ਪੰਜਾਬ ਰੋਡਵੇਜ਼ ਦਿੱਲੀ ਏਅਰਪੋਰਟ ਜਾਣ ਲਈ ਸ਼ੁਰੂ ਕਰੇਗਾ ਇਕ ਹੋਰ ਵਾਲਵੋ ਬੱਸ
Wednesday, Aug 29, 2018 - 04:02 PM (IST)

ਜਲੰਧਰ— ਪੰਜਾਬ ਰੋਡਵੇਜ਼ ਵੱਲੋਂ ਦਿੱਲੀ ਏਅਰਪੋਰਟ ਜਾਣ ਲਈ ਇਕ ਹੋਰ ਵਾਲਵੋ ਬੱਸ ਸ਼ੁਰੂ ਹੋਣ ਜਾ ਰਹੀ ਹੈ। ਦੱਸਣਯੋਗ ਹੈ ਕਿ ਜਲੰਧਰ ਬੱਸ ਸਟੈਂਡ ਤੋਂ ਦਿੱਲੀ ਏਅਰਪੋਰਟ ਜਾਣ ਲਈ 1040 ਰੁਪਏ ਅਤੇ ਦਿੱਲੀ ਬੱਸ ਸਟੈਂਡ ਲਈ 888 ਰੁਪਏ ਟਿਕਟ ਹੋਵੇਗੀ, ਜੋਕਿ ਪ੍ਰਾਈਵੇਟ ਬੱਸਾਂ ਤੋਂ ਵੀ ਅੱਧੀ ਟਿਕਟ ਹੋਵੇਗੀ। ਇਸ ਦੇ ਲਈ ਟਿਕਟਾਂ travelyaari.com ਅਤੇ punbusonline.com 'ਤੇ ਜਾ ਕੇ ਆਨਲਾਈਨ ਬੁੱਕ ਕੀਤੀਆਂ ਜਾ ਸਕਣਗੀਆਂ। ਬੱਸ ਜਲੰਧਰ ਪਹੁੰਚ ਚੁੱਕੀ ਹੈ ਅਤੇ ਇਕ-ਦੋ ਦਿਨ 'ਚ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਤੋਂ ਅਪਰੂਵਲ ਲੈ ਕੇ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਰੋਡਵੇਜ਼ ਦੀਆਂ 5 ਬੱਸਾਂ ਜਲੰਧਰ ਬੱਸ ਸਟੈਂਡ ਤੋਂ ਦਿੱਲੀ ਏਅਰਪੋਰਟ ਲਈ ਚਲਾਈਆਂ ਜਾ ਰਹੀਆਂ ਹਨ ਪਰ ਦੋ ਬੱਸਾਂ ਖਰਾਬ ਹੋਣ ਕਰਕੇ ਇਸ ਨਵੀਂ ਬੱਸ ਨੂੰ ਉਹੀ ਬੱਸਾਂ ਦੇ ਟਾਈਮ ਦੇ ਨਾਲ ਐਡਜਸਟ ਕੀਤਾ ਜਾਵੇਗਾ। ਬੀ. ਐੱਸ-4 ਇੰਜਨ ਵਾਲੀ ਬੱਸ ਹੋਰ ਬੱਸਾਂ ਦੇ ਮੁਕਾਬਲੇ ਪ੍ਰਦੂਸ਼ਣ ਵੀ ਘੱਟ ਕਰੇਗੀ। ਦਰਅਸਲ ਦਿੱਲੀ ਏਅਰਪੋਰਟ ਲਈ ਪ੍ਰਾਈਵੇਟ ਬੱਸਾਂ ਚਲਦੀਆਂ ਹਨ, ਜੋ 2500 ਤੋਂ ਲੈ ਕੇ 3 ਹਜ਼ਾਰ ਰੁਪਏ ਤੱਕ ਸਵਾਰੀ ਦਾ ਕਿਰਾਇਆ ਲੈਂਦੀਆਂ ਹਨ।
ਜਲੰਧਰ ਤੋਂ ਪਹਿਲੀ ਬੱਸ 10.15 ਵਜੇ ਹੋਵੇਗੀ ਰਵਾਨਾ
ਮੌਜੂਦਾ ਸਮੇਂ 'ਚ ਜਲੰਧਰ ਤੋਂ ਰੋਜ਼ਾਨਾ ਸਵੇਰੇ ਬੱਸਾਂ 10.15 ਵਜੇ ਅਤੇ 11.15 ਵਜੇ, ਦੁਪਹਿਰ 3.30, ਰਾਤ 8.30 ਅਤੇ ਰਾਤ 11 ਵਜੇ ਏਅਰਪੋਰਟ ਜਾਂਦੀਆਂ ਹਨ। ਇਸੇ ਤਰ੍ਹਾਂ ਦਿੱਲੀ ਏਅਰਪੋਰਟ ਤੋਂ ਸਵੇਰੇ 4 ਵਜੇ, 6.20 ਵਜੇ, 8 ਵਜੇ ਅਤੇ ਰਾਤ 9.40 ਅਤੇ 10.40 'ਤੇ ਬੱਸ ਜਲੰਧਰ ਲਈ ਚਲਦੀ ਹੈ।
ਐੱਨ. ਆਰ. ਆਈ. ਬੋਲੇ ਆਸਾਨ ਹੋਵੇਗਾ ਏਅਰਪੋਰਟ ਜਾਣਾ
ਕੈਨੇਡਾ ਤੋਂ ਜਲੰਧਰ ਆਏ ਐੱਨ. ਆਰ. ਆਈ. ਰਾਜ ਸਿੱਧਵਾਂ ਅਤੇ ਰਾਜੇਸ਼ਵਰ ਬਰਾੜ ਨੇ ਕਿਹਾ ਕਿ ਅਗਲੇ ਮਹੀਨੇ ਉਨ੍ਹਾਂ ਨੂੰ ਵਾਪਸ ਕੈਨੇਡਾ ਜਾਣਾ ਹੈ। ਜੇਕਰ ਬੱਸ ਸ਼ੁਰੂ ਹੋ ਗਈ ਤਾਂ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਏਅਰਪੋਰਟ ਤੱਕ ਇਸੇ ਬੱਸ 'ਚ ਸਫਰ ਕੀਤਾ ਜਾਵੇ।