੌ ਵਜੇ ਤੋਂ ਅਤੇ ਸੀਨੀਅਰ ਸੈਕੰਡਰੀ ਪ੍ਰੀਖਿਆਵਾਂ ਦਾ ਸਮਾਂ ਬਾਅਦ ਦੁਪਹਿਰ ਦੋ ਵਜੇ ਤੋਂ ਆਰੰਭ ਹੋਵੇਗਾ।
ਬੋਰਡ ਦੇ ਸੂਤਰਾਂ ਅਨੁਸਾਰ ਪ੍ਰੀਖਿਆਵਾਂ ਨੂੰ ਨਕਲ ਰਹਿਤ ਬਣਾਉਣ ਲਈ ਮਿਸਾਲੀ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਅਧੀਨ ਹਰ ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਜ਼ਿਲ੍ਹਾ ਭਰ ਵਿੱਚ ਪ੍ਰੀਖਿਆਵਾਂ ਲਈ ਓਵਰ ਆਲ ਇੰਚਾਰਜ ਬਣਾਇਆ ਗਿਆ ਹੈ। ਇਸ ਅਧਿਕਾਰੀ ਪ੍ਰਸ਼ਨ ਪੱਤਰਾਂ ਦੀ ਸੁਰੱਖਿਆ, ਪ੍ਰੀਖਿਆ ਕੇਂਦਰਾਂ ਦੀ ਸਹੁਲਤਾਂ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ ਅਤੇ ਹੈੱਡ ਕੁਆਰਟਰ ਦੀਆਂ ਹਦਾਇਤਾਂ ਦੇ ਅਨੁਸਾਰ ਉੱਡਣ ਦਸਤਿਆਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ।

ਹਰ ਜ਼ਿਲ੍ਹੇ ਦਾ ਪ੍ਰਸ਼ਾਸਨਿਕ ਅਤੇ ਪੁਲਿਸ ਪ੍ਰਬੰਧ ਵੀ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੁਰੀ ਤਰ੍ਹਾਂ ਮੁਸਤੈਦ ਕਰ ਦਿੱਤਾ ਗਿਆ ਹੈ ਅਤੇ ਪ੍ਰੀਖਿਆ ਕੇਂਦਰਾਂ ਦੇ ਖੇਤਰ ਵਿੱਚ ਪ੍ਰੀਖਿਆ ਦੇ ਸਮੇਂ ਤੋਂ 48 ਘੰਟੇ ਪਹਿਲਾਂ ਦਫ਼ਾ 144 ਆਇਦ ਕੀਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪ੍ਰਸ਼ਾਸਨਿਕ ਅਤੇ ਪੁਲਿਸ ਪ੍ਰਬੰਧਾਂ ਲਈ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਮੁਖੀਆਂ ਨੇ ਵੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਲੋੜ ਅਨੁਸਾਰ ਅਤੇ ਮੁਸਤੈਦੀ ਲਈ ਤਿਆਰੀਆਂ ਵਿੱਢ ਲਈਆਂ ਹਨ। ਪ੍ਰੀਖਿਆ ਦੇ ਪਬੰਧ ਅਤੇ ਨਕਲ ਰੋਕਣ ਆਦਿ ਕਾਰਜਾਂ ਲਈ ਪ੍ਰੀਖਿਆ ਕੇਂਦਰਾਂ ਅਤੇ ਹੈੱਡ ਕੁਆਰਟਰਾਂ ਦਾ ਵੱਖਰਾ ਖ਼ੁਫਿਆ ਸੰਪਰਕ ਵੀ ਲਾਗੂ ਕਰ ਦਿੱਤਾ ਗਿਆ ਹੈ ਅਤੇ ਪ੍ਰੀਖਿਆ ਕੇਂਦਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਲੋੜ ਅਨੁਸਾਰ ਸਥਾਪਤ ਕਰ ਲਏ ਗਏ ਹਨ।ਸਾਰੇ ਹੀ ਪ੍ਰਬੰਧਾਂ ਦੀ ਸੰਜੀਦਗੀ ਕਾਇਮ ਰੱਖਣ ਲਈ ਸ਼ੋਸ਼ਲ ਮੀਡੀਆ ਦੀ ਵਰਤੋਂ 'ਤੇ ਰੋਕ ਲਾ ਦਿੱਤੀ ਗਈ ਹੈ।


author

Babita

Content Editor

Related News